ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ’ਚ ਹੰਗਾਮਿਆਂ ਦੌਰਾਨ ਹੀ ਸ਼ਹਿਰ ਵਾਸੀਆਂ ਨੂੰ ਮਹਿੰਗੇ ਭਾਅ ਪਾਣੀ ਦੇਣ ਅਤੇ ਕੌਂਸਲਰਾਂ ਦੇ ਮਾਣ ਭੱਤੇ ਵਧਾਉਣ ਅਤੇ ਪੈਨਸ਼ਨ ਲਾਉਣ ਵਰਗੇ ਮਤੇ ਪਾਸ ਕਰ ਦਿੱਤੇ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਹਾਊਸ ਵਿੱਚ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਬਾਈਕਾਟ ਕਰ ਦਿੱਤਾ। ਹਾਊਸ ਦੇ ਬਾਹਰ ਵੀ ਰੌਲਾ-ਰੱਪਾ ਪੈਂਦਾ ਰਿਹਾ। ਸਫ਼ਾਈ ਮੁਲਾਜ਼ਮਾਂ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਬਾਹਰ ਧਰਨਾ ਲਾਇਆ ਹੋਇਆ ਸੀ ਤੇ ਹੱਥਾਂ ਵਿੱਚ ਤਖਤੀਆਂ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਅਜਿਹੇ ਹਾਲਾਤ ਨੂੰ ਦੇਖਦਿਆਂ ਨਗਰ ਨਿਗਮ ਦਾ ਦਫਤਰ ਪੁਲੀਸ ਛਾਉਣੀ ਵਿੱਚ ਬਦਲਿਆ ਹੋਇਆ ਸੀ। ਸ਼ਹਿਰ ਦੇ ਡੀਸੀਪੀ ਗੁਰਮੀਤ ਸਿੰਘ ਤੇ ਸਾਰੇ ਏਸੀਪੀਜ਼ ਨੂੰ ਸੁਰੱਖਿਆ ਦੇ ਬੰਦੋਬਸਤ ਲਈ ਉਚੇਚੇ ਤੌਰ ’ਤੇ ਸੱਦਿਆ ਹੋਇਆ ਸੀ।
ਹਾਊਸ ਦੀ ਇਹ ਮੀਟਿੰਗ 11 ਮਹੀਨਿਆਂ ਦੇ ਲੰਬੇ ਵਕਫੇ ਬਾਅਦ ਹੋ ਰਹੀ ਸੀ। ਇਸੇ ਦੌਰਾਨ ਮੇਅਰ ਜਗਦੀਸ਼ ਰਾਜਾ ਨੇ 10 ਦਿਨ ਬਾਅਦ ਹਾਊਸ ਦੀ ਮੁੜ ਮੀਟਿੰਗ ਸੱਦਣ ਦਾ ਐਲਾਨ ਵੀ ਕੀਤਾ। ਮਤਾ ਨੰਬਰ 5 ਨੂੰ ਰੱਦ ਕਰ ਦਿੱਤਾ ਗਿਆ, ਜਿਸ ਵਿੱਚ ਕੇਸ਼ਵ ਨਗਰ ਨੂੰ ਜਾਂਦੀ ਸੜਕ ਨੂੰ ਕਾਰੋਬਾਰੀ ਐਲਾਨਣਾ ਸੀ। ਮਤਾ ਨੰਬਰ 6 ਤੇ 111 ਵੀ ਪੈਂਡਿੰਗ ਕਰ ਦਿੱਤਾ ਗਿਆ। ਹਾਊਸ ਦੀ ਮੀਟਿੰਗ ਵਿਚ ਸਭ ਤੋਂ ਮਹੱਤਵਪੂਰਨ ਮਤਾ ਨੰਬਰ 117 ਨੂੰ ਰੌਲੇ-ਰੱਪੇ ’ਚ ਪਾਸ ਕਰ ਦਿੱਤਾ ਗਿਆ ਜਿਸ ਵਿਚ ਸ਼ਹਿਰ ਵਾਸੀ ਹੁਣ ਮੁਫਤ ਪਾਣੀ ਨਹੀਂ ਪੀ ਸਕਣਗੇ। ਪਾਣੀ ਦੇ ਬਿੱਲਾਂ ’ਚ ਵੀ ਵਾਧਾ ਕੀਤਾ ਗਿਆ ਹੈ। 210 ਰੁਪਏ ਮਹੀਨਾ ਦੇਣ ਵਾਲਿਆਂ ਨੂੰ ਹੁਣ 350 ਰੁਪਏ ਬਿੱਲ ਦੇਣਾ ਪਵੇਗਾ। ਪਹਿਲੀ ਅਪਰੈਲ ਤੋਂ ਪੰਜ ਮਰਲੇ ਤੱਕ ਦੇ ਮਕਾਨ ਵਾਲਿਆਂ ਨੂੰ ਮੁਫਤ ਪਾਣੀ ਦੀ ਸਹੂਲਤ ਖਤਮ ਕਰ ਦਿੱਤੀ ਜਾਵੇਗੀ। ਸਿਰਫ ਦੋ ਮਰਲੇ ’ਚ ਰਹਿਣ ਵਾਲੇ ਲੋਕਾਂ ਨੂੰ ਹੀ 10 ਕਿਲੋ ਲੀਟਰ ਮੁਫਤ ਪਾਣੀ ਮਿਲੇਗਾ। ਲੋਕਾਂ ਨੂੰ ਪਾਣੀ ਦੇ ਨਾਲ ਨਾਲ ਹੀ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਵੀ ਕਰਨੀ ਪਵੇਗੀ। ਜਦਕਿ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਪਾਣੀ ਤੇ ਸੀਵਰੇਜ ਦੇ 46 ਕਰੋੜ ਦੇ ਬਕਾਏ ਦੀ ਰਕਮ ਨੂੰ ਮੁਆਫ਼ ਕਰਨ ਦੀ ਮੰਗ ਵੀ ਕੀਤੀ। ਕੋਈ ਵੀ ਖਪਤਕਾਰ ਜੇ ਮਹੀਨੇ ਵਿਚ 60 ਕਿਲੋ ਲੀਟਰ (ਇਕ ਕਿਲੋ ਲੀਟਰ ’ਚ ਇਕ ਹਜ਼ਾਰ ਲੀਟਰ) ਪਾਣੀ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਸੀਵਰੇਜ ਦਾ 1200 ਰੁਪਏ ਬਿੱਲ ਭਰਨਾ ਪਵੇਗਾ। ਪਾਣੀ ਤੇ ਸੀਵਰੇਜ ਦੇ ਇਹ ਬਿੱਲ 1 ਅਪਰੈਲ 2020 ਤੋਂ ਲਾਗੂ ਹੋਣਗੇ।
ਉਧਰ ਸਰਬਸੰਮਤੀ ਨਾਲ ਕੌਂਸਲਰਾਂ ਨੂੰ ਜਿਹੜਾ ਭੱਤਾ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਸੀ ਉਸ ਨੂੰ 50 ਹਜ਼ਾਰ ਰੁਪਏ ਤੱਕ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਹਰ ਮਹੀਨੇ 30 ਹਜ਼ਾਰ ਰੁਪਏ ਪੈਨਸ਼ਨ ਵੀ ਮਿਲਿਆ ਕਰੇਗੀ। ਭੱਤਾ ਵਧਾਉਣ ਦੀ ਵਕਾਲਤ ਕਰਨ ਵਾਲੇ ਕੌਂਸਲਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਰੋਜ਼ਾਨਾ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ ਜਿਨ੍ਹਾਂ ਨੂੰ ਚਾਹ-ਪਾਣੀ ਪਿਆਉਣਾ ਪੈਂਦਾ ਹੈ। 15 ਹਜ਼ਾਰ ’ਚ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ।
ਉਧਰ ਸਫ਼ਾਈ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹਾਊਸ ਦੇ ਬਾਹਰ ਧਰਨਾ ਲਾਇਆ ਤੇ ਨਾਅਰੇਬਾਜ਼ੀ ਕੀਤੀ। ਜਦਕਿ ਹਾਊਸ ਦੇ ਅੰਦਰ ਵੀ ਸਫਾਈ ਦਾ ਮੁੱਦਾ ਉਠਿਆ। ਕੌਂਸਲਰਾਂ ਦਾ ਕਹਿਣਾ ਸੀ ਕਿ ਸ਼ਹਿਰ ਵਿਚੋਂ ਕੂੜਾ ਤਾਂ ਚੁੱਕਿਆ ਨਹੀਂ ਜਾ ਰਿਹਾ। ਸਰਕਾਰ ਨੇ ਹੋਰ ਕੀ ਕੰਮ ਕਰਨਾ ਹੈ? ਵਿਰੋਧੀ ਧਿਰ ਦੇ ਕੌਂਸਲਰਾਂ ਭਾਜਪਾ ਦੇ ਸੁਸ਼ੀਲ ਕੁਮਾਰ ਅਤੇ ਅਕਾਲੀ ਦਲ ਦੇ ਪਰਮਜੀਤ ਸਿੰਘ ਰੇਰੂ ਵੱਲੋਂ ਸਾਥੀਆਂ ਨਾਲ ਬਾਈਕਾਟ ਕਰਨ ਤੋਂ ਬਾਅਦ ਸੱਤਾਧਾਰੀ ਧਿਰ ਕਾਂਗਰਸ ਨੂੰ ਆਪਣੇ ਹੀ ਕਈ ਕੌਂਸਲਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਾਂਗਰਸੀ ਕੌਂਸਲਰ ਬਲਰਾਜ ਠਾਕੁਰ ਤੇ ਉਂਕਾਰ ਟਿੱਕਾ ਨੇ ਆਪਣੀ ਹੀ ਪਾਰਟੀ ਵਿਰੁੱਧ ਭੜਾਸ ਕੱਢੀ।
INDIA ਜਲੰਧਰੀਆਂ ਨੂੰ ਮਹਿੰਗਾ ਪਵੇਗਾ ਪਾਣੀ