ਲੁਧਿਆਣਾ : ਘਰੇਲੂ ਦਰਸ਼ਕਾਂ ਵਿਚਾਲੇ ਪੰਜਾਬ ਐੱਫਸੀ ਨੇ ਆਈ ਫੁੱਟਬਾਲ ਲੀਗ ਵਿਚ ਕੋਲਕਾਤਾ ਦੀ ਮਜ਼ਬੂਤ ਈਸਟ ਬੰਗਾਲ ਨੂੰ 1-1 ਦੀ ਬਰਾਬਰੀ ‘ਤੇ ਰੋਕ ਕੇ ਇਕ ਅੰਕ ਖੋਹ ਲਿਆ। ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਹੋਏ ਮੁਕਾਬਲੇ ਵਿਚ ਪੰਜਾਬ ਦੇ ਖਿਡਾਰੀਆਂ ਨੇ ਪੂਰੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ।
ਮੈਚ ਦੇ ਆਖ਼ਰੀ ਸਮੇਂ ਵਿਚ ਜੇ ਈਸਟ ਬੰਗਾਲ ਦੇ ਵਿਦੇਸ਼ੀ ਖਿਡਾਰੀ ਜਾਨ ਮਿਰਰਾ ਨੇ ਗੋਲ ਨਾ ਕੀਤਾ ਹੁੰਦਾ ਤਾਂ ਕੋਲਕਾਤਾ ਦੀ ਮਸ਼ਹੂਰ ਟੀਮ ਨੂੰ ਸੀਜ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪੈਂਦਾ। ਡਰਾਅ ਮੈਚ ਵਿਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬ੍ਰਾਜ਼ੀਲੀਆਈ ਖਿਡਾਰੀ ਡੇਨਿਲੋ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ। ਮੈਚ ਦਾ ਪਹਿਲਾ ਗੋਲ ਪੰਜਾਬ ਦੇ ਬ੍ਰਾਜ਼ੀਲੀਆਈ ਖਿਡਾਰੀ ਡੇਨਿਲੋ ਨੇ ਗੋਲਕੀਪਰ ਨੂੰ ਭੁਲੇਖਾ ਪਾਉਂਦੇ ਹੋਏ ਕੀਤਾ।
ਹਾਲਾਂਕਿ ਈਸਟ ਬੰਗਾਲ ਨੂੰ 19ਵੇਂ ਮਿੰਟ ਵਿਚ ਮਿਲੇ ਮੌਕੇ ਦਾ ਕਾਸਿਮ ਫ਼ਾਇਦਾ ਨਹੀਂ ਉਠਾ ਸਕੇ ਤੇ ਗੇਂਦ ਸਾਈਡ ਤੋਂ ਨਿਕਲ ਗਈ। ਅਜਿਹਾ ਲੱਗ ਰਿਹਾ ਸੀ ਕਿ ਪੰਜਾਬ ਨੂੰ ਪਹਿਲੀ ਜਿੱਤ ਮਿਲ ਜਾਵੇਗੀ ਪਰ 84ਵੇਂ ਮਿੰਟ ਵਿਚ ਜਾਨ ਮਿਰਰਾ ਨੇ ਗੋਲ ਕਰ ਕੇ ਟੀਮ ਨੂੰ 1-1 ਦੀ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ। ਈਸਟ ਬੰਗਾਲ ਦੇ ਕਾਸਿਮ ਅਦਾਰੋ, ਅਭਿਸ਼ੇਕ, ਮੂਰਤੀ ਤੇ ਪੰਜਾਬ ਐੱਫਸੀ ਦੇ ਬਾਲੀ ਗਗਨਦੀਪ ਨੂੰ ਰੈਫਰੀ ਨੇ ਪੀਲਾ ਕਾਰਡ ਦਿਖਾਇਆ।