ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਸੀਏਜੀ (ਕੈਗ) ਦਿੱਲੀ ਨੂੰ 5-1 ਦੇ ਫਰਕ ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਲਿਆ ਜਦ ਕਿ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਭਾਰਤੀ ਏਅਰ ਫੋਰਸ ਨੂੰ 1-0 ਦੇ ਫਰਕ ਨਾਲ ਹਰਾ ਕੇ ਨਾਕ ਆਊਟ ਵਰਗ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ। ਜਦਕਿ ਸਮਾਰੋਹ ਦੀ ਪ੍ਰਧਾਨਗੀ ਵਿਧਾਇਕ ਪਰਗਟ ਸਿਂੰਘ ਨੇ ਕੀਤੀ। ਇਸ ਮੌਕੇ ਤੇ ਸਰਕਾਰੀ ਸਕੂਲ ਆਦਰਸ਼ ਨਗਰ ਦੀਆਂ ਬੱਚੀਆਂ ਨੇ ਸ਼ਬਦ ਗਾਇਨ ਕੀਤਾ ਜਦਕਿ ਡੇਵੀਅਟ ਦੀਆਂ ਮੁਟਿਆਰਾਂ ਨੇ ਗਿੱਧਾ ਅਤੇ ਗਭਰੂਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ।
ਦੂਜੇ ਦਿਨ ਦੋ ਮੈਚ ਖੇਡੇ ਗਏ। ਉਦਘਾਟਨੀ ਮੈਚ ਦੇ ਸ਼ੁਰੂਆਤੀ ਪਲਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਦਬਦਬਾ ਬਣਾਇਆ, ਪਰ ਲੀਡ ਨਹੀਂ ਲੈ ਸਕਿਆ। ਪਹਿਲੇ ਕੁਆਰਟਰ ਦੇ ਆਖਰੀ ਮਿੰਟ ਵਿੱਚ ਕੈਗ ਦੇ ਇਮਰਾਨ ਖਾਨ (ਜੂਨੀਅਰ) ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਦੂਜੇ ਕੁਆਰਟਰ ਦੇ 22ਵੇਂ ਮਿੰਟ ਵਿੱਚ ਬੈਂਕ ਦੇ ਵਰਿੰਦਰ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ। ਤੀਜੇ ਕੁਆਰਟਰ ਦੇ 35ਵੇਂ ਮਿੰਟ ਵਿੱਚ ਬੈਂਕ ਦੇ ਪ੍ਰਿੰਸ ਨੇ ਪੈਨਲਟੀ ਕਾਰਨਰ ਰਾਹੀਂ ਅਤੇ 38ਵੇਂ ਮਿੰਟ ਵਿੱਚ ਜਸਕਰਨ ਸਿੰਘ ਨੇ ਮੈਦਾਨੀ ਗੋਲ ਕਰਕੇ ਬੈਂਕ ਨੂੰ 3-1 ਨਾਲ ਅੱਗੇ ਕਰ ਦਿੱਤਾ। 49ਵੇਂ ਮਿੰਟ ਵਿੱਚ ਬੈਂਕ ਦੇ ਰਣਜੋਧ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 4-1 ਕੀਤਾ। 57ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 5-1 ਕੀਤਾ। ਪਹਿਲੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ ਭਾਰਤੀ ਏਅਰ ਫੋਰਸ ਨੇ ਸਖ਼ਤ ਟੱਕਰ ਦਿੱਤੀ। ਬੈਂਕ ਵੱਲੋਂ ਖੇਡ ਦੇ 26ਵੇਂ ਮਿੰਟ ਵਿੱਚ ਵਿਸ਼ਾਲ ਆਂਟਿਲ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਖਾਤਾ ਖੋਲਿਆ। ਅੱਧੇ ਸਮੇਂ ਤੱਕ ਬੈਂਕ 1-0 ਨਾਲ ਅੱਗੇ ਸੀ। ਬੈਂਕ ਦੀ ਜਿੱਤ ਵਿੱਚ ਬੈਂਕ ਦੇ ਗੋਲ ਕੀਪਰ ਜਸਬੀਰ ਸਿੰਘ ਦਾ ਅਹਿਮ ਯੋਗਦਾਨ ਰਿਹਾ।
Sports ਸੁਰਜੀਤ ਹਾਕੀ: ਪੰਜਾਬ ਐਂਡ ਸਿੰਧ ਬੈਂਕ ਲੀਗ ਗੇੜ ’ਚ ਦਾਖ਼ਲ