ਸਿੱਖ ਸੰਗਤ ਵਲੋਂ ਲਗਾਏ ਗਏ ਲੰਗਰ, ਧਰਮ ਬਾਰੇ ਪ੍ਰਦਰਸ਼ਨੀ, ਮਹਿਮਾਨਾਂ ਤੇ ਸਜਾਈਆਂ ਗਈਆਂ ਦਸਤਾਰਾਂ ਅਤੇ ਦਿਖਾਏ ਗਏ ਗਤਕੇ ਦੇ ਜੌਹਰ
ਵਲੋਂ: ਸਮੀਪ ਸਿੰਘ ਗੁਮਾਟਾਲਾ
ਸਿਨਸਿਨਾਟੀ, ਓਹਾਇਓ : ਬੀਤੇ ਦਿਨੀ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨਾਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਦੂਜਾ ਸਲਾਨਾ “ਫੈਸਟੀਵਲ ਔਫ ਫੇਥਸ” (ਵਿਸ਼ਵ ਧਰਮ ਸੰਮੇਲਨ) ਕਰਾਇਆ ਗਿਆ। ਇਸ ਸੰਮੇਲਨ ਵਿਚ ਬਾਰਾˆ ਪ੍ਰਮੁੱਖ ਵਿਸ਼ਵ ਧਰਮਾˆ ਦੇ ਲੋਕ ਅਤੇ 90 ਤੋਂ ਵੀ ਵੱਧ ਸੰਸਥਾਵਾਂ ਨੇ ਭਾਗ ਲਿਆ। ਇਹ ਸ਼ਹਿਰ ਦੇ ਇਤਿਹਾਸ ਵਿੱਚ ਦੂਜੀ ਵਾਰ ਸੀ ਕਿ ਵੱਖ-ਵੱਖ ਧਰਮਾਂ ਬਾਰੇ ਸਿੱਖਿਆ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।
ਸਿਨਸਿਨਾਟੀ ਅਤੇ ਨੇੜਲੇ ਇਲਾਕੇ ਡੇਟਨ ਦੇ ਸਿੱਖਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ। ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੂਆਰਾ ਸਾਹਿਬ ਦੀ ਸੰਗਤ ਵਲੋਂ ਵੱਖ-ਵੱਖ ਧਰਮਾਂ ਦੇ ਆਏ ਹੋਏ ਹਜਾਰਾਂ ਮਹਿਮਾਨਾਂ ਲਈ ਲੰਗਰ ਦੀ ਸੇਵਾ ਕੀਤੀ ਗਈ। ਸਿੱਖ ਧਰਮ ਵਿਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ।
ਫੈਸਟੀਵਲ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਨਾਲ ਹੋਇਆ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪਰਮਾਤਮਾ ਦਾ ਗੁਣ ਗਾਇਨ ਕੀਤਾ। ਸਿੱਖ ਸੰਗਤ ਵਲੋਂ ਵੀ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਗਿਆ। ਸਿੱਖ ਪ੍ਰਦਰਸ਼ਨੀ ਵਿਚ ਪੁਸਤਕਾਂ, ਕਕਾਰ ਸ਼ਾਮਲ ਸਨ ਤੇ ਆਉਣ ਵਾਲੇ ਮਹਿਮਾਨਾਂ ਨੂੰ ਕਿਤਾਬਚੇ ਵੀ ਵੰਡੇ ਗਏ।
ਸਿਨਸਿਨਾਟੀ ਦੇ ਮੇਅਰ ਜੋਹਨ ਕ੍ਰੇਨਲੀ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਖੁਸ਼ ਹਾਂ ਕਿ ਅੱਜ ਇੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਹਨ ਤੇ ਸਿਨਸਿਨਾਟੀ ਦੀ ਸਿੱਖ ਸੰਗਤ ਵਲੋਂ ਲੰਗਰ ਦੀ ਸੇਵਾ ਕੀਤੀ ਗਈ ਹੈ। ਮੈਨੂੰ ਇਸ ਵਿਚ ਲੰਗਰ ਛੱਕ ਕੇ ਬਹੁਤ ਚੰਗਾ ਲੱਗਾ ਹੈ। ਲੰਗਰ ਦੀ ਇਹ ਪ੍ਰਥਾ ਦਰਸਾਉਂਦੀ ਹੈ ਕਿ ਸਾਰੇ ਮਨੁੱਖ ਇਕ ਬਰਾਬਰ ਹਨ।”
ਗੁਰਦੂਆਰਾ ਸਾਹਿਬ ਦੇ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਇਸ ਸਾਲ ਦੁਨੀਆਂ ਭਰ ਵਿਚ ਗੁਰੁ ਨਾਨਕ ਜੀ ਦੀ 550 ਸਾਲਾਂ ਗੁਰਪੂਰਬ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਅੱਜ ਅਸੀਂ ਗੁਰੁ ਸਾਹਿਬ ਦਾ ਸੁਨੇਹਾ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥” ਇੱਥੇ ਆਏ ਹੋਏ ਵੱਖ-ਵੱਖ ਧਰਮਾਂ ਦੇ ਲੋਕਾਂ ਤੱਕ ਪਹੁੰਚਾਇਆ ਹੈ।
ਆਏ ਹੋਏ ਮਹਿਮਾਨਾਂ ਨੂੰ ਦਸਤਾਰ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਾਉਣ ਲਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਵੱਖ-ਵੱਖ ਰੰਗਾਂ ਦੀਆ ਦਸਤਾਰਾਂ ਸਜਾਈ ਇਹ ਸਮਾਗਮ ਸਿੱਖ ਸਭਿਆਚਾਰ ਦੇ ਰੰਗਾਂ ਅਤੇ ਪਰੰਪਰਾਵਾˆ ਵਿਚ ਲੀਨ ਹੋ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਹੁੰਦੇ, ਤਸਵੀਰਾˆ ਲੈਂਦੇ ਅਤੇ ਮਾਣ ਨਾਲ ਆਪਣੇ ਸਿਰ ਤੇ ਤਾਜ ਦੇ ਨਾਲ ਸੰਮੇਲਨ ਵਿਚ ਘੁੰਮਦੇ ਰਹੇ। ਗੱਤਕਾ ਪ੍ਰਦਰਸ਼ਨ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਵਲੋਂ ਕੀਤਾ ਗਿਆ ਜੋ ਕਿ 600 ਮੀਲ ਦੂਰੋਂ ਨਿਉੂਯਾਰਕ ਤੋਂ ਖਾਸ ਕਰਕੇ ਇਸ ਸਮਾਰੋਹ ਵਿਚ ਹਿੱਸਾ ਲੈਣ ਲਈ ਆਏ ਸਨ।
ਸਿਨਸਿਨਾਟੀ ਸਿੱਖ ਭਾਈਚਾਰੇ ਦੇ ਮੈਂਬਰ ਜੈਪਾਲ ਸਿੰਘ ਨੇ ਕਿਹਾ, “ਵੱਖ-ਵੱਖ ਧਰਮਾਂ ਦੇ ਲੋਕ ਇਕ ਛੱਤ ਹੇਠ ਇਕੱਠੇ ਹੋ ਕੇ ਇਕ ਦੂਜੇ ਨਾਲ ਸਾਂਝ ਵਧਾਉਣ ਦੀ ਗੱਲ ਕਰ ਰਹੇ ਸਨ। ਉਹਨਾਂ ਸਿਨਸਿਨਾਟੀ ਅਤੇ ਡੇਟਨ ਦੀ ਸੰਗਤ ਦਾ ਧੰਨਵਾਦ ਕੀਤਾ ਜਿਨ੍ਰਾਂ ਨੇ ਲੰਗਰ ਦੀ ਸੇਵਾ, ਦਸਤਾਰਾਂ, ਪ੍ਰਦਰਸ਼ਨੀ ਟੇਬਲ, ਗੱਤਕਾ, ਗੁਰਮਤਿ ਸੰਗੀਤ ਅਤੇ ਵੱਖੋ-ਵੱਖਰੀਆ ਪੇਸ਼ਕਾਰੀਆ ਦੁਆਰਾ ਗੁਰੂ ਦੀ ਵਿਰਾਸਤ ਨੂੰ ਹੋਰ ਧਰਮਾਂ ਦੇ ਲੋਕਾਂ ਨਾਲ ਸਾਂਝਾ ਕੀਤਾ।”