(ਸਮਾਜ ਵੀਕਲੀ)
ਕਿਹੜਾ ਪਿੰਡ, ਕਿਹੜਾ ਸ਼ਹਿਰ, ਕਿਹੜਾ ਸੂਬਾ ਤੇ ਕਿਹੜਾ ਦੇਸ਼ ਆ ਜਿਹੜਾ ਬਾਂਹ ਖੜ੍ਹੀ ਕਰਕੇ ਕਹਿ ਸਕਦਾ ਕਿ ਸਾਡੇ ਇੱਥੇ ਘਟਨਾਵਾਂ ਨਹੀਂ ਘਟਦੀਆਂ!!ਸਾਡੇ ਅਣਹੋਣੀਆਂ ਨਹੀਂ ਹੁੰਦੀਆਂ!!ਸਾਡੇ ਲੋਕ ਗਲਤੀਆਂ ਈ ਨਹੀਂ ਕਰਦੇ!!! ਬਿਲਕੁਲ ਸਭ ਜਗ੍ਹਾ ‘ਤੇ ਸਭ ਕੁਝ ਹੋਈ ਜਾਂਦਾ।ਓਥੇ ਨਹੀਂ ਹੁੰਦਾ ਤਾਂ ਸਿਰਫ ਇਹ ਨਹੀਂ ਹੁੰਦਾ ਕਿ ਪ੍ਰਬੰਧਕ, ਪ੍ਰਸ਼ਾਸਨ ਤੇ ਖੁਦ ਨੂੰ ਲੋਕਾਂ ਦੇ ਸੇਵਾਦਾਰ ਕਹਿਣ ਵਾਲੇ ਲੋਕ ਖੁਦ ਹੀ ਦੋਸ਼ੀਆਂ ਦੇ ਹੱਕ ਵਿੱਚ ਖੜੇ ਹੋ ਜਾਣ ਤੇ ਉਹ ਵੀ ਡਟ ਕੇ ਖਲੋਣ।ਪਰ ਪੰਜਾਬ ਵਿੱਚ ਅਜਿਹਾ ਸਭ ਕੁਝ ਸ਼ਰੇਆਮ ਹੁੰਦਾ।ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਉਸ ਬਦਦਿਮਾਗ ਕੁੜੀ ਨੇ ਜਿਹੜੀ ਅਤਿ ਦਰਜੇ ਦੀ ਘਟੀਆ ਹਰਕਤ ਕੀਤੀ( ਉਸ ਲਈ ਉਸ ਕੁੜੀ ਤੇ ਮੁੰਡੇ ਨੂੰ ਜਿਸਨੂੰ ਉਹ ਕੁੜੀਆਂ ਦੀਆਂ ਵੀਡੀਓ ਬਣਾ ਕੇ ਭੇਜਦੀ ਸੀ, ਚੌਰਾਹੇ ਚ ਫਾਂਸੀ ਤੇ ਲਟਕਾ ਦੇਣਾ ਚਾਹੀਦਾ)ਉਸਤੋਂ ਵੀ ਜਿਆਦਾ ਗਿਰੀ ਹੋਈ ਹਰਕਤ ਕੀਤੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ।
ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਪੀੜਤ ਬੱਚਿਆਂ ਦਾ ਸਾਥ ਦਿੰਦੇ ਤੇ ਦੋਸ਼ੀ ਕੁੜੀ ਨੂੰ ਉਸੇ ਵਕਤ ਖੁਦ ਪੁਲਿਸ ਹਵਾਲੇ ਕਰਦੇ।ਬੱਚਿਆਂ ਨੂੰ ਅਹਿਸਾਸ ਹੁੰਦਾ ਕਿ ਹਾਂ ਔਖੇ ਵੇਲੇ ਯੂਨੀਵਰਸਿਟੀ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਨਾਲ ਡਟ ਕੇ ਖਲੋਂਦੀ ਹੈ। ਪਰ ਹੋਇਆ ਕੀ? ?