ਕਰਤਾਰਪੁਰ ਲਾਂਘੇ ਬਾਰੇ ਪਾਕਿ ਦੇ ਮਾੜੇ ਇਰਾਦੇ ਬੇਨਕਾਬ: ਕੈਪਟਨ

ਪਾਕਿ ਮੰਤਰੀ ਵੱਲੋਂ ਲਾਂਘੇ ਦਾ ਸਿਹਰਾ ਫ਼ੌਜ ਮੁਖੀ ਬਾਜਵਾ ਨੂੰ ਦਿੱਤੇ ਜਾਣ ਮਗਰੋਂ ਮੁੱਖ ਮੰਤਰੀ ਵੱਲੋਂ ਚਿਤਾਵਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਦਾ ਇਹ ਬਿਆਨ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ‘ਦਿਮਾਗ ਦੀ ਕਾਢ’ ਹੈ, ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕਦਾ ਹੈ। ਪਾਕਿਸਤਾਨੀ ਮੰਤਰੀ ਦੇ ਇਸ ਖੁਲਾਸੇ ’ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਅੱਜ ਕੈਪਟਨ ਨੇ ਕਿਹਾ ਕਿ ਇਸ ਮੁੱਦੇ ’ਤੇ ਉਨ੍ਹਾਂ ਵੱਲੋਂ ਜਤਾਏ ਖ਼ਦਸ਼ਿਆਂ ਦੀ ਪੁਸ਼ਟੀ ਹੋਈ ਹੈ। ਰਸ਼ੀਦ ਨੇ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਦਾ ਪਰਦਾਫ਼ਾਸ਼ ਕਰ ਦਿੱਤਾ ਹੈ ਜਦਕਿ ਭਾਰਤ ਨੂੰ ਉਮੀਦ ਸੀ ਕਿ ਇਹ ਲਾਂਘਾ ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਦਾ ਪੁਲ ਬਣੇਗਾ। ਮੁੱਖ ਮੰਤਰੀ ਨੇ ਰਸ਼ੀਦ ਦੀ ਇਸ ਟਿੱਪਣੀ ਦਾ ਵੀ ਸਖ਼ਤ ਨੋਟਿਸ ਲਿਆ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਇਹ ਲਾਂਘਾ ਭਾਰਤ ਨੂੰ ਠੇਸ ਪਹੁੰਚਾਏਗਾ ਤੇ ਕਰਤਾਰਪੁਰ ਲਾਂਘੇ ਰਾਹੀਂ ਜਨਰਲ ਬਾਜਵਾ ਦੁਆਰਾ ਦਿੱਤਾ ਜ਼ਖ਼ਮ ਭਾਰਤ ਨੂੰ ਹਮੇਸ਼ਾ ਰੜਕਦਾ ਰਹੇਗਾ। ਇਨ੍ਹਾਂ ਟਿੱਪਣੀਆਂ ਨੂੰ ਭਾਰਤ ਦੀ ਸੁਰੱਖਿਆ ਤੇ ਅਖੰਡਤਾ ਲਈ ਖ਼ਤਰਾ ਦੱਸਦਿਆਂ ਕੈਪਟਨ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਮੁਲਕ ਕਿਸੇ ਤਰ੍ਹਾਂ ਦੀ ਗਲਤਫ਼ਹਿਮੀ ਪੈਦਾ ਕਰਨ ਦਾ ਯਤਨ ਨਾ ਕਰੇ। ਮੁੱਖ ਮੰਤਰੀ ਨੇ ਤਾੜਨਾ ਕੀਤੀ ਕਿ ਲਾਂਘਾ ਖੁੱਲ੍ਹਣ ਲਈ ਸਾਡੇ ਵੱਲੋਂ ਕੀਤੇ ਧੰਨਵਾਦ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਭਾਰਤ ਮੂੰਹ-ਤੋੜਵਾਂ ਜਵਾਬ ਦੇਵੇਗਾ। ਕੈਪਟਨ ਨੇ ਜ਼ਿਕਰ ਕੀਤਾ ਕਿ ਉਹ ਹਮੇਸ਼ਾ ਇਹੀ ਕਹਿੰਦੇ ਆਏ ਹਨ ਕਿ ਸਿੱਖ ਹੋਣ ਨਾਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਤੇ ਇਸ ਰਾਹੀਂ ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਪੂਰੀ ਹੋਈ ਹੈ। ਪਰ ਲਾਜ਼ਮੀ ਤੌਰ ’ਤੇ ਮੁਲਕ ਲਈ ਕਿਸੇ ਖ਼ਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਪਟਨ ਕਈ ਮੌਕਿਆਂ ’ਤੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਰਹੇ ਹਨ ਕਿ ਗੁਆਂਢੀ ਮੁਲਕ ਲਾਂਘਾ ਖੋਲ੍ਹ ਕੇ ਸਿੱਖਾਂ ਨੂੰ ਆਈਐੱਸਆਈ ਦੇ ਏਜੰਡੇ ‘ਰੈਫਰੈਂਡਮ 2020’ (ਰਾਇਸ਼ੁਮਾਰੀ) ਲਈ ਭੜਕਾਉਣ ਦੀ ਕੋਸ਼ਿਸ਼ ਨਾ ਕਰੇ।

Previous articleBoE chief appointed as UN special envoy for climate action
Next articlePalestine slams US over Israel’s West Bank settlement