ਡੇਟਨ, ਓਹਾਇਓ : ਅਮਰੀਕਾ ਦੇ ਓਹਾਇਓ ਸੁਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲਗਦੇ ਸ਼ਹਿਰ ਬੀਵਰਕ੍ਰੀਕ ਤੇ ਸਪਰਿੰਗਫੀਲਡ ਵਿਖੇ ਪੁਲੀਸ ਵੱਲੋਂ ਇਲਾਕੇ ਦੇ ਲੋਕਾਂ ਅਤੇ ਬੱਚਿਆਂ ਨਾਲ ਨੇੜ੍ਹਤਾ ਕਾਇਮ ਕਰਨ ਲਈ ਨੈਸ਼ਨਲ ਨਾਇਟ ਆਊਟ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੇ ਸਿੱਖਾਂ ਨੇ ਵੀ ਭਾਗ ਲਿਆ। ਇਹ ਪ੍ਰੋਗਰਾਮ ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਮੰਗਲਵਾਰ ਦੀ ਸ਼ਾਮ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪੁਲੀਸ ਵਿਭਾਗ ਵਲੌਂ ਕਰਵਾਇਆ ਜਾਂਦਾ ਹੈ।
ਬੀਵਰਕ੍ਰੀਕ ਪੁਲੀਸ ਦੇ ਕਮਿਉਨਿਟੀ ਐਨਗੇਜਮੈਂਟ ਅਫਸਰ ਮਾਰਕ ਬਰਾਉਨ ਦੇ ਅਨੁਸਾਰ ਹਰ ਸਾਲ ਇਹ ਪ੍ਰੋਗਰਾਮ ਲੋਕਾਂ ਨੂੰ ਪੁਲੀਸ ਬਾਰੇ ਜਾਣਕਾਰੀ ਦੇਣ ਲਈ ਅਤੇ ਸਾਰੀ ਕਮਿਉਨਿਟੀ ਨੂੰ ਇਕੱਠਾ ਕਰਨ ਲਈ ਕਰਵਾਇਆ ਜਾਂਦਾ ਹੈ। ਉਹਨਾਂ ਨੇ ਸਿੱਖ ਭਾਈਚਾਰੇ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਵਲੋਂ ਇਸ ਵਿਚ ਆਉਣ ਲਈ ਧੰਨਵਾਦ ਕੀਤਾ।
ਸਪਰਿੰਗਫਲਿਡ ਦੇ ਸਨਾਈਡਰ ਪਾਰਕ ਵਿਚ ਕਰਵਾਏ ਗਏ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਲਾਰਕ ਕਾਉਂਟੀ ਦੀ ਚੀਫ ਸ਼ੈਰਿਫ ਡੈਬਰਾ ਬਰਸ਼ਟ ਨੇ ਕਿਹਾ ਕਿ ਹਰ ਸਾਲ ਸ਼ਹਿਰਵਾਸੀਆਂ ਨਾਲ ਚੰਗੇ ਸੰਬੰਧ ਕਾਇਮ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਮੌਕੇ ਭਾਗ ਲੈਣ ਵਾਲਿਆਂ ਲਈ ਮੁਫ਼ਤ ਖਾਣੇ, ਸਨੈਕ ਦਿੱਤੇ ਤੇ ਨੌਜੁਆਨਾਂ ਲਈ ਬਾਈਸਾਈਕਲ ਹੈਲਮਟ ਵੰਡੇ।