ਪੀੜਤ ਬੱਚਿਆਂ ਨੂੰ ਡਰਾਇਆ ਧਮਕਾਇਆ ਗਿਆ। ਉਹਨਾਂ ਨੂੰ ਕਮਰਿਆਂ ਅੰਦਰ ਬੰਦ ਕਰ ਦਿੱਤਾ ਗਿਆ ਤਾਂ ਜੋ ਗੱਲ ਉੱਤੇ ਪਰਦਾ ਪਾਇਆ ਜਾ ਸਕੇ।ਜਦੋਂ ਪੀੜਤ ਕੁੜੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਓਧਰ ਗੱਲ ਮੁੰਡਿਆਂ ਤੱਕ ਵੀ ਪਹੁੰਚ ਗਈ।ਰੋਹ ਪੈਦਾ ਹੋ ਗਿਆ,ਯੂਨੀਵਰਸਿਟੀ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਸ਼ੁਰੂ ਹੋ ਗਿਆ, ਜੋ ਹੋਣਾ ਵੀ ਚਾਹੀਦਾ ਸੀ।ਇੱਥੇ ਸਮਝ ਨਹੀਂ ਆਉਂਦੀ ਕਿ ਪਹਿਲੀ ਗਲਤੀ ਯੂਨੀਵਰਸਿਟੀ ਨੇ ਤਾਂ ਕੀਤੀ ਹੀ ਕੀਤੀ ਕੇ ਆਪਣੇ ਹੀ ਵਿਦਿਆਰਥੀਆਂ ਦਾ ਸਾਥ ਨਹੀਂ ਦਿੱਤਾ ਪਰ ਪੁਲਿਸ ਨੇ ਉਹਨਾਂ ਇਨਸਾਫ ਮੰਗ ਰਹੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਿਉਂ ਕੀਤਾ।
ਅਗਲੇ ਦਿਨ ਵੀ ਪੁਲਿਸ ਪਲ ਪਲ ਆਪਣੀ ਬਿਆਨਬਾਜੀ ਬਦਲ ਕੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਵਿੱਚ ਜੁਟੀ ਰਹੀ ਪਰ ਬੱਚੇ ਡਟੇ ਰਹੇ ਉਹਨਾਂ ਨੇ ਪੁਲਿਸ ਦੀ ਹਰ ਝੂਠੀ ਗੱਲ ਦਾ ਖੰਡਨ ਕੀਤਾ ਤੇ ਆਪਣੇ ਸੁਆਲਾਂ ਦੇ ਜਵਾਬ ਮੰਗੇ।ਉਹਨਾਂ ਨੂੰ ਜੁਆਬਾਂ ਦੀ ਥਾਂ ਇਹ ਸਵਾਲ ਹੋਏ ਕਿ, ਉਹ ਕੁੜੀਆਂ ਤੁਹਾਡੀਆਂ ਭੈਣਾਂ ਲਗਦੀਆਂ??? ਕੀ ਅਜਿਹੇ ਸਮੇਂ ਅਜਿਹਾ ਸਵਾਲ ਪੁੱਛਣਾ ਬਣਦਾ ਸੀ!!?? ਜਦੋਂ ਤੁਹਾਡੀ ਡਿਊਟੀ ਮਜ਼ਲੂਮ ਨਾਲ ਖਲੋਣ ਦੀ ਹੈ ਤੇ ਤੁਸੀਂ ਖਲੋਂਦੇ ਜੁਲਮੀ ਨਾਲ ਹੋ ਤਾਂ ਕੀ ਏਨਾਂ ਜ਼ੁਲਮ ਹੀ ਕਾਫੀ ਨਹੀਂ???ਜਿਹੜੀਆਂ ਕੁੜੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕੀ ਬਣਿਆ ਇਹ ਵੀ ਹਾਲੇ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ। ਵਿਦਿਆਰਥੀ ਇਸ ਗੱਲ ਉੱਤੇ ਵੀ ਬਹਿਸ ਕਰਦੇ ਰਹੇ ਕਿ ਉਹ ਕੁੜੀਆਂ ਜਿਓਂਦੀਆਂ ਜਾਂ ਮਰੀਆਂ ਸਾਨੂੰ ਦਿਖਾਈਆਂ ਜਾਣ ਪਰ ਨਹੀਂ ਦਿਖਾਈਆਂ ਗਈਆਂ।
ਉਸਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਪਹਿਲਾ ਬਿਆਨ ਹੀ ਇਹ ਦਿੱਤਾ ਕਿ ਯੂਨੀਵਰਸਿਟੀ ਵਿੱਚ ਕੁੱਝ ਨਹੀਂ ਹੋਇਆ।ਜੇ ਕੁਝ ਨਹੀਂ ਹੋਇਆ ਤਾਂ ਏਨਾਂ ਵੱਡਾ ਪ੍ਰਦਰਸ਼ਨ ਕਿਉਂ ਹੋਇਆ?? ਤੇ ਤੂੰ ਓੱਥੇ ਕੀ ਲੈਣ ਗਈ?? ਜੇ ਕੁਝ ਹੋਇਆ ਤਾਂ ਹੀ ਤਾਂ ਗਈ। ਉਸ ਕੁੜੀ ਨੇ ਕੁੜੀਆਂ ਕੋਲ ਆਪਣਾ ਕਸੂਰ ਮੰਨ ਲਿਆ, ਵਾਰਡਨ ਵੀ ਉਸ ਨੂੰ ਝਿੜਕ ਰਹੀ ਤੇ ਬਾਹਰ ਜਾਣ ਤੋਂ ਰੋਕ ਰਹੀ ਕਿ ਜੇ ਤੂੰ ਬਾਹਰ ਗਈ ਤਾਂ ਰੋਹ ਵਿੱਚ ਆਏ ਬੱਚੇ ਤੈਨੂੰ ਮਾਰ ਦੇਣਗੇ,, ਪਰ ਮਨੀਸ਼ਾ ਰਾਣੀ ਹੱਸ ਹੱਸ ਕਿ ਕਹਿ ਰਹੀ ਕਿ ਕੁਝ ਹੋਇਆ ਈ ਨਹੀਂ,,,,, ਜੇ ਔਰਤਾਂ ਦੇ ਹੁੰਦੇ ਸ਼ੋਸ਼ਣ ਖਿਲਾਫ ਆਵਾਜ਼ ਈ ਨਹੀਂ ਚੁੱਕਣੀ ,,ਹੋਈਆਂ ਵਧੀਕੀਆਂ ‘ਤੇ ਪੜਦੇ ਈ ਪਾਉਣੇ ਆਂ ਤਾਂ ਡਰਾਮਾ ਕਰਕੇ ਕਾਹਨੂੰ ਦਿਖਾਉਣਾ, ਟਿਕਜੋ ਘਰੇ,,,,,ਕੁੜੀਆਂ ਆਪੇ ਆਪਣੀ ਲੜਾਈ ਲੜ ਲੈਣਗੀਆਂ।
ਜੋ ਮਨੀਸ਼ਾ ਗੁਲਾਟੀ ਨੂੰ ਕਰਨਾ ਚਾਹੀਦਾ ਸੀ ਉਹ ਓਥੇ ਅਮਨ ਲਲਕਾਰ ਨੇ ਕੀਤਾ।ਪੁਲਿਸ ਵੀ ਉਸਨੂੰ ਯੂਨੀਵਰਸਿਟੀ ਚ ਦਾਖਿਲ ਹੋਣ ਤੋਂ ਰੋਕਦੀ ਰਹੀ ਕਿਉਂਕਿ ਪੁਲਿਸ ਨੂੰ ਪਤਾ ਹੈ ਕਿ ਉਹ ਗਲਤ ਦਾ ਡਟ ਕੇ ਵਿਰੋਧ ਕਰੇਗੀ। ਉਹ ਵਿਦਿਆਰਥੀਆਂ ਦੇ ਹੌਂਸਲੇ ਹੋਰ ਬੁਲੰਦ ਕਰ ਦੇਵੇਗੀ।ਅਮਨ ਜਿਵੇਂ ਕਿਵੇਂ ਉਹਨਾਂ ਵਿਦਿਆਰਥੀਆਂ ਕੋਲ ਪਹੁੰਚੀ ਤੇ ਉਸਨੇ ਸਾਰੇ ਬੁਰੇ ਸਿਸਟਮ ਦਾ ਡਟ ਕੇ ਵਿਰੋਧ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਤੇ ਸਾਥ ਦੇਣ ਦਾ ਐਲਾਨ ਵੀ ਕੀਤਾ ਐਨਾਂ ਕੁਝ ਹੋਣ ਦੇ ਬਾਵਜੂਦ ਸਾਰੀ ਸੱਚਾਈ ਜਾਣਦਿਆਂ ਹੋਇਆਂ ਵੀ ਯੂਨੀਵਰਸਿਟੀ ਦਾ ਚਾਂਸਲਰ ਅਣਜਾਣਤਾ ਦਿਖਾ ਰਿਹਾ ਕਿ ਜੇ ਅਜਿਹੀ ਕੋਈ ਵੀ ਗੱਲ ਹੋਈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਕਾਰਵਾਈਆਂ ਤੇ ਬਣਾਈਆਂ ਕਮੇਟੀਆਂ ਕਿਵੇਂ ਹਰ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਵਰਤੀਆਂ ਜਾਂਦੀਆਂ ਕਿਸੇ ਨੂੰ ਵੀ ਕੋਈ ਭੁੱਲ ਨਹੀਂ ਹੈ,,,,,,,,,,,
ਇਹ ਰੌਲਾ ਤੇ ਹਾਲੇ ਮੁੱਕਿਆ ਈ ਨਹੀਂ ਸੀ ਕਿ 1158 ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਜਿਹੜਾ ਹਸ਼ਰ ਬਰਨਾਲੇ ਚ ਮੀਤ ਹੇਅਰ ਦੇ ਘਰ ਅੱਗੇ ਹੋਇਆ ਉਹ ਸਭ ਨੇ ਅੱਖੀਂ ਵੇਖ ਲਿਆ।ਸਾਰੇ ਦੇਸ਼ ਦਾ ਢਿੱਡ ਭਰਨ ਲਈ ਪੰਜਾਬ ਤੇ ਪੰਜਾਬ ਦੇ ਜਾਇਆਂ ਦੇ ਹਿੱਸੇ ਦੀਆਂ ਨੌਕਰੀਆਂ ‘ਤੇ ਹੱਕ ਬੇਗਾਨਿਆਂ ਦਾ। ਸਾਰੇ ਦੇਸ਼ ਆਪਣੇ ਦੇਸ਼ ਦੇ ਜਵਾਨਾਂ ਨੂੰ ਏਨਾਂ ਪਿਆਰ ਕਰਦੇ ਆ ਤੇ ਜਾਣਦੇ ਆ ਕਿ ਇਹ ਸਾਡਾ ਖੂਬਸੂਰਤ ਕੱਲ੍ਹ ਬਣਨਗੇ,ਸਾਡੇ ਤੋਂ ਵੀ ਬਿਹਤਰ ਹੋਣਗੇ,ਇਸ ਲਈ ਉਹ ਆਪਣਾ ਸਾਰਾ ਜੋਰ ਆਪਣੇ ਜਵਾਨਾਂ ਦਾ ਅੱਜ ਸਵਾਰਨ ‘ਤੇ ਲਾਉਂਦੇ ਆ। ਤੇ ਇੱਕ ਇਹ ਦੇਸ਼ ਆ ਜਿੱਥ ਜਵਾਨੀ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਜਾਂਦਾ, ਲਤਾੜਿਆ ਜਾਂਦਾ, ਤੋੜਿਆ ਜਾਂਦਾ ਉਹਨਾਂ ਨੂੰ ਦੇਸ਼ ਤੋਂ ਬਾਹਰ ਭੱਜ ਜਾਣ ਲਈ ਮਜਬੂਰ ਕੀਤਾ ਜਾਂਦਾ।ਰੱਬ ਈ ਰਾਖਾ ਇਸ ਦੇਸ਼ ਚ ਰਹਿਣ ਵਾਲਿਆਂ ਦਾ।
