ਮੈਰਾਬਾ ਲੁਵਾਂਗ ਨੇ ਅੱਜ ਇੱਥੇ ਯੋਨੈਕਸ ਸਨਰਾਈਜ਼ ਇੰਡੀਆ ਜੂਨੀਅਰ ਕੌਮਾਂਰਤੀ ਗ੍ਰਾਂ ਪ੍ਰੀ 2019 ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ ਜਦੋਂਕਿ ਸਿਖ਼ਰਲਾ ਦਰਜਾ ਵਰਨ ਕਪੂਰ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਿਆ। ਮਣੀਪੁਰ ਦੇ ਦੂਜਾ ਦਰਜਾ ਮੈਰਾਬਾ ਨੇ ਮਲੇਸ਼ੀਆ ਦੇ ਐੱਮ ਫ਼ਜ਼ਰੀਕ ਮੁਹੰਮਦ ਰਾਜ਼ਿਫ਼ ਨੂੰ 21-12, 21-13 ਨਾਲ ਮਾਤ ਦੇਣ ਤੋਂ ਬਾਅਦ ਥਾਈਲੈਂਡ ਦੇ ਪੁਰੀਰਾਤ ਐਰੀ ’ਤੇ 21-15, 21-12 ਨਾਲ ਜਿੱਤ ਹਾਸਲ ਕੀਤੀ ਪਰ ਦੁਨੀਆਂ ਦੇ 9ਵੇਂ ਨੰਬਰ ਦੇ ਖਿਡਾਰੀ ਵਰੁਨ ਨੂੰ ਸ਼ੁਰੂਆਤੀ ਗੇੜ ਵਿੱਚ ਥਾਈਲੈਂਡ ਦੇ ਵੈਰੋਤ ਉਰੈਵੌਂਗ ਨੇ 14-21, 22-20, 21-15 ਨਾਲ ਮਾਤ ਦੇ ਕੇ ਬਾਹਰ ਕਰ ਦਿੱਤਾ। ਕੁਆਲੀਫਾਇਰ ਆਯੂਸ਼ ਰਾਜ ਗਪਤਾ ਨੇ ਉੱਚੀ ਰੈਂਕਿੰਗ ਦੇ ਸਾਈ ਚਰਨ ਕੋਇਆ ’ਤੇ 21-14, 21-13 ਦੀ ਜਿੱਤ ਨਾਲ ਸ਼ਾਨਦਾਰ ਤਰੀਕੇ ਨਾਲ ਚੁਣੌਤੀ ਸ਼ੁਰੂ ਕੀਤੀ ਪਰ ਥਾਈਲੈਂਡ ਦੇ ਪੰਜਵਾਂ ਦਰਜਾ ਵੋਰਾਫੋਪ ਚੁਐਂਖਾ ਨੇ 21-14, 21-13 ਦੀ ਜਿੱਤ ਨਾਲ ਉਸ ਦੀ ਚੁਣੌਤੀ ਸਮਾਪਤ ਕਰ ਦਿੱਤੀ। ਕੁੜੀਆਂ ਦੇ ਵਰਗ ਵਿੱਚ ਗੁਜਰਾਤ ਦੀ ਤਸਨੀਮ ਮੀਰ ਨੇ ਅੰਡਰ-15 ਏਸ਼ਿਆਈ ਚੈਂਪੀਅਨਸ਼ਿਪ ਦੀ ਸਾਬਕਾ ਸੋਨ ਤਗ਼ਮਾ ਜੇਤੂ ਸਮੀਆ ਇਮਾਦ ਫਾਰੂਖੀ ਨੂੰ 12-21, 21-8, 21-14 ਨਾਲ ਮਾਤ ਦਿੱਤੀ। ਹਾਲਾਂਕਿ ਅਗਲੇ ਗੇੜ ’ਚ ਪੰਜਵਾਂ ਦਰਜਾ ਮੀਤੂ ਤਾਕਾਹਾਸ਼ੀ ਨੇ 21-17, 18-21, 18-21 ਤੋਂ ਜਿੱਤ ਨਾਲ ਉਸ ਨੂੰ ਬਾਹਰ ਕਰ ਦਿੱਤਾ। ਕੇਰਲ ਦੀ ਅੱਠਵਾਂ ਦਰਜਾ ਪ੍ਰਾਪਤ ਤ੍ਰਿਸ਼ਾ ਜੌਲੀ ਨੇ ਆਸਾਂ ’ਤੇ ਖਰੀ ਉਤਰਦੇ ਹੋਏ ਦੋ ਜਿੱਤਾਂ ਹਾਸਲ ਕਰ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਉਸ ਨੇ ਪਹਿਲੇ ਕੁਆਲੀਫਾਇਰ ਰੀਆ ਕੁੰਜੀਰ ਨੂੰ 22-20, 21-17 ਨਾਲ ਅਤੇ ਫਿਰ ਥਾਈਲੈਂਡ ਦੀ ਥਾਮੋਨਵਾਨ ਨਿਤਿਤਕਰਾਈ ’ਤੇ 14-21, 21-10, 22-20 ਨਾਲ ਜਿੱਤ ਹਾਸਲ ਕੀਤੀ। ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਦੀ ਕਾਂਸੀ ਤਗ਼ਮਾ ਜੇਤੂ ਅਤੇ ਥਾਈਲੈਂਡ ਦੀ ਸਿਖ਼ਰਲਾ ਦਰਜਾ ਬੈਨਯਾਪਾ ਏਮਸਾਰਡ ਨੇ ਵੀ ਦੋ ਸ਼ਾਨਦਾਰ ਜਿੱਤਾਂ ਨਾਲ ਆਖ਼ਰੀ ਅੱਠਾਂ ਦੇ ਗੇੜ ’ਚ ਪ੍ਰਵੇਸ਼ ਕੀਤਾ। ਏਮਸਾਰਡ ਦੀ ਹਮਵਤਨ ਚੌਥਾ ਦਰਜਾ ਪੋਰਨਪਿਚਾ ਚੋਏਕੀਵੌਂਗ ਨੇ ਵੀ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ। ਭਾਰਤ ਦੀ ਤਨੀਸ਼ਾ ਕਰਾਸਟੋ ਤੇ ਈਸ਼ਾਨ ਭਟਨਾਗਰ ਦੀ ਉਭਰਦੀ ਹੋਈ ਜੂਨੀਅਰ ਮਿਕਸਡ ਡਬਲਜ਼ ਜੋੜੀ ਨੇ ਵੀ ਕੁਆਰਟਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ।
Sports ਬੈਡਮਿੰਟਨ: ਮੈਰਾਬਾ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