ਦਿੱਲੀ ’ਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ

ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਸਰਕਾਰੀ ਤੇ ਕਲੱਸਟਰ ਯੋਜਨਾ ਤਹਿਤ ਚੱਲਦੀਆਂ ਬੱਸਾਂ ਵਿੱਚ ਅੱਜ ਤੋਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਬੱਸਾਂ ’ਤੇ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਗੁਲਾਬੀ ਕਾਰਡ ਦਿੱਤੇ ਗਏ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਯੋਜਨਾ ਨਾਲ ਜਿੱਥੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਮਦਦ ਮਿਲੇਗੀ, ਉਥੇ ਔਰਤਾਂ ਨਾਲ ਹੁੰਦੇ ਲਿੰਗ ਆਧਾਰਿਤ ਵਿਤਕਰੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ‘ਏਕੇ ਐਪ’ ਰਾਹੀਂ ਉਕਤ ਯੋਜਨਾ ਨੂੰ ‘ਭਾਈ ਦੂਜ’ ਦੇ ਤਿਓਹਾਰ ਮੌਕੇ ਔਰਤਾਂ ਲਈ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥਣਾਂ ਨੂੰ ਆਪਣੀ ਪੜ੍ਹਾਈ ਵਿਚਾਲੇ ਨਹੀਂ ਛੱਡਣੀ ਪਵੇਗੀ ਤੇ ਉਹ ਬੱਸਾਂ ਰਾਹੀਂ ਸਫ਼ਰ ਕਰ ਕੇ ਦੂਰ ਦਰਾਜ ਦੇ ਸਕੂਲਾਂ/ਕਾਲਜਾਂ ’ਚ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਦਫ਼ਤਰਾਂ ਦੀਆਂ ਕੰਮਕਾਜੀ ਔਰਤਾਂ ਨੂੰ ਵੀ ਟਰਾਂਸਪੋਰਟ ਨੂੰ ਲੈ ਕੇ ਚਿੰਤਤ ਹੋਣ ਦੀ ਲੋੜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਬਜ਼ੁਰਗਾਂ ਤੇ ਵਿਦਿਆਰਥੀਆਂ ਲਈ ਵੀ ਮੁਫ਼ਤ ਬੱਸ ਸ਼ੁਰੂ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਔਰਤਾਂ ਲਈ ਮੁਫਤ ਯਾਤਰਾ ਅੱਜ ਤੋਂ ਹੀ ਦਿੱਲੀ ਬੱਸਾਂ ਵਿੱਚ ਸ਼ੁਰੂ ਹੋ ਗਈ ਹੈ। ਔਰਤਾਂ ਦੀ ਸੁਰੱਖਿਆ ਦੇ ਨਾਲ-ਨਾਲ ਇਹ ਕਦਮ ਦਿੱਲੀ ਦੀ ਆਰਥਿਕਤਾ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਏਗਾ। ਹੁਣ ਤੋਂ ਔਰਤਾਂ ਦਿੱਲੀ ਦੀਆਂ ਬੱਸਾਂ ਵਿਚ ਮੁਫਤ ਯਾਤਰਾ ਕਰ ਸਕਣਗੀਆਂ। ਦਿੱਲੀ ਦੀ ਕਲੱਸਟਰ ਸਕੀਮ ਅਧੀਨ ਲਗਪਗ 3700 ਡੀਟੀਸੀ ਬੱਸਾਂ ਤੇ 1800 ਹੋਰ ਬੱਸਾਂ ਹਨ।

Previous articleਕਾਰੋਬਾਰੀ ਵਲੋਂ ਪਤਨੀ ਤੇ ਪੁੱਤ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ
Next articleਪੀਐੱਮਸੀ ਖਾਤਾਧਾਰਕਾਂ ਵੱਲੋਂ ਰਿਜ਼ਰਵ ਬੈਂਕ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