(ਸਮਾਜ ਵੀਕਲੀ)
ਜ਼ਿੰਦਗੀ ਖੂਬਸੂਰਤ ਹੈ। ਦਾਤਾ ਨੇ ਕੁਦਰਤ ਦੀ ਬਹੁਤ ਸੋਹਣੀ ਸਿਰਜਣਾ ਕੀਤੀ ਹੈ। ਅਸੀਂ ਕੁਦਰਤ ਦੇ ਹਰ ਲੁਫ਼ਤ ਦਾ ਅਨੰਦ ਮਾਣਦੇ ਹਾਂ। ਬਹੁਤ ਹੀ ਖੂਬਸੂਰਤ ਸਿ੍ਸਟੀ ਦੀ ਸਿਰਜਣਾ ਹੋਈ ਹੈ। ਜੇ ਪਿਛਲੇ 20ਕੁ ਸਾਲ ਪਹਿਲਾਂ ਝਾਤੀ ਮਾਰੀਏ ਤਾਂ ਵਾਤਾਵਰਣ ਬਿਲਕੁਲ ਸਾਫ਼-ਸੁਥਰਾ ਨਜ਼ਰ ਆਉਂਦਾ ਸੀ। ਚਾਰੇ ਪਾਸੇ ਹਰਿਆਲੀ ਸੀ। ਬਿਮਾਰੀਆਂ ਲੋਕਾਂ ਨੂੰ ਬਹੁਤ ਘੱਟ ਸਨ। ਖੇਤਾਂ ਵਿਚ ਹੱਥੀਂ ਕੰਮ ਨੂੰ ਤਰਜੀਹ ਦਿੱਤੀ ਜਾਂਦੀ ਸੀ। ਕਿਸੇ ਵੀ ਇਨਸਾਨ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਜਾਂ ਹਿਰਨੀਆਂ , ਪਥਰੀਆਂ ਦੀ ਕੋਈ ਦਿੱਕਤ ਨਹੀਂ ਸੀ। ਘਰ ਦੇ ਖਾਣੇ ਨੂੰ ਤਰਜ਼ੀਹ ਦਿੱਤੀ ਜਾਂਦੀ ਸੀ ।ਮਿਲਾਵਟ ਬਿਲਕੁੱਲ ਵੀ ਨਹੀਂ ਸੀ ।ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਸਾਉਣ ਮਹੀਨੇ ਵਿੱਚ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਕਰਦਾ ਸੀ। ਗਰਮੀ ਵੀ ਘੱਟ ਲੱਗਦੀ ਸੀ ।
ਲੋਕਾਂ ਵਿੱਚ ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀ। ਇਨਸਾਨ ਇਨਸਾਨ ਦੀ ਕਦਰ ਕਰਦਾ ਸੀ। ਜ਼ਮਾਨਾ ਬਦਲਿਆ। ਪੱਛਮੀ ਸੱਭਿਆਚਾਰ ਦਾ ਅਸਰ ਦਿਖਣਾ ਸ਼ੁਰੂ ਹੋਇਆ।ਜਿਸ ਕੰਮ ਲਈ ਦਾਤੇ ਨੇ ਇਨਸਾਨ ਨੂੰ ਧਰਤੀ ਤੇ ਭੇਜਿਆ ਸੀ, ਉਹ ਕੰਮ ਅੱਜ ਦਾ ਇਨਸਾਨ ਭੁਲਾ ਕੇ ਕੁਝ ਹੋਰ ਕਰ ਰਿਹਾ ਹੈ। ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਅੱਜ ਸਾਰਾ ਵਾਤਾਵਰਣ ਜ਼ਹਿਰੀਲਾ ਹੋ ਗਿਆ ਹੈ। ਖਾਣ ਪੀਣ ਦਾ ਕੁਝ ਵੀ ਸ਼ੁੱਧ ਨਹੀਂ ਰਿਹਾ ਹੈ। ਹਵਾ ਤੱਕ ਜ਼ਹਿਰੀਲੀ ਹੋ ਚੁੱਕੀ ਹੈ।ਕਹਿਣ ਦਾ ਮਤਲਬ ਹੈ ਕਿ ਪੌਣ, ਪਾਣੀ,ਖਾਣਾ ਸਭ ਦੂਸ਼ਿਤ ਹੋ ਚੁੱਕਿਆ ਹੈ।ਖਾਣ ਵਿੱਚ ਤਾਂ ਨਿਰਾ ਜ਼ਹਿਰ ਹੈ। ਮਿਲਾਵਟੀ ਚੀਜ਼ਾਂ ਖਾ ਕੇ ਸ਼ਰੀਰ ਬੀਮਾਰੀਆਂ ਦੀ ਜਕੜ ਵਿੱਚ ਹੈ। ਫੈਕਟਰੀਆਂ ਦੀ ਖੁੱਲੀ ਚਿੰਮਨੀਆਂ ਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਨੂੰ ਪਲੀਤ ਕਰ ਰਿਹਾ ਹੈ।
ਸਾਡੀ ਸਿਹਤ ਹੀ ਅਸਲੀ ਧਨ ਦੌਲਤ ਹੈ । ਪਰ ਹੁਣ ਹਵਾ, ਪਾਣੀ , ਖਾਣਾ ਤਿੰਨਾਂ ਹੀ ਚੀਜ਼ਾਂ ਵਿੱਚ ਮਿਲਾਵਟ ਹੋ ਚੁੱਕੀ ਹੈ ।ਭਾਰਤ ਬੇਸ਼ੱਕ ਪ੍ਰਦੂਸ਼ਣ ਦੇ ਮਾਮਲੇ ਵਿੱਚ ਪੰਜਵੇਂ ਸਥਾਨ ਤੇ ਆਉਂਦਾ ਹੈ ਪਰ ਦਿੱਲੀ ਅਤੇ ਗਾਜ਼ੀਆਬਾਦ ਦੇ ਪ੍ਰਦੂਸ਼ਣ ਨੇ ਚਿੰਤਾਵਾਂ ‘ਚ ਵਾਧਾ ਕੀਤਾ ਹੈ । ਦੀਵਾਲੀ ਨੂੰ ਦਿੱਲੀ ਦੀ ਆਬੋ-ਹਵਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਪੰਜਾਬ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਗਿਆ ਸੀ। ਖੇਤਾਂ ਵਿਚ ਪਰਾਲੀ ਆਮ ਜਲਾਈ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਦਾ ਕੋਈ ਬਦਲ ਨਹੀਂ ਹੈ। ਪਰਾਲੀ ਜਲਾਉਣ ਨਾਲ ਸਾਰਾ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ। ਸੜਕਾਂ ਤੇ ਧੂੰਆਂ ਹੀ ਪਸਰ ਜਾਂਦਾ ਹੈ। ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਸੜਕ ਦੁਰਘਟਨਾਵਾਂ ਵਿੱਚ ਕਈ ਜਣਿਆਂ ਦੀ ਜਾਨ ਵੀ ਗਈ ਹੈ। ਕਿਉਂਕਿ ਸਾਰੇ ਪਾਸੇ ਧੂੰਆਂ ਹੀ ਧੂੰਆਂ ਪਸਰ ਜਾਂਦਾ ਹੈ। ਜਿਸ ਕਾਰਨ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ।
ਪ੍ਰਦੂਸ਼ਣ ਕੁਦਰਤੀ ਵਾਤਾਵਰਣ ਵਿੱਚ ਗੰਦਗੀ ਦੀ ਪਹਿਚਾਣ ਹੈ। ਤਾਜ਼ਾ ਸਰਵੇਖਣ ਮੁਤਾਬਕ ਪੰਜਾਬ ਦੇ 21 ਸ਼ਹਿਰੀ ਪ੍ਰਦੂਸ਼ਣ ਨਾਲ ਪ੍ਰਭਾਵਿਤ ਹਨ ।ਹਵਾ ਪ੍ਰਦੂਸ਼ਣ ਨਾਲ ਨਾ ਸਿਰਫ਼ ਮਨੁੱਖੀ ਸਗੋਂ ਕੁਦਰਤੀ ਬਨਸਪਤੀ ,ਜਾਨਵਰ ਵੀ ਪ੍ਰਭਾਵਿਤ ਹੋਏ ਹਨ। ਕੈਂਸਰ, ਦਿਲ ਦੀਆਂ ਬਿਮਾਰੀਆਂ, ਚਮੜੀ ਦੇ ਰੋਗ, ਹਵਾ ਪ੍ਰਦੂਸ਼ਣ ਕਾਰਨ ਵੱਧ ਰਹੇ ਹਨ। ਵਾਤਾਵਰਨ ਦੇ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਗੈਰ ਕਾਨੂੰਨੀ ਮਾਈਨਿੰਗ, ਰੁੱਖਾਂ ਦੀ ਕਟਾਈ ਵੀ ਅਹਿਮ ਜ਼ਿੰਮੇਵਾਰ ਹੈ। ਸੂਬੇ ਦੇ ਤਾਪ ਬਿਜਲੀ ਉਤਪਾਦਨ ਵੀ ਪ੍ਰਦੂਸ਼ਣ ਫੈਲਾਉਣ ‘ਚ ਅਹਿਮ ਭਾਗੀਦਾਰ ਹਨ। ਵਿਕਾਸ ਅਤੇ ਖੁਸ਼ਹਾਲੀ ਕਾਰਨ ਆਵਾਜਾਈ ਦੇ ਤਰੀਕਿਆਂ ਅਤੇ ਵਾਹਨਾਂ ਦੀ ਗਿਣਤੀ ਚ ਵੀ ਭਾਰੀ ਵਾਧਾ ਹੋਇਆ ਹੈ। ਅਤੇ ਦੇਸ਼ ਦੀ ਵਧਦੀ ਆਬਾਦੀ ਨੇ ਵੀ ਸਥਿਤੀ ਨੂੰ ਹੋਰ ਗੰਭੀਰ ਬਣਾਇਆ ਹੈ।
