ਪਹਿਲਾਂ ਕਈ ਖੋਜਾਂ ਵਿਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਓਮੇਗਾ-3 ਫੈਟ ਸਿਹਤ ਲਈ ਫ਼ਾਇਦੇਮੰਦ ਹੈ। ਹਾਲਾਂਕਿ ਇਹ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਕਿੰਨਾ ਕਾਰਗਰ ਹੋ ਸਕਦਾ ਹੈ, ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਓਮੇਗਾ-3 ਕਾਰਨ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵਧਣ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹਾਲੀਆ ਖੋਜ ‘ਚ ਵਿਗਿਆਨੀਆਂ ਨੇ ਇਨ੍ਹਾਂ ਦੋਵਾਂ ਪਹਿਲੂਆਂ ‘ਤੇ ਅਧਿਐਨ ਕੀਤਾ। ਅਮਰੀਕਾ ਦੇ ਇੰਟਰਮਾਊਂਟੇਨ ਹੈਲਥ ਕੇਅਰ ਹਾਰਟ ਇੰਸਟੀਚਿਊਟ ਦੇ ਖੋਜੀਆਂ ਨੇ ਦੱਸਿਆ ਕਿ ਓਮੇਗਾ-3 ਫੈਟ ਦੀ ਵਰਤੋਂ ਅਤੇ ਪ੍ਰਰੋਸਟੇਟ ਕੈਂਸਰ ਵਿਚਾਲੇ ਕੋਈ ਸਿੱਧਾ ਸਬੰਧ ਨਹੀਂ ਮਿਲਿਆ ਹੈ। ਇਸ ਲਈ ਪ੍ਰਰੋਸਟੇਟ ਕੈਂਸਰ ਦੇ 87 ਮਰੀਜ਼ਾਂ ਅਤੇ ਕੰਟਰੋਲ ਗਰੁੱਪ ਦੇ 149 ਲੋਕਾਂ ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ। ਇਸੇ ਤਰ੍ਹਾਂ 894 ਲੋਕਾਂ ‘ਤੇ ਕੀਤੇ ਗਏ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਓਮੇਗਾ-3 ਫੈਟ ਦੀ ਵਰਤੋਂ ਵਿਅਕਤੀ ਨੂੰ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਉਂਦੀ ਹੈ। ਇੱਥੋਂ ਤਕ ਕਿ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਵਿਚ ਵੀ ਇਸ ਦਾ ਫ਼ਾਇਦਾ ਦੇਖਿਆ ਗਿਆ।