ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂਰਾਮ ਗੋਡਸੇ ਨੂੰ ‘ਦੇਸ਼ਭਗਤ’ ਆਖੇ ਜਾਣ ਤੋਂ ਘਿਰੀ ਭਾਜਪਾ ਆਗੂ ਪ੍ਰੱਗਿਆ ਠਾਕੁਰ ਨੂੰ ਲੋਕ ਸਭਾ ’ਚ ਸ਼ੁੱਕਰਵਾਰ ਨੂੰ ਦੋ ਵਾਰ ਮੁਆਫ਼ੀ ਮੰਗਣੀ ਪਈ। ਸਵੇਰੇ ਮੰਗੀ ਗਈ ਮੁਆਫ਼ੀ ਨੂੰ ਨਕਾਰਦਿਆਂ ਵਿਰੋਧੀ ਧਿਰ ਨੇ ਕਿਹਾ ਕਿ ਇਹ ‘ਬਿਨਾਂ ਸ਼ਰਤ’ ਨਹੀਂ ਸੀ ਕਿਉਂਕਿ ਉਸ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਸ਼ਬਦੀ ਹਮਲਾ ਕੀਤਾ ਸੀ। ਸਪੀਕਰ ਓਮ ਬਿਰਲਾ ਨਾਲ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਮਗਰੋਂ ਭੋਪਾਲ ਤੋਂ ਸੰਸਦ ਮੈਂਬਰ ਨੇ ਲੋਕ ਸਭਾ ’ਚ ਦੂਜੀ ਵਾਰ ਮੁਆਫ਼ੀ ਮੰਗਦਿਆਂ ਕਿਹਾ ਕਿ 27 ਨਵੰਬਰ ਨੂੰ ਐੱਸਪੀਜੀ (ਸੋਧ) ਬਿੱਲ ’ਤੇ ਬਹਿਸ ਦੌਰਾਨ ਉਸ ਨੇ ਨੱਥੂਰਾਮ ਨੂੰ ਦੇਸ਼ਭਗਤ ਨਹੀਂ ਆਖਿਆ ਸੀ। ‘ਮੈਂ ਤਾਂ ਉਸ ਦਾ ਨਾਮ ਤੱਕ ਨਹੀਂ ਲਿਆ ਸੀ। ਫਿਰ ਵੀ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਅਫ਼ਸੋਸ ਜਤਾਉਂਦਿਆਂ ਮੁਆਫ਼ੀ ਮੰਗਦੀ ਹਾਂ।’ ਉਸ ਦੇ ਸਦਨ ’ਚ ਦਾਖ਼ਲ ਹੋਣ ਤੋਂ ਪਹਿਲਾਂ ਸਪੀਕਰ ਨੇ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ’ਚ ਬਣੀ ਸਹਿਮਤੀ ਮੁਤਾਬਕ ਪ੍ਰੱਗਿਆ ਬਿਆਨ ਪੜ੍ਹੇਗੀ। ਉਸ ਨੇ ਆਪਣੇ ਦੁਸ਼ਮਣਾਂ ਦਾ ਹਵਾਲਾ ਦਿੰਦਿਆਂ ਬਿਆਨ ਪੜ੍ਹਨਾ ਸ਼ੁਰੂ ਕੀਤਾ ਤਾਂ ਸਪੀਕਰ ਨੇ ਦਖ਼ਲ ਦਿੰਦਿਆਂ ਉਸ ਨੂੰ ਪਹਿਲਾਂ ਹੋਏ ਫ਼ੈਸਲੇ ਮੁਤਾਬਕ ਬਿਆਨ ਪੜ੍ਹਨ ਲਈ ਕਿਹਾ। ਇਸ ਤੋਂ ਪਹਿਲਾਂ ਜਦੋਂ ਸਵੇਰੇ ਪ੍ਰੱਗਿਆ ਨੇ ਮੁਆਫ਼ੀ ਮੰਗੀ ਸੀ ਤਾਂ ਉਸ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਵੱਲੋਂ ਦੇਸ਼ ਲਈ ਦਿੱਤੇ ਯੋਗਦਾਨ ’ਤੇ ਉਨ੍ਹਾਂ ਦਾ ਸਨਮਾਨ ਕਰਦੀ ਹੈ ਅਤੇ ਸ਼ਰਧਾਂਜਲੀ ਦਿੰਦੀ ਹੈ। ਮੁਆਫ਼ੀ ਤੋਂ ਅਸੰਤੁਸ਼ਟ ਕਾਂਗਰਸ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਉਸ ਨੂੰ ਸਦਨ ’ਚੋਂ ਮੁਅੱਤਲ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਕਾਂਗਰਸ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ‘ਗੋਡਸੇ ਪਾਰਟੀ ਹਾਏ-ਹਾਏ’ ਤੇ ‘ਮਹਾਤਮਾ ਗਾਂਧੀ ਦੀ ਜੈ’ ਦੇ ਨਾਅਰੇ ਲਾਉਣ ਲੱਗ ਪਏ। ਸਪੀਕਰ ਦੀ ਇਜਾਜ਼ਤ ਮਗਰੋਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰੱਗਿਆ ਦੇ ਬਿਆਨ ਨੇ ਨਾ ਸਿਰਫ਼ ਮੁਲਕ ਸਗੋਂ ਪੂਰੀ ਦੁਨੀਆਂ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਮਹਾਤਮਾ ਗਾਂਧੀ ਰਾਸ਼ਟਰਪਿਤਾ ਦੇ ਨਾਲ ਨਾਲ ਆਲਮੀ ਆਗੂ ਸਨ। ਉਨ੍ਹਾਂ ਪ੍ਰੱਗਿਆ ਤੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਪਟੇਲ ਨੇ ਭਾਜਪਾ ਦੀ ਆਲੋਚਨਾ ਨੂੰ ਨਕਾਰਦਿਆਂ ਰਾਜਨਾਥ ਸਿੰਘ ਦੇ ਬਿਆਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਏ ਜਾਣ ਦੇ ਸਮਾਗਮਾਂ ਬਾਰੇ ਜ਼ਿਕਰ ਕੀਤਾ।
HOME ਪ੍ਰੱਗਿਆ ਨੇ ਲੋਕ ਸਭਾ ’ਚ ਦੋ ਵਾਰ ਮੰਗੀ ਮੁਆਫ਼ੀ