ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਪਿੰਡ ਸੋਨਭੱਦਰ ਪੁੱਜੀ। ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਪਿਛਲੇ ਮਹੀਨੇ ਜ਼ਮੀਨੀ ਵਿਵਾਦ ਕਾਰਨ 10 ਆਦਿਵਾਸੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਯੂਪੀ ਪ੍ਰਸ਼ਾਸਨ ਨੇ ਪ੍ਰਿਯੰਕਾ ਨੂੰ ਘਟਨਾ ਸਥਾਨ ’ਤੇ ਜਾਣ ਤੋਂ ਰੋਕ ਕੇ ਮਿਰਜ਼ਾਪੁਰ ’ਚ ਹਿਰਾਸਤ ਵਿੱਚ ਰੱਖਿਆ ਸੀ। ਪ੍ਰਿਯੰਕਾ ਗਾਂਧੀ ਨੇ ਅੱਜ ਵਾਰਾਨਸੀ ਤੋਂ ਪਿੰਡ ਉਂਭਾ (ਜ਼ਿਲ੍ਹਾ ਸੋਨਭੱਦਰ) ਤੱਕ ਦਾ ਕਰੀਬ 100 ਕਿਲੋਮੀਟਰ ਰਸਤਾ ਸੜਕ ਰਾਹੀਂ ਤੈਅ ਕੀਤਾ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਸਿਆਸੀ ਸਟੰਟ ਕਰਾਰ ਦਿੱਤਾ। ਸਵੇਰ ਵੇਲੇ ਵਾਰਾਨਸੀ ਹਵਾਈ ਅੱਡੇ ’ਤੇ ਪਹੁੰਚਣ ਉਪਰੰਤ ਪ੍ਰਿਯੰਕਾ ਨੇ ਟਵੀਟ ਕੀਤਾ, ‘‘ਅੱਜ ਮੈਂ ਪਿੰਡ ਉਂਭਾ ਵਿੱਚ ਭੈਣਾਂ-ਭਰਾਵਾਂ ਅਤੇ ਬੱਚਿਆਂ ਨੂੰ ਮਿਲਣ ਜਾ ਰਹੀ ਹੈ, ਉਨ੍ਹਾਂ ਦੀ ਰਾਜ਼ੀ-ਖ਼ੁਸ਼ੀ ਪੁੱਛਣ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਦਾ ਹਿੱਸਾ ਬਣਨ ਜਾ ਰਹੀ ਹੈ। ਪਿੰਡ ਉਂਭਾ ਦੇ ਲੋਕ ਜਦੋਂ ਮੈਨੂੰ ਚੁਨਾਰ ਕਿਲ੍ਹੇ ਵਿੱਚ ਮਿਲਣ ਲਈ ਆਏ ਸਨ, ਉਦੋਂ ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਮਿਲਣ ਆਵਾਂਗੀ।’’ ਬਾਅਦ ਵਿੱਚ ਯੂਪੀ ਕਾਂਗਰਸ ਨੇ ਪ੍ਰਿਯੰਕਾ ਦੀਆਂ ਪਿੰਡ ਪਹੁੰਚਣ ’ਤੇ ਫੋਟੋਆਂ ਵੀ ਟਵਿੱਟਰ ’ਤੇ ਸਾਂਝੀਆਂ ਕੀਤੀਆਂ। ਕਾਂਗਰਸ ਆਗੂਆਂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਸੂਬਾ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਲਵੇਗੀ। ਪ੍ਰਿਯੰਕਾ ਦੀ ਫੇਰੀ ਬਾਰੇ ਉੱਪ ਮੁੱਖ ਮੰਤਰੀ ਸ਼ਰਮਾ ਨੇ ਕਿਹਾ, ‘‘ਸੋਨਭੱਦਰ ਕਾਂਡ ਦੀ ਜੜ੍ਹ ਕਾਂਗਰਸ ਨਾਲ ਜੁੜੀ ਹੋਈ ਹੈ। ਉਸ (ਪ੍ਰਿਯੰਕਾ) ਨੂੰ ਉੱਥੇ ਪੁਰਾਣੇ ਕਾਂਗਰਸ ਆਗੂਆਂ ਦੇ ਕੀਤੇ ਦਾ ਪਛਤਾਵਾ ਕਰਨ ਲਈ ਜਾਣਾ ਚਾਹੀਦਾ ਹੈ। ਏਨੇ ਦਿਨਾਂ ਬਾਅਦ ਜਦੋਂ ਕਾਰਵਾਈ ਕੀਤੀ ਜਾ ਚੁੱਕੀ ਹੈ, ਤਾਂ ਇਹ ਫੇਰੀ ਕੇਵਲ ‘ਸਿਆਸੀ ਸਟੰਟ’ ਹੈ।’’
HOME ਸੋਨਭੱਦਰ ਵਿੱਚ ਪੀੜਤਾਂ ਨੂੰ ਮਿਲਣ ਪੁੱਜੀ ਪ੍ਰਿਯੰਕਾ