ਹਾਲ ਹੀ ਵਿੱਚ ਭਾਰਤ ਦੀ ਜਨਸੰਖਿਆ 8 ਅਰਬ ਹੋਣ ਦੀ ਖ਼ਬਰ ਅਸੀਂ ਪੜੀ ਹੈ। ਚੀਨ ਆਬਾਦੀ ਪੱਖੋਂ ਮੁਲਕ ਦਾ ਸਭ ਤੋਂ ਪਹਿਲਾ ਦੇਸ਼ ਹੈ। ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੰਬਰ ਵੰਨ ਮੁਲਕ ਬਣਨ ਜਾ ਰਿਹਾ ਹੈ । ਚੀਨ ਨੇ ਆਬਾਦੀ ਨੂੰ ਕੰਟਰੋਲ ਕਰਨ ਲਈ ਆਪਣਾ ਰਾਹ ਲੱਭ ਲਿਆ ਹੈ। ਹੁਣ ਭਾਰਤ ਨੂੰ ਵੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਰਣਨੀਤੀ ਉਲੀਕਣੀ ਚਾਹੀਦੀ ਹੈ।ਦਿਨੋ-ਦਿਨ ਆਬਾਦੀ ਵਧਦੀ ਜਾ ਰਹੀ ਹੈ। ਆਬਾਦੀ ਨੂੰ ਵਸਾਉਣ ਲਈ ਨਾਮੀ ਕੰਪਨੀਆਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਫਲੈਟ ਉਸਾਰੇ ਜਾ ਰਹੇ ਹਨ। ਜਿਸ ਕਾਰਨ ਜੰਗਲਾਂ ਦੀ ਕਟਾਈ ਹੋ ਰਹੀ ਹੈ। ਲਗਾਤਾਰ ਜੰਗਲਾਂ ਦੀ ਕਟਾਈ ਕਾਰਨ ਪ੍ਰਦੂਸ਼ਨ ਵੱਧ ਰਿਹਾ ਹੈ। ਜਿਸ ਕਾਰਨ ਲੋਕ ਜ਼ਹਿਰੀਲੀ ਹਵਾ ਚ ਜੀਅ ਰਹੇ ਹਨ।
ਹੁਣ ਤਾਂ ਹਾਲ ਹੀ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ।ਹਾਲ ਹੀ ਵਿੱਚ ਪਾਈਪਾਂ ਰਾਹੀਂ ਘਰਾਂ ਵਿੱਚ ਪਾਣੀ ਜਾਂਦਾ ਹੈ ਉਸ ਦੀ ਗੁਣਵੱਤਾ ਚੈਕ ਕਰਵਾਈ ਗਈ। ਦਿੱਲੀ ਸਮੇਤ ਅਨੇਕ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ।ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ ਤੇ ਆ ਗਿਆ ।40 ਫੀਸਦੀ ਪਾਣੀ ਖਰਾਬ ਹੋ ਚੁੱਕਾ ਹੈ। ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਹੈ। ਕਈ ਤੱਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਹੋਰ ਜਲਣਸ਼ੀਲ ਰਸਾਇਣ ਪਾਣੀ ਵਿੱਚ ਮਿਲ ਚੁੱਕੇ ਹਨ ।ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਨੇ ਮਾਲਵਾ ਖੇਤਰ ਵਿੱਚ ਅਜਿਹੇ ਪਲਾਂਟ ਲਗਾਏ ਹਨ ਜੋ ਸਾਫ਼ ਤੇ ਸੁਰੱਖਿਅਤ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ।
ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ ਹੈ, ਤਾਂ ਕਿ ਸਮਾਂ ਰਹਿੰਦਿਆਂ ਠੋਸ ਨੀਤੀ ਬਣਾ ਕੇ ਉਸ ਤੇ ਅਮਲ ਦਰਾਮਦ ਹੋ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੁਕ ਸਕੇ । ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਕੈਮੀਕਲ ਫੈਕਟਰੀਆਂ ਰਾਹੀਂ ਧਰਤੀ ਦੇ ਅੰਦਰ ਬੌਰ ਕਰਕੇ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ। ਡੇਰਾਬੱਸੀ ਲਾਗੇ ਘੱਗਰ ਦੇ ਪਾਣੀ ਵਿੱਚ ਫੈਕਟਰੀਆਂ ਦਾ ਗੰਦਾ ਜ਼ਹਿਰੀਲਾ ਪਾਣੀ ਮਿਲਾਇਆ ਜਾ ਰਿਹਾ ਹੈ। ਜਿਸ ਕਾਰਨ ਕੁਦਰਤੀ ਜੀਵ ਜੰਤੂ ਵੀ ਪ੍ਰਭਾਵਿਤ ਹੋਏ ਹਨ। ਚੇਤੇ ਕਰਵਾ ਦੇਈਏ ਕਿ ਜਦੋਂ ਕੋਰੋਨਾ ਕਾਰਨ ਤਾਲਾਬੰਦੀ ਸੀ ਤਾਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਰਾ ਭਾਰਤ ਸਾਫ਼ ਸੁਥਰਾ ਹੋ ਚੁਕਿਆ ਸੀ। ਵਾਤਾਵਰਣ ਸ਼ੁੱਧ ਸੀ ।ਜੀਵ ਜੰਤੂਆਂ ਨੇ ਸੁੱਖ ਦਾ ਸਾਹ ਲਿਆ ਸੀ।
ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਮਿਲਾਵਟ ਦਾ ਵੀ ਪੂਰਾ ਬੋਲਬਾਲਾ ਹੋ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟੀ ਸਾਮਾਨ ਬਹੁਤ ਵਿਕਦਾ ਹੈ ।ਦੁੱਧ ,ਦਹੀਂ, ਪਨੀਰ ਸਭ ਕੁਝ ਮਿਲਾਵਟ ਵਾਲਾ ਹੈ। ਹਾਲਾਂਕਿ ਸੂਬਾ ਸਰਕਾਰ ਨੇ ਤੰਦਰੁਸਤ ਮਿਸ਼ਨ ਦਾ ਗਠਨ ਕੀਤਾ ਹੋਇਆ ਹੈ ।ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀਆਂ ਫੜੀਆਂ ਗਈਆਂ, ਜੋ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਸਨ ।ਮਿਲਾਵਟ ਖੋਰਾਂ ਖਿਲਾਫ਼ ਸਖ਼ਤ ਕਾਰਵਾਈ ਤਾਂ ਹੋਈ ਹੈ, ਪਰ ਪੂਰੀ ਤਰ੍ਹਾਂ ਮਿਲਾਵਟ ਨਹੀਂ ਰੁਕੀ ਹੈ । ਹਲਵਾਈਆਂ ਦੇ ਜੁਰਮਾਨੇ ਠੋਕੇ ਜਾਂਦੇ ਹਨ । ਕੋਈ ਸਮਾਂ ਹੁੰਦਾ ਸੀ ਜਦੋਂ ਸਭ ਕੁਝ ਸ਼ੁੱਧ ਮਿਲਦਾ ਸੀ। ਕੈਮੀਕਲ ਪਾ ਕੇ ਸ਼ਹਿਰ ਵਿੱਚ ਦੁੱਧ ਵੇਚਿਆ ਜਾ ਰਿਹਾ ਹੈ। ਲੋਕ ਮਜ਼ਬੂਰ ਹਨ। ਪੰਜਾਬ ਸਰਕਾਰ ਨੂੰ ਸਿਹਤ ਮਹਿਕਮੇ ਨਾਲ ਮਿਲ ਕੇ ਡੇਅਰੀ ਦੁਕਾਨਾਂ ਦੀ ਜਾਂਚ ਕਰਨੀ ਚਾਹੀਦੀ ਹੈ । ਪਨੀਰ ਖੋਆ, ਮੱਖਣ , ਵਿੱਚ ਮਿਲਾਵਟ ਧੜੱਲੇ ਨਾਲ ਵਿਕ ਰਹੀ ਹੈ।ਹੁਣ ਨਾ ਤਾਂ ਹਵਾ ਸਾਹ ਲੈਣ ਦੇ ਲਾਇਕ ਰਹੀ ,ਨਾ ਪੀਣ ਵਾਲਾ ਪਾਣੀ ਤੇ ਨਾ ਖਾਣ ਵਾਲੀਆਂ ਸ਼ੁੱਧ ਚੀਜ਼ਾਂ ।ਤਿੰਨੇ ਹੀ ਚੀਜ਼ਾਂ ਦੂਸ਼ਿਤ ਹੋ ਚੁੱਕੀਆਂ ਹਨ ।
ਸੰਜੀਵ ਸਿੰਘ ਸੈਣੀ
ਮੁਹਾਲੀ 7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly