ਇਰਾਕ ਵਿੱਚ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਵਿੱਚ ਜੁਟੇ ਸੁਰੱਖਿਆ ਬਲ

ਇਰਾਕੀ ਸੁਰੱਖਿਆ ਬਲਾਂ ਨੇ ਬਗਦਾਦ ਵਿੱਚ ਸੁਸਤ ਪਏ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਸ਼ਨਿਚਰਵਾਰ ਸਵੇਰੇ ਅੱਥਰੂ ਗੈਸ ਦੇ ਗੋਲੇ ਦਾਗੇ। ਪਹਿਲੀ ਅਕਤੂਬਰ ਤੋਂ ਸ਼ੁਰੂ ਹੋਈਆਂ ਸਰਕਾਰ ਵਿਰੋਧੀ ਰੈਲੀਆਂ ਦੌਰਾਨ, ਬਗਦਾਦ ਅਤੇ ਮੁਲਕ ਦੇ ਸ਼ੀਆ ਆਬਾਦੀ ਵਾਲੇ ਦੱਖਣੀ ਖੇਤਰ ਵਿੱਚ ਕਰੀਬ 200 ਵਿਅਕਤੀ ਮਾਰੇ ਗਏ ਅਤੇ ਹਜ਼ਾਰ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਲਗਪਗ ਇਕ ਚੌਥਾਈ ਅਰਥਾਤ 42 ਲੋਕਾਂ ਦੀ ਗੋਲੀ ਲੱਗਣ, ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਜਾਂ ਸਰਕਾਰੀ ਇਮਾਰਤਾਂ ਜਾਂ ਦਫ਼ਤਰਾਂ ਨੂੰ ਅੱਗ ਲੱਗਣ ਕਾਰਨ ਮੌਤ ਹੋਈ। ਦੱਖਣ ਵਿੱਚ ਹੋ ਰਹੀਆਂ ਰੈਲੀਆਂ ਵਿੱਚ ਸੂਬਾਈ ਮੁੱਖ ਦਫ਼ਤਰ ਤੇ ਸੰਸਦ ਮੈਂਬਰਾਂ ਦੇ ਦਫ਼ਤਰਾਂ ’ਤੇ ਹਮਲਾ ਕਰਕੇ ਨੇ ਨਵੇਂ ਸਿਰਿਓਂ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਰਾਜਧਾਨੀ ਵਿੱਚ ਫਿਲਹਾਲ ਅਜਿਹੇ ਹਮਲੇ ਨਹੀਂ ਹੋ ਰਹੇ। ਬਗਦਾਦ ਵਿੱਚ ਸੈਂਕੜੇ ਮੁਜ਼ਾਹਰਾਕਾਰੀ ਸ਼ਨਿਚਰਵਾਰ ਸਵੇਰੇ ਤਹਿਰੀਰ ਸਕੁਏਅਰ ਨੇੜੇ ਇਕੱਠੇ ਹੋਏ ਜਦੋਂ ਕਿ ਪੁਲੀਸ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਉਨ੍ਹਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰਦੀ ਰਹੀ। ਇਰਾਕ ਓਪੀਈਸੀ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਹੈ ਪਰ ਵਿਸ਼ਵ ਬੈਂਕ ਮੁਤਾਬਿਕ ਹਰ ਪੰਜ ਵਿੱਚੋਂ ਇਕ ਵਿਅਕਤੀ ਗਰੀਬੀ ਰੇਖਾ ਦੇ ਹੇਠਾਂ ਜੀਵਨ ਬਸਰ ਕਰ ਰਿਹਾ ਹੈ। ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 25 ਫੀਸਦੀ ਹੈ। ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਇਥੇ ਪਹਿਲੀ ਅਕਤੂਬਰ ਨੂੰ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਸਰਕਾਰ ਕਿਸੇ ਤਰ੍ਹਾਂ ਲੋਕਾਂ ਨੂੰ ਸ਼ਾਂਤ ਕਰਨ ਲਈ ਸੰਘਰਸ਼ ਕਰਦੀ ਦਿਖਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਆਦਿਲ ਅਬਦੇਲ ਮਹਿਦੀ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਚਾਲਕਾਂ ਦੀ ਨਿਯੁਕਤੀ, ਪੈਨਸ਼ਨ ਵਧਾਉਣ ਅਤੇ ਮੰਤਰੀ ਮੰਡਲ ਵਿੱਚ ਫੇਰਬਦਲ ਸਮੇਤ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਹਨ।

Previous articleਧਾਰਾ 370 ਹਟਾਏ ਜਾਣ ਮਗਰੋਂ ਤਰੱਕੀ ਦੇ ਰਾਹ ਪਿਆ ਕਸ਼ਮੀਰ: ਸ਼ਾਹ
Next articleਰੇਲਵੇ ਦੀ ਢੋਆ-ਢੁਆਈ ਤੋਂ ਕਮਾਈ ’ਚ 3900 ਕਰੋੜ ਦਾ ਘਾਟਾ