ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨੂੰ ਅਰਮੀਨੀਆ ਤੋਂ ਲੈ ਕੇ ਅੱਜ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਜਾਵੇਗੀ। ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੁੱਢਾ ਨੇ ਅੱਧੀ ਰਾਤ ਦੇ ਕਰੀਬ ਦਿੱਲੀ ਏਅਰਪੋਰਟ ’ਤੇ ਉਤਰਨਾ ਹੈ। ਪੰਜਾਬ ਪੁਲੀਸ ਦੀ ਟੀਮ ਵੱਲੋਂ ਉਸ ਨੂੰ ਹਵਾਈ ਅੱਡੇ ਤੋਂ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
ਦਵਿੰਦਰ ਬੰਬੀਹਾ ਗਰੋਹ ਦਾ ਆਪੇ ਬਣਿਆ ਮੁਖੀ ਬੁੱਢਾ ਕਤਲ, ਇਰਾਦਾ ਕਤਲ, ਜਬਰ ਜਨਾਹ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਆਦਿ ਦੇ 15 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਿਹਾ ਸੀ। ਉਹ ਹਾਲ ਹੀ ਵਿਚ ਖਾਲਿਸਤਾਨ ਪੱਖੀ ਅਨਸਰਾਂ ਨਾਲ ਨੇੜਤਾ ਕਰਕੇ ਸੁਰਖੀਆਂ ’ਚ ਆਇਆ ਸੀ। ਬੁੱਢਾ ਨੂੰ ਸਾਲ 2011 ਦੇ ਇੱਕ ਕਤਲ ਕੇਸ ਵਿੱਚ ਦੋਸ਼ੀ ਐਲਾਨਿਆ ਗਿਆ ਸੀ, ਪਰ ਸਾਲ 2016 ਵਿੱਚ ਪੈਰੋਲ ਉਲੰਘਣ ਮਗਰੋਂ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਬੁੱਢਾ ਖ਼ਿਲਾਫ਼ ਹਰਿਆਣਾ ਦੇ ਵੱਖ ਵੱਖ ਥਾਣਿਆਂ ਵਿੱਚ ਵੀ ਕੇਸ ਦਰਜ ਹਨ। ਡੀਜੀਪੀ ਅਨੁਸਾਰ ਅਖੀਰ ਵਿੱਚ ਉਸ ਨੂੰ ਅਰਮੀਨੀਆ ਵਿੱਚ ਲੱਭ ਲਿਆ ਗਿਆ, ਜਿਸ ਤੋਂ ਬਾਅਦ ਪੰਜਾਬ ਪੁਲੀਸ ਨੂੰ ਇੰਟਰਪੋਲ ਵਲੋਂ ਲੁੱਕਆਊਟ ਸਰਕੂਲਰ (ਐਲਓਸੀ) ਅਤੇ ਰੈੱਡ ਕਾਰਨਰ ਨੋਟਿਸ (ਆਰਸੀਐੱਨ) ਮਿਲਿਆ ਸੀ।
ਅਰਮੇਨਿਆਈ ਪੁਲੀਸ ਨੇ ਇਸ ਸਾਲ 8 ਅਗਸਤ ਨੂੰ ਬੁੱਢਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਤੁਰੰਤ ਬਾਅਦ, ਯੂਰੋਪ ਵਿਚ ਕੁਝ ਖਾਲਿਸਤਾਨ ਪੱਖੀ ਕਾਰਕੁਨਾਂ ਨੇ ਬੁੱਢਾ ਦੀ ਗ੍ਰਿਫ਼ਤਾਰੀ ਬਾਰੇ ਫੇਸਬੁੱਕ ’ਤੇ ਇਕ ਅਪਡੇਟ ਪ੍ਰਕਾਸ਼ਿਤ ਕੀਤਾ ਸੀ, ਜਿਸ ਨੂੰ ‘ਪੰਜਾਬ ਵਿੱਚ ਖਾਲਿਸਤਾਨ ਲਈ ਇਕ ਮਜ਼ਬੂਤ ਆਵਾਜ਼’ ਕਿਹਾ ਗਿਆ ਸੀ।
ਡੀਜੀਪੀ ਨੇ ਦਾਅਵਾ ਕੀਤਾ ਕਿ ਗੈਂਗਸਟਰ ਬੁੱਢਾ ਨੇ ਇਸ ਤੋਂ ਪਹਿਲਾਂ ਨਾਭਾ ਜੇਲ੍ਹ ਅੰਦਰ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਇੱਕ ਕਾਰਕੁਨ ਮਨਿੰਦਰ ਪਾਲ ਬਿੱਟੂ ਦੇ ਖਾਤਮੇ ਲਈ ਆਪਣੇ ਫੇਸਬੁੱਕ ਅਕਾਊਂਟ ’ਤੇ ਜ਼ਿੰਮੇਵਾਰੀ ਲਈ ਸੀ। ਪੰਜਾਬ ਪੁਲੀਸ ਵੱਲੋਂ ਏਆਈਜੀ ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਖੱਖ ਅਤੇ ਬਿਕਰਮ ਬਰਾੜ, ਡੀਐਸਪੀ ਓਸੀਸੀਯੂ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਨੂੰ ਬੁੱਢੇ ਦੀ ਸਪੁਰਦਗੀ ਹਾਸਲ ਕਰਨ ਲਈ ਅਰਮੇਨੀਆ ਸਰਕਾਰ ਨਾਲ ਤਾਲਮੇਲ ਲਈ ਨਿਯੁਕਤ ਕੀਤਾ ਗਿਆ ਸੀ।
HOME ਪੰਜਾਬ ਪੁਲੀਸ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮੀਨੀਆ ਤੋਂ ਲੈ ਕੇ ਭਾਰਤ...