ਦੁਬਈ (ਸਮਾਜ ਵੀਕਲੀ) : ਇਰਾਨ ’ਚ ਹਿਜ਼ਾਬ ਲਾਜ਼ਮੀ ਪਹਿਨਣ ਸਬੰਧੀ ਸਰਕਾਰੀ ਨੀਤੀ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ’ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਨੇ ਮੁਲਕ ’ਚ ਸੋਮਵਾਰ ਤੋਂ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ। ਉਂਜ ਸਰਕਾਰ ’ਤੇ ਦਬਾਅ ਵਧਣ ਮਗਰੋਂ ਸਰਕਾਰੀ ਵਕੀਲ ਨੇ ਕਿਹਾ ਕਿ ਉਨ੍ਹਾਂ ਪੁਲੀਸ ਦੀਆਂ ਵਿਸ਼ੇਸ਼ ਇਕਾਈਆਂ ਭੰਗ ਕਰ ਦਿੱਤੀਆਂ ਹਨ ਜਿਨ੍ਹਾਂ ਇਕ ਮਹਿਲਾ ਨੂੰ ਹਿਰਾਸਤ ’ਚ ਲੈ ਲਿਆ ਸੀ ਜਿਸ ਮਗਰੋਂ ਦੇਸ਼ ’ਚ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਪੁਲੀਸ ਦੀਆਂ ਵਿਸ਼ੇਸ਼ ਇਕਾਈਆਂ ਭੰਗ ਕਰਨ ਬਾਰੇ ਅਜੇ ਕੋਈ ਤਸਦੀਕ ਨਹੀਂ ਕੀਤੀ ਹੈ ਅਤੇ ਇਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਸਰਕਾਰੀ ਵਕੀਲ ਮੁਹੰਮਦ ਜਾਫ਼ਰ ਮੋਂਟਾਜ਼ੇਰੀ ਕੋਲ ਪੁਲੀਸ ਬਲ ਦੀ ਜ਼ਿੰਮੇਵਾਰੀ ਨਹੀਂ ਹੈ।
ਉਧਰ ਇਰਾਨ ਦੇ ਸਿਖਰਲੇ ਆਗੂਆਂ ਨੇ ਵਾਰ-ਵਾਰ ਕਿਹਾ ਹੈ ਕਿ ਤਹਿਰਾਨ ਇਸਲਾਮਿਕ ਗਣਰਾਜ ਦੀ ਲਾਜ਼ਮੀ ਹਿਜਾਬ ਨੀਤੀ ’ਚ ਕੋਈ ਬਦਲਾਅ ਨਹੀਂ ਕਰੇਗਾ। ਇਸ ਨੀਤੀ ਤਹਿਤ ਮਹਿਲਾਵਾਂ ਨੂੰ ਸਾਦਾ ਲਿਬਾਸ ਅਤੇ ਹਿਜਾਬ ਪਹਿਨਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਮੁਲਕ ਦੇ ਕੱਟੜ ਧਾਰਮਿਕ ਸ਼ਾਸਕਾਂ ਨੂੰ ਚੁਣੌਤੀ ਦੇਣ ਲਈ ਤਿੰਨ ਦਿਨਾਂ ਆਰਥਿਕ ਹੜਤਾਲ ਕਰਨ ਅਤੇ ਬੁੱਧਵਾਰ ਨੂੰ ਤਹਿਰਾਨ ਦੇ ਆਜ਼ਾਦੀ ਚੌਰਾਹੇ ’ਚ ਰੈਲੀ ਕਰਨ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਇਬਰਾਹਿਮ ਰਾਇਸੀ ਵੀ ਉਸੇ ਦਿਨ ਵਿਦਿਆਰਥੀ ਦਿਵਸ ਮੌਕੇ ਤਹਿਰਾਨ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਐੱਚਆਰਏਐੱਨਏ ਖ਼ਬਰ ਏਜੰਸੀ ਮੁਤਾਬਕ ਦੇਸ਼ ’ਚ ਪ੍ਰਦਰਸ਼ਨਾਂ ਦੌਰਾਨ ਸ਼ਨਿਚਰਵਾਰ ਤੱਕ 470 ਵਿਅਕਤੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ’ਚ 64 ਨਾਬਾਲਿਗ ਸ਼ਾਮਲ ਹਨ।
ਉਸ ਮੁਤਾਬਕ ਸੁਰੱਖਿਆ ਬਲਾਂ ਦੇ 61 ਜਵਾਨ ਵੀ ਮਾਰੇ ਗਏ ਹਨ ਅਤੇ 18,210 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਰਾਨੀ ਲੇਬਰ ਖ਼ਬਰ ਏਜੰਸੀ ਨੇ ਮੋਂਟਾਜ਼ੇਰੀ ਦੇ ਹਵਾਲੇ ਨਾਲ ਸ਼ਨਿਚਰਵਾਰ ਨੂੰ ਕਿਹਾ ਕਿ ਪੁਲੀਸ ਦੀਆਂ ਵਿਸ਼ੇਸ਼ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਪੁਲੀਸ ਇਕਾਈ ਦਾ ਨਿਆਂਪਾਲਿਕਾ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਅਲ ਆਲਮ ਟੀਵੀ ਨੇ ਕਿਹਾ ਕਿ ਮੋਂਟਾਜ਼ੇਰੀ ਦੇ ਬਿਆਨ ਨੂੰ ਵਿਦੇਸ਼ੀ ਮੀਡੀਆ ਪ੍ਰਦਰਸ਼ਨਕਾਰੀਆਂ ਦੀ ਜਿੱਤ ਕਰਾਰ ਦੇ ਰਿਹਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly