ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ ਤੋਂ ਬਠਿੰਡਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਦੇ ਤਬਾਦਲੇ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਇਹ ਐੱਸ.ਐੱਸ.ਪੀ. ਕਾਂਗਰਸ ਪਾਰਟੀ ਨਾਲ ਮਿਲ ਕੇ ਚੋਣ ਅਮਲ ਵਿਚ ਗੜਬੜ ਕਰ ਰਿਹਾ ਹੈ, ਜਿਸ ਕਰਕੇ ਹਲਕੇ ਵਿਚ ਨਿਰਪੱਖ ਚੋਣਾਂ ਸੰਭਵ ਨਹੀਂ ਹਨ। ਉਨ੍ਹਾਂ ਆਖਿਆ ਕਿ ਆਜ਼ਾਦ ਚੋਣਾਂ ਕਰਾਉਣ ਲਈ ਬਠਿੰਡਾ ਹਲਕੇ ਵਿਚ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ। ਬੀਬੀ ਬਾਦਲ ਨੇ ਚੋਣ ਆਬਜ਼ਰਵਰਾਂ ਕੋਲ ਆਪਣੀਆਂ ਸ਼ਿਕਾਇਤਾਂ ਰੱਖੀਆਂ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਖੁੰਦਕ ਕੱਢ ਰਹੇ ਹਨ ਕਿਉਂਕਿ ਉਸ ਨੇ ਪਹਿਲਾਂ ਚੋਣਾਂ ਵਿਚ ਦੋਵਾਂ ਨੂੰ ਹਰਾਇਆ ਸੀ। ਬੀਬੀ ਬਾਦਲ ਨੇ ਦੋਸ਼ ਲਾਇਆ ਕਿ ਐੱਸ.ਐੱਸ.ਪੀ. ਨਾਨਕ ਸਿੰਘ ਗਰਮਖ਼ਿਆਲੀ ਅਤੇ ਸਮਾਜ ਵਿਰੋਧੀ ਤੱਤਾਂ ਦੀ ਮਦਦ ਕਰ ਰਹੇ ਹਨ। ਮਿਸਾਲ ਦੇ ਤੌਰ ’ਤੇ ਪਿੰਡ ਬਾਦਲ ਵਿਚ ਬਲਜੀਤ ਸਿੰਘ ਦਾਦੂਵਾਲ ਦੀ ਹੰਗਾਮਾ ਕਰਨ ਵਿਚ ਬਠਿੰਡਾ ਪੁਲੀਸ ਨੇ ਮਦਦ ਕੀਤੀ। ਮੰਡੀ ਕਲਾਂ ਵਿਚ ਗੜਬੜ ਕਰਾਉਣ ਲਈ ਭਾੜੇ ਦੇ ਬਦਮਾਸ਼ ਸੱਦੇ ਹੋਏ ਸਨ। ਸੁਖਬੀਰ ਸਿੰਘ ਬਾਦਲ ਨੇ ਐੱਸ.ਐੱਸ.ਪੀ. ਨੂੰ ਫੋਨ ਕਰਕੇ ਸਥਿਤੀ ਤੋਂ ਜਾਣੂ ਕਰਾਇਆ ਪਰ ਐੱਸ.ਐੱਸ.ਪੀ. ਨੇ ਕੋਈ ਕਾਰਵਾਈ ਨਹੀਂ ਕੀਤੀ। ਬਾਦਲ ਨੇ ਆਖਿਆ ਕਿ ਰੋਜ਼ ਗਾਰਡਨ ਵਿਚ ਉਨ੍ਹਾਂ ਦੇ ਪ੍ਰੋਗਰਾਮ ਵਿਚ ਵਿਘਨ ਪਾਉਣ ਵਾਲੇ ਬਲਦੇਵ ਸਿੰਘ ਭੁੱਲਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਬੀਬੀ ਬਾਦਲ ਨੇ ਚੋਣ ਕਮਿਸ਼ਨ ਨੂੰ ਇਹ ਵੀ ਸ਼ਿਕਾਇਤ ਭੇਜੀ ਹੈ ਕਿ ਰਾਜਾ ਵੜਿੰਗ ਨੇ ਬੁਢਲਾਡਾ ਵਿਚ ਫਿਰਕੂ ਤਕਰੀਰ ਦਿੱਤੀ ਹੈ ਅਤੇ ਭੜਕਾਊ ਭਾਸ਼ਨ ਦਿੰਦੇ ਹੋਏ ਆਖਿਆ ਕਿ ਕੋਈ ਵੀ ਹਿੰਦੂ ਅਕਾਲੀ ਦਲ ਨੂੰ ਵੋਟ ਨਹੀਂ ਪਾ ਸਕਦਾ।
INDIA ਹਰਸਿਮਰਤ ਵਲੋਂ ਚੋਣ ਕਮਿਸ਼ਨ ਤੋਂ ਐੱਸਐੱਸਪੀ ਦੇ ਤਬਾਦਲੇ ਦੀ ਮੰਗ