ਗੁਹਾਟੀ– ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਉਸ ਦੀ ਕ੍ਰਿਕਟ ਟੀਮ ਨੂੰ ਦਬਾਅ ਵਿੱਚ ਮੈਚ ਜਿਤਾਉਣ ਵਾਲੇ ਨਿੱਡਰ ਬੱਲੇਬਾਜ਼ਾਂ ਦੀ ਲੋੜ ਹੈ। ਭਾਰਤੀ ਟੀਮ ਸ੍ਰੀਲੰਕਾ ਖ਼ਿਲਾਫ਼ ਪਹਿਲਾ ਟੀ-20 ਕੌਮਾਂਤਰੀ ਮੈਚ ਐਤਵਾਰ ਨੂੰ ਇੱਥੇ ਬਾਰਸਾਪਾੜਾ ਸਟੇਡੀਅਮ ਵਿੱਚ ਖੇਡੇਗੀ। ਭਾਰਤ ਦਾ ਧਿਆਨ ਇਸ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਤੇ ਕੇਂਦਰਿਤ ਹੈ। ਸ੍ਰੀਲੰਕਾ ਖ਼ਿਲਾਫ਼ ਮੈਚ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਪ੍ਰਦਰਸ਼ਨ ’ਤੇ ਹੋਣਗੀਆਂ। ਸ਼ਿਖਰ ਧਵਨ ਲਈ ਵੀ ਇਹ ਲੜੀ ਅਹਿਮ ਹੈ, ਜੋ ਗੋਡੇ ਦੀ ਸੱਟ ਠੀਕ ਹੋਣ ਮਗਰੋਂ ਟੀਮ ਵਿੱਚ ਵਾਪਸੀ ਕਰ ਰਿਹਾ ਹੈ।
ਮੈਚ ਤੋਂ ਇੱਕ ਦਿਨ ਪਹਿਲਾਂ ਭਾਰਤੀ ਕਪਤਾਨ ਕੋਹਲੀ ਨੇ ਕਿਹਾ ਕਿ ਸੀਨੀਅਰ ਕ੍ਰਮ ਦੇ ਅਸਫਲ ਰਹਿਣ ’ਤੇ ਮੱਧਕ੍ਰਮ ਜਦੋਂ ਤੱਕ ਦਬਾਅ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰੇਗਾ, ਉਦੋਂ ਤੱਕ ਭਾਰਤ ਲਈ ਆਈਸੀਸੀ ਟੂਰਨਾਮੈਂਟ ਵਿੱਚ ਜਿੱਤ ਹਾਸਲ ਕਰਨਾ ਮੁਸ਼ਕਲ ਹੋਵੇਗਾ। ਭਾਰਤ ਨੇ ਪਿਛਲਾ ਆਈਸੀਸੀ ਟੂਰਨਾਮੈਂਟ ਸਾਲ 2013 ਵਿੱਚ (ਚੈਂਪੀਅਨਜ਼ ਟਰਾਫ਼ੀ) ਜਿੱਤਿਆ ਸੀ। ਟੀਮ ਨੂੰ ਕਈ ਵਾਰ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ, ਜਿਸ ਵਿੱਚ ਟੀਮ ਜਾਂ ਤਾਂ ਕਪਤਾਨ ਜਾਂ ਫਿਰ ਉਪ ਕਪਤਾਨ ਰੋਹਿਤ ਸ਼ਰਮਾ ’ਤੇ ਨਿਰਭਰ ਰਹਿੰਦੀ ਹੈ। ਇਸ ਸਾਲ ਸਾਰਿਆਂ ਦੀਆਂ ਨਜ਼ਰਾਂ ਟੀ-20 ਵਿਸ਼ਵ ਕੱਪ ’ਤੇ ਲੱਗੀਆਂ ਹਨ। ਕੋਹਲੀ ਦੀ ਨਵੇਂ ਸਾਲ ’ਚ ਇਹ ਪਹਿਲੀ ਪ੍ਰੈੱਸ ਕਾਨਫਰੰਸ ਸੀ। ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕਿਹਾ, ‘‘ਸਾਨੂੰ ਅਜਿਹੇ ਖਿਡਾਰੀ ਚਾਹੀਦੇ ਹਨ, ਜੋ ਛੇਵੇਂ ਜਾਂ ਸੱਤਵੇਂ ਨੰਬਰ ਤੱਕ ਤੁਹਾਨੂੰ ਮੈਚ ਜਿਤਾਉਣ ਲਈ ਤਿਆਰ ਰਹਿਣ। ਇਹ ਬੱਲੇਬਾਜ਼ੀ ਲਾਈਨ ਅੱਪ ਵਿੱਚ ਦੋ ਜਾਂ ਤਿੰਨ ਖਿਡਾਰੀਆਂ ’ਤੇ ਨਿਰਭਰ ਹੋਣਾ ਨਹੀਂ ਹੈ। ਤੁਸੀਂ ਇਸ ਤਰ੍ਹਾਂ ਆਈਸੀਸੀ ਟੂਰਨਾਮੈਂਟ ਨਹੀਂ ਜਿੱਤ ਸਕਦੇ।’’ ਉਸ ਨੇ ਕਿਹਾ, ‘‘ਇਸ ਲਈ ਸਾਡਾ ਮੁੱਖ ਧਿਆਨ ਖਿਡਾਰੀਆਂ ਨੂੰ ਅਜਿਹੇ ਹਾਲਾਤ ਦੀ ਜਾਣਕਾਰੀ ਦੇਣਾ ਹੈ। ਉਨ੍ਹਾਂ ਤੋਂ ਇਸ ਹਾਲਾਤ ਵਿੱਚ ਨਿੱਡਰ ਹੋ ਕੇ ਮੈਚ ਜੇਤੂ ਬਣਨ ਦੀ ਉਮੀਦ ਰੱਖਣਾ ਹੈ।’’
ਸ਼੍ਰੇਅਸ ਅਈਅਰ ਨੇ ਆਪਣੀ ਵਾਪਸੀ ਮਗਰੋਂ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਦਬਾਅ ਦੇ ਹਾਲਾਤ ਵਿੱਚ ਉਸ ਦੀ ਪਰਖ ਨਹੀਂ ਹੋਈ। ਰਿਸ਼ਭ ਪੰਤ ਦੀ ਹਾਲਾਂਕਿ ਲਗਾਤਾਰ ਚੰਗਾ ਪ੍ਰਦਰਸ਼ਨ ਨਾ ਕਰਨ ਕਾਰਨ ਆਲੋਚਨਾ ਹੁੰਦੀ ਰਹੀ ਹੈ। ਕੋਹਲੀ ਨੇ ਕਿਹਾ, ‘‘ਅਗਲੀਆਂ ਕੁੱਝ ਲੜੀਆਂ ਇਹ ਵੇਖਣ ਲਈ ਬਹੁਤ ਦਿਲਚਸਪ ਹੋਣਗੀਆਂ ਕਿ ਕੌਣ ਦਬਾਅ ਵਿੱਚ ਚੰਗਾ ਪ੍ਰਦਰਸ਼ਨ ਕਰਦਾ ਹੈ। ਅਤੇ ਜਦੋਂ ਸੀਨੀਅਰ ਕ੍ਰਮ ਵਿੱਚ ਮੈਂ ਜਾਂ ਰੋਹਿਤ ਜਾਂ ਫਿਰ ਲੋਕੇਸ਼ ਰਾਹੁਲ ਜਾਂ ਸ਼ਿਖਰ ਨਹੀਂ ਚੱਲਦੇ ਤਾਂ ਉਹ ਕਿਵੇਂ ਦੀ ਖੇਡ ਵਿਖਾਉਂਦੇ ਹਨ।’’ ਉਸ ਨੇ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਕਿਉਂਕਿ ਇਹ ਟੂਰਨਾਮੈਂਟ ਆਸਟਰੇਲੀਆ ਵਿੱਚ ਹੈ, ਤੁਹਾਨੂੰ ਕਈ ਬਦਲ ਅਤੇ ਬੈਕਅੱਪ ਤਿਆਰ ਰੱਖਣ ਦੀ ਲੋੜ ਹੋਵੇਗੀ। ਪਿੱਠ ਦੇ ਸਟ੍ਰੈੱਸ ਫਰੈਕਚਰ ਕਾਰਨ ਚਾਰ ਮਹੀਨੇ ਬਾਹਰ ਰਹੇ ਬੁਮਰਾਹ ਨੇ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ, ਜੋ ਵੁਸ ਲਈ ਕਾਫ਼ੀ ਅਹਿਮ ਹੈ। ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਵੇਖਦਿਆਂ ਉਸ ਨੂੰ ਚੌਕਸੀ ਨਾਲ ਖਿਡਾਇਆ ਜਾ ਸਕਦਾ ਹੈ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੇ ਦਖ਼ਲ ਮਗਰੋਂ ਉਸ ਨੂੰ ਘਰੇਲੂ ਸ਼੍ਰੇਣੀ ਦੇ ਮੈਚ ਤੋਂ ਵੀ ਛੋਟ ਦੇ ਦਿੱਤੀ ਸੀ। ਅਜਿਹਾ ਕੌਮਾਂਤਰੀ ਪੱਧਰ ’ਤੇ ਵਾਪਸੀ ਵਿੱਚ ਉਸ ਦੀ ਜ਼ਿੰਮਵੇਾਰੀ ਨੂੰ ਧਿਆਨ ’ਚ ਰੱਖਦਿਆਂ ਕੀਤਾ ਗਿਆ। ਸਾਲ 2019 ਵਿੱਚ ਜਿਸ ਤਰ੍ਹਾਂ ਇੱਕ ਰੋਜ਼ਾ ’ਤੇ ਧਿਆਨ ਕੇਂਦਰ ਸੀ, ਉਸੇ ਤਰ੍ਹਾਂ ਇਸ ਸਾਲ ਟੀ-20 ਕੌਮਾਂਤਰੀ ’ਤੇ ਧਿਆਨ ਦਿੱਤਾ ਜਾਵੇਗਾ। ਅਕਤੂਬਰ ਮਹੀਨੇ ਪਰਥ ਵਿੱਚ ਦੱਖਣੀ ਅਫਰੀਕਾ ਖਿਲਾਫ਼ ਟੀ-20 ਵਿਸ਼ਵ ਕੱਪ ਮੈਚ ਤੋਂ ਪਹਿਲਾਂ ਭਾਰਤੀ ਟੀਮ ਕਰੀਬ 15 ਟੀ-20 ਮੈਚ ਖੇਡੇਗੀ। ਆਈਪੀਐੱਲ ਖ਼ਤਮ ਹੋਣ ਤੱਕ ਟੀਮ ਵਿੱਚ ਥਾਂ ਬਣਾਉਣ ਵਾਲੇ ਖਿਡਾਰੀਆਂ ਦੀ ਥਾਂ ਸਪਸ਼ਟ ਹੋਣ ਦੀ ਸੰਭਾਵਨਾ ਨਹੀਂ ਹੈ। ਲੜੀ ਐਤਵਾਰ ਤੋਂ ਬਰਸਾਪਾੜਾ ਸਟੇਡੀਅਮ ਵਿੱਚ ਸ਼ੁਰੂ ਹੋਵੇਗੀ।
ਦੂਜੇ ਪਾਸੇ ਸ੍ਰੀਲੰਕਾ ਨੂੰ ਆਪਣੀ ਆਖ਼ਰੀ ਟੀ-20 ਕੌਮਾਂਤਰੀ ਲੜੀ ਵਿੱਚ ਆਸਟਰੇਲੀਆ ਵਿੱਚ 0-3 ਦੀ ਹਾਰ ਝੱਲਣੀ ਪਈ ਕਿਉਂਕਿ ਉਸ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਸੀ ਅਤੇ ਉਸ ਦੇ ਪ੍ਰਦਰਸ਼ਨ ’ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਟੀਮ ਕੁਸਲ ਪਰੇਰਾ ’ਤੇ ਜ਼ਿਆਦਾ ਨਿਰਭਰ ਹੈ, ਜਿਸ ਨੇ ਅਕਤੂਬਰ -ਨਵੰਬਰ ਵਿੱਚ ਆਸਟਰੇਲੀਆ ਵਿੱਚ ਤਿੰਨ ਮੈਚਾਂ ਦੌਰਾਨ 100 ਦੌੜਾਂ ਬਣਾਈਆਂ ਸਨ। ਸ੍ਰੀਲੰਕਾਈ ਟੀਮ ਨੂੰ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਦੀ ਵਾਪਸੀ ਤੋਂ ਵੀ ਕਾਫ਼ੀ ਉਮੀਦ ਹੋਵੇਗੀ। ਉਹ ਆਖ਼ਰੀ ਵਾਰ ਅਗਸਤ 2018 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਇੱਕ ਟੀ-20 ਮੈਚ ਖੇਡਿਆ ਸੀ। ਭਾਰਤ ਨੇ ਇੱਥੇ ਆਪਣਾ ਇਕਲੌਤਾ ਟੀ-20 ਮੈਚ ਆਸਟਰੇਲੀਆ ਖ਼ਿਲਾਫ਼ 10 ਅਕਤੂਬਰ 2017 ਨੂੰ ਖੇਡਿਆ ਸੀ, ਜਿਸ ਵਿੱਚ ਉਸ ਨੂੰ ਹਾਰ ਝੱਲਣੀ ਪਈ ਸੀ। ਮੈਚ ਮਗਰੋਂ ਹੋਟਲ ਪਰਤਦਿਆਂ ਟੀਮ ਦੀ ਬੱਸ ’ਤੇ ਪੱਥਰ ਸੁੱਟੇ ਗਏ ਸਨ। ਇਸ ਲਈ ਕੋਹਲੀ ਦੀ ਟੀਮ ਕੋਲ ਇੱਥੇ ਆਪਣਾ ਖ਼ਰਾਬ ਰਿਕਾਰਡ ਸੁਧਾਰ ਦਾ ਮੌਕਾ ਹੈ।