ਬੀਜਿੰਗ : ਚੀਨ ਦੇ ਪੂਰਬੀ ਜਿਆਂਗਸੂ ਸੂਬੇ ਵਿਚ ਯਾਤਰੀਆਂ ਨਾਲ ਭਰੀ ਇਕ ਬੱਸਅਤੇ ਟਰੱਕ ਦੀ ਟੱਕਰ ਵਿਚ 36 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 36 ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿਚੋਂ ਕਈ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਸ਼ਨਿੱਚਰਵਾਰ ਸਵੇਰੇ ਇਕ ਐਕਸਪ੍ਰੈੱਸ ਵੇਅ ‘ਤੇ ਹੋਇਆ। ਹਾਦਸੇ ਦੀ ਸ਼ਿਕਾਰ ਬੱਸ ਵਿਚ 69 ਯਾਤਰੀ ਸਵਾਰ ਸਨ ਜਦਕਿ ਟਰੱਕ ਵਿਚ ਤਿੰਨ ਲੋਕ ਸਨ। ਮੁੱਢਲੀ ਜਾਂਚ ਮੁਤਾਬਕ ਬਸ ਦਾ ਟਾਇਰ ਪੈਂਚਰ ਹੋਣ ਕਾਰਨ ਇਹ ਦੁਰਘਟਨਾ ਹੋਈ।
ਚੀਨ ਵਿਚ ਟਰੈਫਿਕ ਨਿਯਮਾਂ ਦੇ ਉਲੰਘਣ ਅਤੇ ਲਾਪਰਵਾਹੀ ਕਾਰਨ ਸੜਕ ਦੁਰਘਟਨਾਵਾਂ ਆਮ ਹਨ। ਹਾਦਸੇ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਰ ਯਾਤਰੀਆਂ ਨਾਲ ਭਰੀਆਂ ਬੱਸਾਂ ਹੁੰਦੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ 2015 ਵਿਚ ਚੀਨ ‘ਚ 80 ਹਜ਼ਾਰ ਸੜਕ ਹਾਦਸੇ ਹੋਏ ਸਨ, ਜਿਨ੍ਹਾਂ ਵਿਚ 58 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਇਨ੍ਹਾਂ ਵਿਚੋਂ 90 ਫੀਸਦੀ ਦੁਰਘਟਨਾਵਾਂ ਟਰੈਫਿਕ ਨਿਯਮਾਂ ਦੇ ਉਲੰਘਣਾ ਦੀ ਵਜ੍ਹਾ ਨਾਲ ਹੋਈਆਂ ਸਨ। 2017 ਵਿਚ ਇਕ ਬਸ ਐਕਸਪ੍ਰੈੱਸ ਵੇਅ ‘ਤੇ ਬਣੀ ਸੁਰੰਗ ਦੀ ਦੀਵਾਰ ਨਾਲ ਟਕਰਾ ਕੇ ਦੁਰਘਟਨਾਗ੍ਰਸਤ ਹੋ ਗਈ ਸੀ, ਜਿਸ ਵਿਚ 36 ਲੋਕ ਮਾਰੇ ਗਏ ਸਨ।