“ਨਿਹਾਲਾ”

(ਸਮਾਜ ਵੀਕਲੀ)

ਡਿਊਟੀ ਤੋਂ ਆ ਕੇ ਕਪੜੇ ਬਦਲ ਕੇ ਬੈੱਡ ‘ਤੇ ਚਟਾਈ ਵਿਛਾਈ ਤੇ ਰੋਟੀ ਦਾ ਇੰਤਜ਼ਾਰ ਕਰਨ ਲੱਗਾ। ਪਤਨੀ ਗਰਮ ਗਰਮ ਰੋਟੀ ਪਕਾ ਰਹੀ ਸੀ। ਮਿੰਟਾਂ ਵਿਚ ਹੀ ਉਸ ਨੇ ਮੇਰੇ ਸਾਹਮਣੇ ਰੋਟੀ ਵਾਲੀ ਥਾਲੀ ਲਗਾ ਦਿੱਤੀ। ਮੈਂ ਅਜੇ ਪਹਿਲੀ ਬੁਰਕੀ ਤੋੜ ਕੇ ਮੂੰਹ ਵਿਚ ਪਾਈ ਹੀ ਸੀ ਕਿ ਘੰਟੀ ਵੱਜ ਗਈ। ਪਤਨੀ ਨੇ ਕਿਹਾ ਤੁਸੀਂ ਰੋਟੀ ਖਾਓ, ਮੈਂ ਦੇਖਦੀ ਹਾਂ ਬਾਹਰ ਕੌਣ ਹੈ। ਉਹ ਗੈਸ ਨੂੰ ਸਿੱਮ ‘ਤੇ ਕਰਕੇ ਬਾਹਰ ਗੇਟ ਖੋਲ੍ਹਣ ਗਈ।

ਜਦੋਂ ਇੱਕ, ਦੋ ਮਿੰਟ ਇੰਤਜ਼ਾਰ ਤੋਂ ਬਾਅਦ ਉਹ ਨਾ ਮੁੜੀ ਮੈਂ ਅੰਦਰੋਂ ਹੀ ਆਵਾਜ਼ ਦਿੱਤੀ ,” ਕੌਣ ਹੈ ?”

ਹੁਣ ਉਹ ਵੀ ਅੰਦਰ ਵੱਲ ਆ ਰਹੀ ਸੀ।

ਮੈਂ ਫ਼ੇਰ ਪੁੱਛਿਆ ਕੌਣ ਹੈ। ਉਸ ਨੇ ਕਿਹਾ ਕਿ ਕੋਈ ਅੱਧ-ਖੜ੍ਹ ਜਾ ਪੰਜਾਹ ਪੱਚਵੰਜਾ ਸਾਲ ਦਾ ਗਰੀਬ ਜਿਹਾ ਬੰਦਾ ਹੈ। ਕਹਿੰਦਾ ਮੈਂ ਪਾਲ ਵੀਰ ਜੀ ਨੂੰ ਮਿਲਣਾ ਹੈ। ਮੈਂ ਉਸ ਨੂੰ ਕਿਹਾ, ਉਹ ਰੋਟੀ ਖਾ ਰਹੇ ਹਨ ਤੂੰ ਅੰਦਰ ਆ ਕੇ ਬੈਠ ਜਾਹ ਪਰ ਉਹ ਬਾਹਰ ਹੀ ਖੜ੍ਹਾ ਹੈ।
ਕੋਈ ਮਜ਼ਬੂਰ ਜਾ ਲੱਗਦੈ,ਤੇ ਮੈਨੂੰ ਕਾਹਲੀ ਵਿਚ ਵੀ ਲੱਗਿਆ। ਮੈਂ ਰੋਟੀ ਉੱਥੇ ਹੀ ਛੱਡ ਕੇ ਉੱਠਣ ਲੱਗਿਆ ਤਾਂ ਪਤਨੀ ਨੇ ਕਿਹਾ,” ਪਹਿਲਾਂ ਰੋਟੀ ਖਾ ਲਵੋ ਫੇਰ ਦੇਖ ਲੈਣਾ।”

ਪਰ ਮੈਂ ਉਸ ਦੀ ਕਹੀ ਅਣਸਣੀ ਕਰਕੇ ਬਾਹਰ ਨੂੰ ਆ ਗਿਆ ਤੇ ਉਸ ਨੂੰ ਗੇਟ ਵੱਲ ਵਧਦੇ ਵਧਦੇ ਕਿਹਾ, ” ਤੂੰ ਅਜੇ ਗੈਂਸ ਬੰਦ ਕਰ ਦੇ, ਬਾਅਦ ਵਿੱਚ ਹੀ ਰੋਟੀ ਖਾਵਾਂਗਾ।”

ਗੇਟ ‘ਤੇ ਪਹੁੰਚਿਆ ਤਾਂ ਦੇਖਿਆ ਸਾਹਮਣੇ ਇੱਕ ਲਿੱਬੜਿਆ ਜਿਹਾ , ਘਸੇ-ਪੁਰਾਣੇ ਕਪੜਿਆਂ ਚ ਲਿਪਟਿਆ ਬੰਦਾ ਖੜ੍ਹਾ ਸੀ।
ਕਹਿਣ ਨੂੰ ਉਹ ਮਨੁੱਖ ਜਾਪਦਾ ਸੀ ਪਰ ਉਸ ਵਿਚ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਿਊਣ ਵਾਲੇ ਸਾਰੇ ਕਣ ਮਰ ਚੁੱਕੇ ਹੋਣ।
ਮੈਂ ਉਸ ਨੂੰ ਪਹਿਚਾਣ ਹੀ ਰਿਹਾ ਸੀ ਕਿ ਉਹ ਅੱਗਿਓ ਬੋਲਿਆ,”ਪਾਲ ਵੀਰ ਜੀ ਤੁਸੀਂ ਮੈਨੂੰ ਪਹਿਚਾਣਿਆ ਨਹੀਂ! ”
ਇਸ ਤੋਂ ਬਾਅਦ ਸਾਡੇ ਦੋਵਾਂ ਦੇ ਹੋਂਠਾਂ ‘ਚੋਂ ਇੱਕ ਹੀ ਸ਼ਬਦ ਨਿਕਲਿਆ,
ਨਿਹਾਲਾ।
ਨਿਹਾਲਾ ?

ਬੱਸ ਮੈਂ ਪੁੱਛਣ ਲਈ ਤੇ ਉਸ ਨੇ ਦੱਸਣ ਲਈ।

ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ।

ਮੈਂ ਉਸ ਨੂੰ ਬੁੱਕਲ ਵਿਚ ਲੈ ਕੇ ਬਾਹਰ ਬਰਾਡੇ ਵਿਚ ਲੈ ਆਇਆ ਤੇ ਉਸ ਨੂੰ ਪੁੱਛਿਆ,” ਇਹ ਤੇਰੀ ਹਾਲਤ ਕਿਸ ਤਰ੍ਹਾਂ ਦੀ ਹੋਈ ਪਈ ਆ!
ਉਸ ਨੇ ਸਿਰਫ਼ ਕੰਬਦੇ ਬੁੱਲ੍ਹਾ ਨਾਲ ਐਨਾ ਹੀ ਕਿਹਾ,” ਵੀਰ ਜੀ ਤੁਸੀਂ ਮੈਨੂੰ ਪਛਾਣ ਲਿਆ ! ਹੁਣ ਉਸ ਦੀਆਂ ਅੱਖਾਂ ਵਿੱਚ ਇੱਕ ਖਾਸ ਕਿਸਮ ਦੀ ਝਲਕ ਸੀ। ਖੜ੍ਹੇ ਖੜ੍ਹੇ ਹੀ ਉਸ ਨੇ ਆਪਣੀ ਗਾਥਾ ਸੁਣਾਉਣੀ ਸ਼ੁਰੂ ਕਰ ਦਿੱਤੀ ਕਿ ਕਿਸ ਤਰ੍ਹਾਂ ਉਸ ਦਾ ਪੰਦਰਾਂ ਸਾਲ ਦਾ ਪੁੱਤਰ ਬਸੰਤ ਵਾਲੇ ਦਿਨ ਪਤੰਗ ਉਡਾਉਂਦਾ ਛੱਤ ਤੋਂ ਗਿਰ ਗਿਆ । ਦੋਵੇਂ ਲੱਤਾਂ ਟੁੱਟ ਗਈਆਂ, ਜਾਨ ਤੋਂ ਤਾਂ ਬਚ ਗਿਆ ਪਰ ਇਲਾਜ ਲਈ ਜੋ ਪੈਸੇ ਸਨ ਮੈਂ ਉਸ ਉੱਪਰ ਖ਼ਰਚ ਕਰ ਦਿੱਤੇ। ਲੋਕ -ਗਾਇਕ ….. ਬਾਹਰਲੇ ਮੁਲਕ ਜਾਂਦੇ ਹੋਏ ਇਲਾਜ ਲਈ ਪੱਚੀ ਹਜ਼ਾਰ ਰੁਪਏ ਦੇ ਗਿਆ ਸੀ ਉਹ ਸਾਰੇ ਲੱਗ ਗਏ ।

ਮੈਨੂੰ ਉਸ ਦੀ ਦਵਾਈ ਲੈਣ ਲਈ ਕੁੱਝ ਮੱਦਦ ਦੀ ਜ਼ਰੂਰਤ ਹੈ। ਐਨੀ ਗੱਲ ਕਰ ਕੇ ਉਸ ਦਾ ਗੱਚ ਭਰ ਆਇਆ ਸੀ। ਮੇਰੀਆਂ ਅੱਖਾਂ ਭਰ ਗਈਆਂ ਸਨ। ਮੈਂ ਅੰਦਰ ਕਮਰੇ ਵਿੱਚ ਗਿਆ ਪਰਸ ਚੋਂ ਕੁਝ ਰੁਪਏ ਕੱਢੇ ਤਾਂ ਪਤਨੀ ਨੇ ਪੁੱਛਿਆ,” ਕੌਣ ਹੈ ਇਹ ਬੰਦਾ?”
ਮੈਂ ਉਸ ਨੂੰ ਦੱਸਿਆ ਕਿ ਉਸ ਦੇ ਬੇਟੇ ਦੀਆਂ ਡਿੱਗ ਕੇ ਦੋਵੇਂ ਲੱਤਾਂ ਟੁੱਟ ਗਈਆਂ ਹਨ, ਉਸ ਨੂੰ ਕੁਝ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ। ਪਤਨੀ ਜੋ ਮੇਰੇ ਸੁਭਾਅ ਤੋਂ ਪਿਛਲੇ ਤੀਹ ਸਾਲਾਂ ਤੋਂ ਵਾਕਫ਼ ਸੀ ਨੇ ਇੱਕ ਵਾਰ ਫਿਰ ਪੁੱਛਿਆ, ” ਕੌਣ ਹੈ ਇਹ ? ਤੁਹਾਨੂੰ ਕਿਵੇਂ ਜਾਣਦੈ ?

ਮੈਂ ਉਸ ਨੂੰ ਦੱਸਿਆ ਇਹ ਨਿਹਾਲਾ ਹੈ,
ਜਿਸ ਨੇ 1988 ਵਿਚ ਮੇਰੇ ਵਿਆਹ ਵੇਲੇ ,
…….ਗਾਇਕ ਨਾਲ ਗਾਉਂਦੇ ਹੋਏ,ਘੜਾ ਵਜਾਇਆ ਸੀ। ਐਨੀ ਗੱਲ ਉਸ ਨੂੰ ਦੱਸ ਕੇ ਮੈਂ ਕੁਝ ਰੁਪਏ ਲੈ ਕੇ ਬਾਹਰ ਆ ਗਿਆ। ਜਦੋਂ ਨਿਹਾਲੇ ਨੂੰ ਰੁਪਏ ਫੜਾਏ ਤਾਂ ਉਹ ਬਹੁਤ ਖ਼ੁਸ਼ ਸੀ। ਮੈਂ ਉਸ ਨੂੰ ਪੁੱਛਿਆ,”ਤੈਨੂੰ ਮੇਰਾ ਘਰ ਕਿਵੇਂ ਪਤਾ ਲੱਗਿਆ ?”

ਉਸ ਨੇ ਦੱਸਿਆ ਕਿ 1991 ਵਿੱਚ ਇੱਕ ਵਾਰ ਮੈਂ ਭਾਅ ਜੀ ਨਾਲ ਆਇਆ ਸੀ। ਮੈਂ ਉਸ ਨੂੰ ਚਾਹ ਪਾਣੀ ਪੀਣ ਦੀ ਤਾਕੀਦ ਕੀਤੀ ਪਰ ਉਹ ਬਹੁਤ ਕਾਹਲੀ ਵਿਚ ਸੀ, ਉਹ ਜਾਣ ਹੀ ਲੱਗਿਆ ਸੀ ਕਿ ਪਤਨੀ ਮੇਰਾ ਪਰਸ ਹੱਥ ਵਿੱਚ ਚੁੱਕੀ ਆ ਰਹੀ ਸੀ । ਉਸ ਨੇ ਮੇਰੇ ਪਰਸ ‘ਚ ਜਿੰਨੇ ਵੀ ਰੁਪਏ ਸਨ ਸਾਰੇ ਕੱਢ ਕੇ ਨਿਹਾਲੇ ਨੂੰ ਦੇ ਦਿੱਤੇ। ਮੇਰਾ ਵੀ ਗਲੇਡੂ ਭਰ ਆਇਆ। ਨਿਹਾਲਾ ਜਾ ਚੁੱਕਾ ਸੀ।ਮੇਰੀਆਂ ਅੱਖਾਂ ਸਾਹਮਣੇ ਇੱਕ ਵਾਰ ਦੂਰ ਪ੍ਰਦੇਸ ਵਿਚ ਨੌਕਰੀ ਕਰਦਾ ਮੇਰਾ ਪੁੱਤਰ ਵੀ ਆਇਆ। ਮੈਂ ਅੰਦਰ ਆ ਗਿਆ ।

ਇੱਕ ਦਮ ਸੰਕਾ ਨੇ ਮੈਨੂੰ ਘੇਰ ਲਿਆ। ਕੀ ਸੱਚ-ਮੁੱਚ ਹੀ ਨਿਹਾਲਾ ਸੱਚੀ ਗੱਲ ਦੱਸ ਕੇ ਪੈਸੇ ਲੈ ਕੇ ਗਿਆ ਹੈ ! ਮੈਂ ਪਤਨੀ ਨੂੰ ਬਿਨਾਂ ਦੱਸੇ ਇੱਕ ਵਾਰ ਫਿਰ ਤੋਂ ਬਾਹਰ ਆ ਕੇ ਲੋਕ-ਗਾਇਕ ਨੂੰ ਫ਼ੋਨ ਲਾ ਲਿਆ। ਉਸ ਨੇ ਦੱਸਿਆ ਕਿ ਬਸੰਤ ਵਾਲੇ ਦਿਨ ਇਹ ਹਾਦਸਾ ਵਾਪਰ ਗਿਆ ਸੀ। ਮੈਂ ਬਾਹਰ ਜਾਂਦੇ ਹੋਏ ਉਸ ਦੀ ਮੱਦਦ ਕਰ ਗਿਆ ਸੀ। ਵੀਰ ਜੀ ਤੁਸੀਂ ਵੀ ਮੱਦਦ ਕਰ ਕੇ ਬਹੁਤ ਹੀ ਪੁੰਨ ਦਾ ਕੰਮ ਕੀਤਾ। ਉਹ ਪਿਛਲੇ ਸਮੇਂ ਤੋਂ ਕਚਹਿਰੀਆਂ ਵਿਚ ਚਾਹ ਦਾ ਖੋਖਾ ਲਗਾ ਕੇ ਗੁਜ਼ਾਰਾ ਕਰਦਾ ਹੈ।

ਮੇਰੇ ਮਨ ਨੂੰ ਤਸੱਲੀ ਹੋਈ ਕਿਉਂਕਿ ਮੈਂ ਉਸ ਨੂੰ 27 ਸਾਲਾਂ ਬਾਅਦ ਦੇਖਿਆ ਸੀ । ਮੇਰੇ ਮਨ ਚ ਸ਼ੱਕ ਆਇਆ ਸੀ ਸ਼ਾਇਦ ਨਿਹਾਲਾ ਨਸ਼ੇ ਨਾ ਕਰਦਾ ਹੋਵੇ, ਪਰ ਮੇਰੀ ਪਤਨੀ ਦਾ ਮੇਰੇ ਤੋਂ ਪਹਿਲਾਂ ਉਸ ਨੂੰ ਮਿਲ ਕੇ ਮੇਰਾ ਪਰਸ ਚੁੱਕ ਕੇ ਲਿਆਉਣਾ ਤੇ ਮੇਰੇ ਸਾਰੇ ਰੁਪਏ ਕੱਢ ਕੇ ਨਿਹਾਲੇ ਨੂੰ ਦੇਣਾ, ਉਸ ਦੇ ਆਤਮ ਵਿਸ਼ਵਾਸ ਦੀ ਪ੍ਰਤਿਸਿਖਰ ਸੀ।

(ਜਸਪਾਲ ਜੱਸੀ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਬੱਚਿਆਂ ਦਾ ਕਿਰਦਾਰ ਸਿਹਤਮੰਦ ਬਣਾਈਏ.
Next articleਸੁਰਮਾ