ਕਾਂਗਰਸ ਆਗੂ ਪਵਨਰਾਜੇ ਨਿੰਬਲਕਰ ਦੇ 2006 ’ਚ ਹੋਏ ਕਤਲ ਨਾਲ ਸਬੰਧਤ ਕੇਸ ’ਚ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਅੱਜ ਸਰਕਾਰੀ ਗਵਾਹ ਵਜੋਂ ਵਿਸ਼ੇਸ਼ ਅਦਾਲਤ ’ਚ ਪੇਸ਼ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਸੀ। ਸਾਬਕਾ ਲੋਕ ਸਭਾ ਮੈਂਬਰ ਪਦਮਸਿੰਘ ਪਾਟਿਲ ਇਸ ਕੇਸ ਦੇ ਮੁੱਖ ਮੁਲਜ਼ਮ ਹਨ। ਸ੍ਰੀ ਹਜ਼ਾਰੇ ਨੇ ਜਸਟਿਸ ਆਨੰਦ ਯਾਵਲਕਰ ਦੀ ਅਦਾਲਤ ਨੂੰ ਦੱਸਿਆ ਕਿ ਉਹ ਪਾਟਿਲ ਨੂੰ ਚੁਣੇ ਹੋਏ ਪ੍ਰਤੀਨਿਧ ਵਜੋਂ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਤੇ ਇਸ ਲਈ ਉਨ੍ਹਾਂ ਉਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਿਸ ਮਗਰੋਂ ਸਰਕਾਰ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਪੀਬੀ ਸਾਵੰਤ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ, ‘ਮੈਨੂੰ ਮੀਡੀਆ ਰਾਹੀਂ ਇਸ ਕਤਲ ਦਾ ਪਤਾ ਲੱਗਾ ਤੇ ਮੀਡੀਆ ਰਿਪੋਰਟਾਂ ਤੋਂ ਹੀ ਮੈਨੂੰ ਪਤਾ ਲੱਗਾ ਕਿ ਮੇਰਾ ਕਤਲ ਕਰਨ ਲਈ ਵੀ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਗਈ ਸੀ ਜਿਸ ਮਗਰੋਂ ਮੈਂ ਇਸ ਸਬੰਧੀ ਪਾਰਨੇਰ ਥਾਣੇ (ਅਹਿਮਦਨਗਰ ਜ਼ਿਲ੍ਹਾ) ’ਚ ਕੇਸ ਦਰਜ ਕਰਵਾਇਆ।’ ਉਨ੍ਹਾਂ ਕਿਹਾ ਕਿ ਕੇਸ ਦਰਜ ਕਰਵਾਉਣ ਤੋਂ ਪਹਿਲਾਂ ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
INDIA ਮੈਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ: ਹਜ਼ਾਰੇ