ਧਾਰਾ 370 ਹਟਾਏ ਜਾਣ ਮਗਰੋਂ ਤਰੱਕੀ ਦੇ ਰਾਹ ਪਿਆ ਕਸ਼ਮੀਰ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੁਹਰਾਇਆ ਹੈ ਕਿ ਵਾਦੀ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ, ‘‘ਕਸ਼ਮੀਰ ਵਿਚ ਇੱਕ ਵੀ ਗੋਲੀ ਨਹੀਂ ਚਲਾਈ ਗਈ ਅਤੇ ਨਾ ਹੀ ਕਿਸੇ ਦੀ ਮੌਤ ਹੋਣ ਦੀ ਸੂਚਨਾ ਹੈ।’’ ਜੰਮੂੁ ਕਸ਼ਮੀਰ ਪੁਨਰਗਠਨ ਐਕਟ 2019 ਲਾਗੂ ਹੋਣ ਵਿੱਚ ਹੁਣ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ।
ਸ਼ਾਹ ਨੇ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਧਾਰਾ 370 ਅਤੇ 35 ਏ ਹਟਾਏ ਜਾਣ ਨਾਲ ਕਸ਼ਮੀਰ ਦੇ ਵਿਕਾਸ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੇ ਆਪਣੇ ਆਖਰੀ ਦਿਨ ਗਿਣਨੇ ਸ਼ੁਰੂ ਕਰ ਦਿੱਤੇ ਹਨ।’’ ਸ਼ਾਹ ਨੇ ਕਿਹਾ, ‘‘ਕਾਂਗਰਸ ਨੇਤਾਵਾਂ ਨੇ ਸੰਸਦ ਵਿੱਚ ਕਿਹਾ ਸੀ ਕਿ ਖੂਨ-ਖਰਾਬਾ ਹੋਵੇਗਾ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ, ਅਜਿਹਾ ਕੁਝ ਨਹੀਂ ਹੋਇਆ ਹੈ। ਨਾ ਤਾਂ ਕੋਈ ਗੋਲੀ ਚੱਲੀ ਹੈ ਅਤੇ ਨਾ ਹੀ ਕਿਸੇ ਦੀ ਮੌਤ ਦੀ ਕੋਈ ਸੂਚਨਾ ਹੈ। ਕਸ਼ਮੀਰ ਸ਼ਾਂਤੀ ਨਾਲ ਵਿਕਾਸ ਦੇ ਰਾਹ ’ਤੇ ਹੈ।’’ ਉਨ੍ਹਾਂ ਕਿਹਾ ਕਿ ਧਾਰਾ 370 ਅਤੇ 35ਏ ਹਟਾਏ ਜਾਣ ਨਾਲ ਕਸ਼ਮੀਰ ਦਾ ਹਮੇਸ਼ਾ ਲਈ ਭਾਰਤ ਨਾਲ ਰਲੇਵਾਂ ਹੋਣ ਵਿੱਚ ਮਦਦ ਮਿਲੀ ਅਤੇ ਇਹ ਕਦਮ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਮਰਹੂਮ ਸਰਦਾਰ ਪਟੇਲ ਦੇ ਸੁਫ਼ਨੇ ਨੂੰ ਪਰਾ ਕਰਨ ਦਾ ਇੱਕ ਤਰੀਕਾ ਹੈ। ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਨੇ ਦੇਸੀ ਰਿਆਸਤਾਂ ਦਾ ਭਾਰਤ ਵਿੱਚ ਰਲੇਵਾਂ ਕੀਤਾ, ਪਰ ਕਸ਼ਮੀਰ ਰਹਿ ਗਿਆ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਉਨ੍ਹਾਂ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਇਨ੍ਹਾਂ ਧਾਰਾਵਾਂ ਨੂੰ ਰੱਦ ਕਰ ਦਿੱਤਾ। ਸ਼ਾਹ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਕੇਵੜੀਆ ਵਿੱਚ 182 ਮੀਟਰ ਉੱਚਾ ਬੁੱਤ ‘ਸਟੈਚੂ ਆਫ ਯੂਨਿਟੀ’ ਭਾਰਤ ਦੇ ‘ਲੋਹ ਪੁਰਸ਼ ਦੇ 70 ਵਰ੍ਹਿਆਂ ਦੇ ਅਪਮਾਨ’ ਨੂੰ ਦਰੁਸਤ ਕਰਨ ਦਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਕੇਵੜੀਆ ਵਿੱਚ ਸਰਦਾਰ ਪਟੇਲ ਦਾ ਬੁੱਤ ਦੇਖਦਾ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ 70 ਸਾਲ ਸਰਦਾਰ ਪਟੇਲ ਨੂੰ ਮਿਲੇ ਅਪਮਾਨ ਨੂੰ ਕਿਸ ਤਰ੍ਹਾਂ ਵਿਆਜ ਸਮੇਤ ਵਾਪਸ ਕੀਤਾ ਗਿਆ। ਅੱਜ ਸਟੈਚੂ ਆਫ ਯੂਨਿਟੀ ਅਜਿਹੀ ਥਾਂ ਬਣ ਗਿਆ ਹੈ, ਜਿੱਥੇ ਸਭ ਤੋਂ ਵੱਧ ਸੈਲਾਨੀ ਆਉਂਦੇ ਹਨ।

Previous articleਖੇਤੀ ਅਫ਼ਸਰਾਂ ਨੇ ਪਰਾਲੀ ਦੇ ਜੁਰਮਾਨੇ ਦੀਆਂ ਪਰਚੀਆਂ ਪਾੜੀਆਂ
Next articleਇਰਾਕ ਵਿੱਚ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਵਿੱਚ ਜੁਟੇ ਸੁਰੱਖਿਆ ਬਲ