ਸਪਰਿੰਗਫੀਲਡ ਦੇ ਵਸਨੀਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਕਮਿਉਨਿਟੀ ਪ੍ਰੋਗਰਾਮਾਂ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਬੀਵਰਕ੍ਰੀਕ ਦੇ ਵਸਨੀਕ ਫਲਾਈ ਅੰਮਿਤਸਰ ਮੁਹਿੰਮ ਦੇ ਕਵਨੀਨਰ ਅਤੇ ਸਮਾਜ ਸੇਵਕ ਸਮੀਪ ਸਿੰਘ ਗੁਮਟਾਲਾ ਨੇ ਡੇਟਨ ਵਿਖੇ ਹਾਲ ਹੀ ਵਿਚ ਹੋਈ ਸ਼ੁਟਿੰਗ ਦੋਰਾਨ ਜਲਦੀ ਨਾਲ ਹਤਿਆਰੇ ਨੂੰ ਕਾਬੂ ਪਾਉਣ ਲਈ ਪੁਲੀਸ ਦੀ ਸ਼ਲਾਘਾ ਕੀਤੀ। ਇਸ ਵਿਚ ਹਤਿਆਰੇ ਸਮੇਤ ਨੌਂ ਜਾਨਾਂ ਗਈਆ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ, ਸਮਾਜ ਸੇਵਕ ਤੇ ਉੱਘੇ ਲਿਖਾਰੀ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਮੈਂ ਹਮੇਸ਼ਾਂ ਆਪਣੀ ਅਮਰੀਕਾ ਫੇਰੀ ਦੋਰਾਨ ਕਮਿਉਨਿਟੀ ਦੇ ਪ੍ਰੋਗਰਾਮਾਂ, ਪਰੇਡਾਂ, ਸਭਿਆਚਾਰਕ ਮੇਲਿਆਂ ਆਦਿ ਵਿਚ ਸ਼ਾਮਲ ਹੁੰਦਾ ਹਾਂ। ਸਿੱਖ ਕਮਿਉਨਿਟੀ ਵਲੋਂ ਪੁਲੀਸ ਦਾ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਕੀਤੀ ਜਾਂਦੀ ਡਿਉਟੀ ਲਈ ਧੰਨਵਾਦ ਕੀਤਾ ਗਿਆ।
ਇਹਨਾਂ ਪ੍ਰੋਗਰਾਮਾਂ ਵਿੱਚ ਕਈ ਸੰਸਥਾਵਾਂ ਨੇ ਵੀ ਆਪਣੇ ਬੂਥ ਲਗਾਏ ਜਿਨ੍ਹਾਂ ਵਿੱਚ ਅਮਰੀਕਨ ਰੈਡ ਕਰਾਸ, ਕਲਾਰਕ ਕਾਊਟੀ ਡੀਪਾਰਟਮੈਂਟ ਆਫ਼ ਜਾਬਜ ਐਂਡ ਫੈਮਿਲੀ ਸਰਵਿਸ, ਕਲਾਰਕ ਕਾਊਂਟੀ ਪ੍ਰੋਸੀਕਿਊਟਰਜ਼ ਆਫਿਸ, ਕਲਾਰਕ ਕਾਊਂਟੀ ਵੇਸਟ ਮੈਨੇਜ਼ਮੈਂਟ ਕੌਂਸਲ, ਫੈਲੋਸ਼ਿਪ ਕ੍ਰਿਸਚਿਅਨ ਚਰਚ, ਨੈਸ਼ਨਲ ਟਰੇਲਜ ਪਾਰਕਸ ਐਂਡ ਰੀਕੀਏਸ਼ਨ, ਓਸਟਰਲਨ ਸਰਵਿਸਜ਼ ਫਾਰ ਯੂਥ, ਓਹਾਇਹੋ ਸਟੇਟ ਹਾਈਵੇਅ ਪੈਟਰੋਲ, ਸਪਰਿੰਗਫੀਲਡ ਅਤੇ ਬੀਵਰਕਰੀਕ ਫਾਇਰ ਰੈਸਕਿਊ ਡਵੀਜ਼ਨ, ਯੂਨਾਈਟਡ ਸੀਨੀਅਰ ਸਰਵਿਸਜ਼ ਐਂਡ ਯੂਨਾਈਟਡ ਵੇਅ ਆਦਿ ਸ਼ਾਮਲ ਸਨ।
ਜਾਰੀ ਕਰਤਾ:
ਸਮੀਪ ਸਿੰਘ ਗੁਮਟਾਲਾ, ਡੇਟਨ, ਓਹਾਇਓ, ਯੂ.ਐਸ.ਏ.