ਸੋ ਆਖਿਰ ਵਿੱਚ ਏਹੀ ਕਹਾਂਗੀ ਕਿ ਚਾਹੇ ਉਹ ਯੂਨੀਵਰਸਿਟੀ ਦੀਆਂ ਪੀੜਤ ਕੁੜੀਆਂ ਹੋਣ, ਚਾਹੇ ਉਹ ਹੱਡੀਆਂ ਤੁੜਵਾ ਬੈਠੇ ਮੇਰੇ ਪ੍ਰੋਫੈਸਰ ਭੈਣ ਭਰਾ ਹੋਣ,ਚਾਹੇ ਉਹ ਕਰਜੇ ਹੇਠ ਦੱਬਿਆ ਕਿਸਾਨ ਹੋਵੇ ਤੇ ਚਾਹੇ ਨਸ਼ੇ ਚ ਡੁੱਬਿਆ ਬੈਠਾ ਕੋਈ ਬੇਰੁਜਗਾਰ ਨੌਜਵਾਨ । ਆਪਾਂ ਸਾਰੇ ਈ ਦੁਖੀ ਆਂ।ਕਾਰਨ ਈ ਅਲੱਗ ਅਲੱਗ ਆ ਦੁੱਖ ਇੱਕ ਈ ਆ, ਤੇ ਇਹ ਆਪਾਂ ਸਾਰੇ ਹੰਢਾ ਰਹੇ ਆਂ। ਕਿਉਂਕਿ ਜਿਹੜੇ ਸਿਸਟਮ ਚ ਆਪਾਂ ਰਹਿੰਦੇ ਆਂ ਉਹ ਇੱਕ ਹੀ ਹੈ ।ਸੋ ਸਮਾਂ ਨਹੀਂ ਮਾੜਾ,ਕੁਝ ਮਾੜਾ ਹੈ ਤਾਂ ਉਹ ਹੈ ਆਪਣਾ ਸਿਸਟਮ। ਜਿੰਨਾਂ ਚਿਰ ਇਹ ਨਹੀਂ ਬਦਲਦਾ ਆਪਣਾ ਏਹੀ ਹਾਲ ਰਹਿਣਾ।ਚਾਹੇ ਕੋਈ ਸਰਕਾਰ ਹੋਵੇ।
ਇਸ ਲਈ ਆਪਣੇ ਦੁੱਖਾਂ ਨੂੰ ਭੁਲਾਉਣ ਲਈ ਨਸ਼ਿਆਂ ਦੀ ਦਲ ਦਲ ਵਿੱਚ ਵੜਨ ਦਾ ਸਮਾਂ ਨਹੀਂ, ਨਸ਼ਿਆਂ ਦੀ ਦਲਦਲ ਵਿੱਚੋਂ ਨਿੱਕਲ ਕੇ ਸੋਚਣ ਦਾ ਵੇਲਾ ਹੈ। ਇਸ ਉਲਝਣ ਨੂੰ ਸੁਲਝਾਉਣ ਦਾ ਵੇਲਾ ਹੈ। ਬੇਗੁਨਾਹ ਵੀ ਅਸੀਂ, ਲੁੱਟੀ ਜਾਣ ਵਾਲੀ ਧਿਰ ਵੀ ਅਸੀਂ ਫਿਰ ਵੀ ਸਾਡੀਆਂ ਜੁੱਤੀਆਂ ਸਾਡਾ ਈ ਸਿਰ ਕਿਉਂ?? ਇਸ ਬੁਝਾਰਤ ਨੂੰ ਬੁੱਝਣ ਦਾ ਵੇਲਾ ਹੈ।ਆਪਣੇ ਮਾਪਿਆਂ ਲਈ ਆਪਣੇ ਬੱਚਿਆਂ ਲਈ ਤੁਸੀਂ ਸਭ ਕੁਝ ਹੋ, ਹਾਲਾਤਾਂ ਨਾਲ ਲੜ ਕੇ ਮਰ ਜਾਓ ਬੇਸ਼ੱਕ ਪਰ ਖੁਦਕੁਸ਼ੀਆਂ ਤੇ ਨਸ਼ਿਆਂ ਦੇ ਰਾਹ ਨਾ ਤੁਰੋ। ਨਸ਼ਿਆਂ ਦਾ ਤਿਆਗ ਕਰਕੇ, ਫਿਕਰ ਚਿੰਤਾਵਾਂ ਪਾਸੇ ਧਰਕੇ ਸੋਚੋਗੇ ਤਾਂ ਜਰੂਰ ਜਿੱਤ ਜਾਓਗੇ।ਬੇਦੋਸ਼ੇ ਪਿੰਡਿਆਂ ਉੱਪਰ ਵਰਦੀਆਂ ਡਾਂਗਾਂ ਦਾ ਰੁਖ ਆਪੇ ਈ ਦੋਸ਼ੀਆਂ ਵੱਲ ਹੋ ਜਾਵੇਗਾ।ਤੁਸੀਂ ਨਿਰਾਸ਼ ਨਾ ਹੋਇਓ ਤੁਹਾਡੇ ਹੱਥਾਂ ਵਿੱਚ ਫੜੀਆਂ ਡਿਗਰੀਆਂ ਤੇ ਆਸਾਂ ਨੂੰ ਜਰੂਰ ਬੂਰ ਪਵੇਗਾ।
ਅਨੰਤ ਗਿੱਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly