ਤਰਨ ਤਾਰਨ (ਸਮਾਜ ਵੀਕਲੀ) : ਪੰਜਾਬ ਪੁਲੀਸ ਤੇ ਬੀਐੱਸਐੱਫ ਵੱਲੋਂ ਲੰਘੀ ਰਾਤ ਵਲਟੋਹਾ ਥਾਣਾ ਅਧੀਨ ਆਉਂਦੀ ਸਰਹੱਦੀ ਚੌਕੀ (ਬੀਓਪੀ) ਕਾਲੀਆ ਅਧੀਨ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਇੱਕ ਡਰੋਨ ਸਣੇ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਪੈਕੇਟਾਂ ਵਿੱਚ 3.06 ਕਿਲੋ ਨਸ਼ੀਲਾ ਪਦਾਰਥ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐੱਸਐੱਸਪੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਇੱਕ ਹਫ਼ਤੇ ਦੌਰਾਨ ਤਰਨ ਤਾਰਨ ਜ਼ਿਲ੍ਹੇ ਅੰਦਰ ਸਰਹੱਦ ਪਾਰ ਤੋਂ ਆਇਆ ਇਹ ਚੌਥਾ ਡਰੋਨ ਹੈ।
ਅਧਿਕਾਰੀ ਨੇ ਦੱਸਿਆ ਕਿ ਬੀਤੇ ਮੰਗਲਵਾਰ ਖੇਮਕਰਨ ਵਿੱਚ ਬਾਰਡਰ ਚੌਕੀ (ਬੀਓਪੀ) ਹਰਭਜਨ ਤੋਂ 6.68 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਡਰੋਨ ਬਰਾਮਦ ਕੀਤਾ ਗਿਆ ਸੀ ਅਤੇ ਇਸ ਦੇ ਅਗਲੇ ਹੀ ਦਿਨ ਖਾਲੜਾ ਦੇ ਪਿੰਡ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਇੱਕ ਟੁੱਟਿਆ ਹੋਇਆ ਡਰੋਨ ਬਰਾਮਦ ਕੀਤਾ ਗਿਆ ਸੀ। ਇਸੇ ਤਰ੍ਹਾ ਬੀਤੇ ਸ਼ੁੱਕਰਵਾਰ 5.60 ਕਿਲੋਗ੍ਰਾਮ ਹੈਰੋਇਨ ਸਣੇ ਇੱਕ ਹੋਰ ਡਰੋਨ ਵੀ ਡੇਗਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਪੁਲੀਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਕਾਲੀਆ ’ਚ ਡਰੋਨ ਦੀ ਹਲਚਲ ਵੇਖੀ, ਜਿਸ ਮਗਰੋਂ ਪਲੀਸ ਤੇ ਬੀਐੱਸਐੱਫ ਨੇ ਸਾਂਝੀ ਕਾਰਵਾਈ ਦੌਰਾਨ ਤਿੰਨ ਪੈਕੇਟ ਹੈਰੋਇਨ ਨਾਲ ਲੱਦਿਆ ਇੱਕ ਡਰੋਨ ਬਰਾਮਦ ਕੀਤਾ। ਇਸ ਸਬੰਧੀ ਵਲਟੋਹਾ ਪੁਲੀਸ ਨੇ ਕੇਸ ਦਰਜ ਕਰਕੇ ਹੈਰੋਇਨ ਦੀ ਇਹ ਖੇਪ ਮੰਗਵਾਉਣ ਵਾਲਿਆਂ ਦੀ ਭਾਲ ਆਰੰਭ ਦਿੱਤੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly