ਕਪਤਾਨ ਦਿਮੁਥ ਕਰੁਣਾਰਤਨੇ ਦੀ 122 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਅੱਜ ਇੱਥੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਆਪਣਾ ਪਹਿਲਾ ਮੁਕਾਬਲਾ ਜਿੱਤ ਲਿਆ ਹੈ। ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਮੇਜ਼ਬਾਨ ਨੇ 268 ਦੌੜਾਂ ਦੇ ਟੀਚੇ ਨੂੰ ਸਿਰਫ਼ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਕਰੁਣਾਰਤਨੇ ਦਾ ਇਹ ਨੌਵਾਂ ਸੈਂਕੜਾ ਸੀ। ਉਸ ਨੇ ਇਸ ਦੌਰਾਨ ਸਲਾਮੀ ਬੱਲੇਬਾਜ਼ ਲਾਹਿਰੂ ਥਿਰੀਮਾਨੇ (64 ਦੌੜਾਂ) ਨਾਲ ਪਹਿਲੀ ਵਿਕਟ ਲਈ 161 ਦੌੜਾਂ ਦੀ ਭਾਈਵਾਲੀ ਕੀਤੀ। ਇਸ ਭਾਈਵਾਲੀ ਦੀ ਬਦੌਲਤ ਮੈਚ ਦੇ ਪੰਜਵੇਂ ਦਿਨ ਸ੍ਰੀਲੰਕਾ ਨੇ ਜਿੱਤ ਹਾਸਲ ਕਰਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ। ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੇ ਨਾਬਾਦ 28 ਦੌੜਾਂ ਬਣਾਈਆਂ। ਲੰਚ ਸਮੇਂ ਸ੍ਰੀਲੰਕਾ ਨੂੰ ਜਿੱਤ ਲਈ 22 ਦੌੜਾਂ ਚਾਹੀਦੀਆਂ ਸਨ, ਜਿਸ ਨੂੰ ਵੇਖਦਿਆਂ ਅੰਪਾਇਰਾਂ ਨੇ ਖੇਡ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਕਰੁਣਾਰਤਨੇ ਨੂੰ ਜੀਵਨਦਾਨ ਵੀ ਮਿਲਿਆ। ਉਹ ਜਦੋਂ 58 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਸ਼ਾਰਟ ਲੈੱਗ ’ਤੇ ਟੌਮ ਲੈਥਮ ਨੇ ਉਸ ਦਾ ਕੈਚ ਛੱਡ ਦਿੱਤਾ। ਉਸ ਨੇ 245 ਗੇਂਦਾਂ ਦੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਟਿਮ ਸਾਊਥੀ ਨੇ ਉਸ ਦੀ ਸ਼ਾਨਦਾਰ ਪਾਰੀ ਦਾ ਅੰਤ ਕੀਤਾ। ਕਰੁਣਾਰਤਨੇ ਅਤੇ ਥਿਰੀਮਾਨੇ ਨੇ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਵਿਕਟ ਲਈ ਰਿਕਾਰਡ ਭਾਈਵਾਲੀ ਦੀ ਬਰਾਬਰੀ ਕੀਤੀ। ਹੈਮਿਲਟਨ ਵਿੱਚ 1991 ਵਿੱਚ ਜੌਹਨ ਰਾਈਟ ਅਤੇ ਟ੍ਰੈਵਰ ਫਰੈਂਕਲਿਨ ਨੇ 161 ਦੌੜਾਂ ਦੀ ਭਾਈਵਾਲੀ ਕੀਤੀ ਸੀ। ਇਸ ਭਾਈਵਾਲੀ ਦੀ ਅਹਿਮੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗਾਲੇ ਵਿੱਚ ਕੋਈ ਵੀ ਟੀਮ 99 ਦੌੜਾਂ ਤੋਂ ਵੱਡਾ ਟੀਚਾ ਹਾਸਲ ਨਹੀਂ ਕਰ ਸਕੀ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਸ ਮੈਚ ਵਿੱਚ ਸ੍ਰੀਲੰਕਾ ਲਈ ਇਹ ਨਵਾਂ ਰਿਕਾਰਡ ਹੈ। ਸ੍ਰੀਲੰਕਾ ਨੇ ਪੰਜਵੇਂ ਦਿਨ ਦੀ ਸ਼ੁਰੂਆਤ ਬਿਨਾਂ ਕਿਸੇ ਨੁਕਸਾਨ ਦੇ 133 ਦੌੜਾਂ ਤੋਂ ਕੀਤੀ। ਟੀਮ ਨੂੰ ਮੈਚ ਜਿੱਤਣ ਲਈ 135 ਦੌੜਾਂ ਦੀ ਲੋੜ ਸੀ। ਨਿਊਜ਼ੀਲੈਂਡ ਨੂੰ ਪਹਿਲੀ ਸਫਲਤਾ ਥਿਰੀਮਾਨੇ ਵਜੋਂ ਮਿਲੀ, ਜਿਸ ਨੂੰ ਵਿਲੀਅਮ ਸਮਰਵਿਲੇ ਨੇ ਐੱਲਬੀਡਬਲਯੂ ਆਊਟ ਕੀਤਾ। ਮੈਦਾਨੀ ਅੰਪਾਇਰ ਨੇ ਹਾਲਾਂਕਿ ਉਸ ਨੂੰ ਨਾਟ ਆਊਟ ਕਰਾਰ ਦਿੱਤਾ ਸੀ, ਪਰ ਰੀਵਿਊ ਮਗਰੋਂ ਤੀਜੇ ਅੰਪਾਇਰ ਨੇ ਇਸ ਫ਼ੈਸਲੇ ਨੂੰ ਪਲਟ ਦਿੱਤਾ। ਇਸ ਮਗਰੋਂ ਕੁਸਾਲ ਮੈਂਡਿਸ ਨੇ ਹਮਲਾਵਰ ਰੁਖ਼ ਅਪਣਾਇਆ, ਪਰ ਉਹ ਜੀਤ ਰਾਵਲ ਨੂੰ ਕੈਚ ਦੇ ਬੈਠਿਆ। ਕਰੁਣਾਰਤਨੇ ਨੇ ਇਸ ਮਗਰੋਂ ਮੈਥਿਊਜ਼ ਨਾਲ ਤੀਜੀ ਵਿਕਟ ਲਈ 44 ਦੌੜਾਂ ਦੀ ਭਾਈਵਾਲੀ ਕੀਤੀ। ਕਰੁਣਾਰਤਨੇ ਅਤੇ ਕੁਸਾਲ ਪਰੇਰਾ ਛੇਤੀ ਆਊਟ ਹੋ ਗਏ, ਪਰ ਧਨੰਜੈ ਡੀ ਸਿਲਵਾ (14 ਦੌੜਾਂ) ਅਤੇ ਮੈਥਿਊਜ਼ ਨੇ ਇਸ ਮਗਰੋਂ ਦੋ ਸੈਸ਼ਨ ਬਾਕੀ ਰਹਿੰਦਿਆਂ ਟੀਮ ਨੂੰ ਜਿੱਤ ਦਿਵਾ ਦਿੱਤੀ। -ਪੀਟੀਆਈ
Sports ਕਪਤਾਨ ਕਰੁਣਾਰਤਨੇ ਦਾ ਸੈਂਕੜਾ; ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