ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਪੋਲੈਂਡ ਵਿੱਚ ਕੁਤਨੋ ਅਥਲੈਟਿਕਸ ਮੀਟ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ, ਜੋ ਇੱਕ ਹਫ਼ਤੇ ਵਿੱਚ ਉਸ ਦਾ ਦੂਜਾ ਸੋਨਾ ਹੈ। ਬੀਤੇ ਕੁੱਝ ਮਹੀਨਿਆਂ ਤੋਂ ਪਿੱਠ ਦੇ ਦਰਦ ਨਾਲ ਜੂਝ ਰਹੀ ਹਿਮਾ ਨੇ 23.97 ਸੈਕਿੰਡ ਦਾ ਸਮਾਂ ਕੱਢਿਆ, ਜਦਕਿ ਵੀਕੇ ਵਿਸਮਈਆ ਨੂੰ ਚਾਂਦੀ ਦਾ ਤਗ਼ਮਾ ਮਿਲਿਆ।
ਮੁਹੰਮਦ ਅਨਸ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿੱਚ 21.18 ਸੈਕਿੰਡ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ। ਹਿਮਾ ਨੇ ਬੀਤੇ ਮੰਗਲਵਾਰ ਨੂੰ ਪੋਲੈਂਡ ਵਿੱਚ ਹੀ ਪੋਜ਼ਨਾਨ ਅਥਲੈਟਿਕਸ ਗ੍ਰਾਂ ਪ੍ਰੀ ਵਿੱਚ ਇਹ ਤਗ਼ਮਾ ਹਾਸਲ ਕੀਤਾ ਸੀ। ਵਿਸਮਈਆ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ (23.75 ਸੈਕਿੰਡ) ਕਰਕੇ ਤੀਜੇ ਸਥਾਨ ’ਤੇ ਰਹੀ ਸੀ। ਹਿਮਾ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਅਤੇ 400 ਮੀਟਰ ਵਿੱਚ ਕੌਮੀ ਰਿਕਾਰਡਧਾਰੀ ਹੈ। ਐਮਪੀ ਜਬੀਰ ਨੇ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਜਿਤਿਨ ਪਾਲ ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਮਹਿਲਾਵਾਂ ਦੀ 400 ਮੀਟਰ ਦੌੜ ਵਿੱਚ ਭਾਰਤ ਦੀ ਪੀ ਸਰਿਤਾਬੇਨ, ਸੋਨੀਆ ਬੈਸ਼ਿਆ ਅਤੇ ਆਰ ਵਿਦਿਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
Sports ਹਿਮਾ ਦਾਸ ਨੇ ਦੂਜਾ ਸੋਨ ਤਗ਼ਮਾ ਜਿੱਤਿਆ