ਰੱਬ ਦਾ ਟਿਕਾਣਾ

(ਸਮਾਜ ਵੀਕਲੀ)

ਸਾਜ ਕੇ ਕੁੱਲ ਕਾਇਨਾਤ ਰੱਬ,
ਜਦ ਕੰਮ ਮੁਕਾ ਲਏ ਸਾਰੇ।
ਧਰਤ, ਆਕਾਸ਼, ਪਾਤਾਲ ਬਣਾ ‘ਤਾ,
ਸੂਰਜ, ਚੰਨ ਤੇ ਤਾਰੇ।

ਕੀਟ-ਪਤੰਗੇ, ਜੀਅ-ਜੰਤ,
ਨਰ-ਨਾਰੀ ਸਭ ਬਣਾਈ।
ਜੀਹਦੀ ਜਿੱਥੇ ਬਣਦੀ ਉਹਦੀ,
ਉੱਥੇ ਡਿਊਟੀ ਲਾਈ।

ਫਿਰ ਹੋ ਕੇ ਬਿਲਕੁਲ ਵਿਹਲੇ ਰੱਬ ਜੀ,
ਬਹਿ ਕੇ ਸੋਚਣ ਲੱਗੇ।
ਗਿਣਤੀ ਕਰੀ ਦੁਬਾਰਾ ਪਰ ਕੋਈ,
ਕੰਮ ਰਿਹਾ ਨਾ ਅੱਗੇ।

ਸਭ ਕੁਝ ਕਰਤਾ ਲੋਟ ਕਿ ਜੋ ਵੀ,
ਸਹੀ ਰਹਿਣਾ ਸੀ ਜਿੱਥੇ।
ਹੋ ਗਏ ਪਰ ਕਨਫਿਊਜ਼ ਜਿਹੇ
ਕਿ ਮੈਂ ਹੁਣ ਬੈਠਾਂ ਕਿੱਥੇ ?

ਰੱਖ ਹੰਗਾਮੀ ਮੀਟਿੰਗ ਫਿਰ,
ਸੱਦ ਲਏ ਦੇਵਤੇ ਸਾਰੇ।
ਕਹਿੰਦਾ “ਦੇਵੋ ਸਲਾਹ ਮੈਨੂੰ,
ਕੋਈ ਐਸੀ ਥਾਂ ਦੇ ਬਾਰੇ।

ਹੋਵੇ ਬਿਲਕੁਲ ਸ਼ਾਂਤ ਜਗ੍ਹਾ,
ਮੈਨੂੰ ਤੰਗ ਕਰੇ ਨਾ ਕੋਈ।
ਜਿੱਥੇ ਮੈਂ ਹੀ ਮੈਂ ਹੋਵਾਂ,
ਮੇਰਾ ਸੰਗ ਕਰੇ ਨਾ ਕੋਈ।”

ਇੱਕ ਦੇਵਤਾ ਕਹਿੰਦਾ,
“ਰੱਬ ਜੀ ਗੱਲ ਵੱਡੀ ਨਾ ਬਹੁਤੀ।
ਧਰਤ ਥੋਡੀ ਦੇ ਉੱਤੇ ਹੈ ਇੱਕ,
ਮਾਊਂਟ ਐਵਰੈਸਟ ਚੋਟੀ।

“ਉੱਥੇ ਜਾ ਕੇ ਬਹਿਜੋ ਤੇ ਫਿਰ,
ਕਰੋ ਆਰਾਮ ਜੀਅ ਭਰਕੇ।
ਕੋਣ ਆਊਗਾ ਉੱਥੇ,
ਆਪਣੀ ਜਾਨ ਤਲੀ ਤੇ ਧਰਕੇ ।”

ਦੂਜਾ ਕਹਿੰਦਾ “ਰੱਬ ਜੀ ਮੇਰੀ,
ਸੁਣ ਲਓ ਗੱਲ ਜਰੂਰੀ।
ਚੋਟੀ ਨਾਲੋਂ ਬਹੁਤੀ ਜਿਆਦਾ,
ਚੰਨ ਵਾਲ਼ੀ ਹੈ ਦੂਰੀ।”

ਕਿਸੇ ਦੇ ਨਾਲ ਕੁਨੈਕਸ਼ਨ ਨਾ,
ਇਹ ਲਟਕਿਆ ਅੱਧ-ਵਿਚਾਲ਼ੇ।
ਕੀਹਦੀ ਹੋਊ ਮੰਜ਼ਾਲ ਕਿ ਥੋਨੂੰ,
ਉੱਥੇ ਆ ਕੇ ਭਾਲ਼ੇ।”

ਤੀਜਾ ਬੋਲਿਆ “ਨਾ ਨਾ ਰੱਬ ਜੀ,
ਠੀਕ ਮੰਗਲ ਹੈ ਰਹਿਣਾ।
ਚੋਟੀਆਂ, ਚੰਨ, ਗ੍ਰਹਿਆਂ ਸਭ ਤੋਂ,
ਦੂਰ ਇਹ ਹੈ ਪੈਣਾ।”

ਚੌਥਾ ਦਵੇ ਸਲਾਹ ਕਿ ਜਾ ਕੇ,
ਸਾਗਰ ਦੀ ਤਹਿ ਵੱਸੋ।
ਲੱਖਾਂ ਮੀਲ ਚੀਰ ਕੇ ਪਾਣੀ,
ਕੋਣ ਆਊਗਾ ਦੱਸੋ ?”

ਸੁਣਕੇ ਸਾਰੀ ਚਰਚਾ ਰੱਬ ਜੀ,
ਕਹਿੰਦੇ “ਸੁਣ ਲਓ ਗੱਲ।
ਇੱਕ ਸ਼ੈਅ ਮੈਥੋਂ ਬਣਗੀ,
ਜੀਹਦੇ ਕੋਲ਼ ਹੈ ਸਭ ਦਾ ਹੱਲ।

ਇਸ ਬੰਦਾ ਨਾਮ ਦੀ ਚੀਜ਼ ਨੂੰ ਮੈਂ,
ਦੇ ਬੈਠਾ ਤਾਕਤ ਪੂਰੀ।
ਚੋਟੀਆਂ, ਚੰਨ, ਗ੍ਰਹਿਆਂ ਸਭ ਦੀ,
ਗਾਹ ਦੇਣੀ ਇਸ ਦੂਰੀ।

ਉਏ..! ਲੱਭਣ ਦੇ ਲਈ ਮੈਨੂੰ ਇਸ ਨਾ,
ਛੱਡਣਾ ਕੋਈ ਵਸੀਲਾ।
ਕਿੱਥੇ ਕਰਾਂ ਆਰਾਮ ਮੈਂ ਜਾ ਕੇ,
ਦਿਸਦਾ ਨਾ ਕੋਈ ਹੀਲਾ।”

ਫਿਰ ਇੱਕ ਸਿਆਣਾ ਜਿਹਾ ਦੇਵਤਾ ਪਿੱਛੋਂ,
ਬੋਲਿਆ ਜਕਦਾ ਜਕਦਾ।
ਕਹਿੰਦਾ “ਇੱਕ ਥਾਂ ਹੈਗੀ ਜਿੱਥੇ,
ਬੰਦਾ ਪਹੁੰਚ ਨੀ’ ਸਕਦਾ।”

ਰੱਖ ਕਹਾਣੀ ਜਾਰੀ ਫਿਰ,
ਲੱਗਿਆ ਦੱਸਣ ਸਮਝਾ ਕੇ।
ਕਹਿੰਦਾ ਜੀ ਚੁੱਪ ਕਰਕੇ ਬਹਿ ਜਉ,
ਬੰਦੇ ਅੰਦਰ ਜਾ ਕੇ।”

ਕੁੱਲ ਕੁਦਰਤ ਵਿੱਚ ਰਹੂ ਭਟਕਦਾ,
ਇਹ ਬੰਦਾ ਦਿਨ-ਰਾਤੀਂ।
ਪਰ ਨਾ ਕਦੇ ਵੀ ਮਾਰਨੀ ਇਹਨੇ,
ਆਪਣੇ ਅੰਦਰ ਝਾਤੀ।”

ਬੱਸ ਉਸੇ ਦਿਨ ਤੋਂ ‘ਰੱਬ’ ਜੀ ਕਰਦੇ
ਬੰਦੇ ਅੰਦਰ ਮੌਜਾਂ
ਤੇ ਬੰਦਾ ਉਹ ਰੱਬ ਦੀ ਫਿਰਦਾ,
ਥਾਂ ਥਾਂ ਕਰਦਾ ਖੋਜਾਂ।

ਪਿੰਡ ਘੜਾਮੇਂ ਤੁਰਿਆ ਰਹਿੰਦੈ,
ਮੱਸਿਆ, ਪੁੰਨਿਆ, ਨੋਮੀ।
ਉਏ..! ‘ਕੁੱਛੜ ਕੁੜੀ ਤੇ ਸ਼ਹਿਰ ਢਿੰਡੋਰਾ’
ਪਿੱਟਦਾ ਫਿਰਦਾ ਰੋਮੀ।

‘ਕੁੱਛੜ ਕੁੜੀ ਤੇ ਸ਼ਹਿਰ ਢਿੰਡੋਰਾ’,
ਪਿੱਟਦਾ ਫਿਰਦਾ ਰੋਮੀ।

ਰੋਮੀ ਘੜਾਮੇਂ ਵਾਲਾ।
98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਲੋਕਾਂ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ, ਗੁਜਰਾਤ ਚੋਣਾਂ ਦੀ ਜਿੱਤ -ਰਣਜੀਤ ਖੋਜੇਵਾਲ
Next articleਮਿਸ਼ਨ ਅੰਬੇਡਕਰ ਗੁਰੱਪ ਬੂਲਪੁਰ ਵੱਲੋਂ 66ਵੇਂ ਮਹਾਂਪ੍ਰਨਿਰਵਾਨ ਦਿਵਸ ਮੌਕੇ ਸਮਾਗਮ