ਰੈਲੀ ਦੀਆਂ ਝਲਕੀਆਂ
* ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ ’ਚ ਹੋਈ ਰੈਲੀ ’ਚ ਅੰਮ੍ਰਿਤਸਰ, ਗੁਰਦਾਸਪੁਰ, ਖਡੂਰ ਸਾਹਿਬ, ਜਲੰਧਰ ਅਤੇ ਆਨੰਦਪੁਰ ਸਾਹਿਬ ਦੇ ਉਮੀਦਵਾਰ ਵੀ ਸ਼ਾਮਲ ਹੋਏ।
* ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਤੇ ਬੌਲੀਵੁੱਡ ਅਦਾਕਾਰ ਸਨੀ ਦਿਓਲ ਜਦੋਂ ਮੰਚ ’ਤੇ ਆਏ ਤਾਂ ਅੰਮ੍ਰਿਤਸਰ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਸਰੋਤਿਆਂ ਦੇ ਉਤਸ਼ਾਹ ਨੂੰ ਦੇਖਦਿਆਂ ਭਾਸ਼ਨ ਵਿਚਾਲੇ ਹੀ ਛੱਡਣਾ ਪਿਆ।
* ਪੀਲੀ ਦਸਤਾਰ ਸਜਾ ਕੇ ਆਏ ਸਨੀ ਦਿਓਲ ਨੇ ਆਪਣੇ ਮਸ਼ਹੂਰ ਫ਼ਿਲਮੀ ਡਾਇਲਾਗ ਬੋਲ ਕੇ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ।
* ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਆਪਸੀ ਖਿੱਚੋਤਾਣ ਇਕ ਵਾਰ ਫਿਰ ਸਾਹਮਣੇ ਆਈ ਜਦ ਮਲਿਕ ਨੇ ਛੋਟੇ ਰੁਤਬੇ ਵਾਲੇ ਆਗੂਆਂ ਤੋਂ ਵੀ ਬਾਅਦ ਅਖੀਰ ਵਿਚ ਸਾਂਪਲਾ ਦਾ ਨਾਂ ਲਿਆ।
* ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਸਟੇਜ ਸਕੱਤਰ ਨੇ ਸਰੋਤਿਆਂ ਨੂੰ ਉੱਚੀ ਅਵਾਜ਼ ਵਿਚ ਮੋਦੀ-ਮੋਦੀ ਬੋਲਣ ਦੀ ਪ੍ਰੈਕਟਿਸ ਕਰਵਾਈ।
* ਭਾਜਪਾ ਵਰਕਰਾਂ ਨੂੰ ਰੈਲੀ ਵਾਲੀ ਥਾਂ ’ਤੇ ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਅਤੇ ਛੋਟੇ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਸੀ।
* ਪ੍ਰਧਾਨ ਮੰਤਰੀ ਨਿਰਧਾਰਿਤ ਸਮੇਂ ਤੋਂ ਲਗਭਗ ਡੇਢ ਘੰਟਾ ਦੇਰੀ ਨਾਲ ਆਏ।
* ਸਟੇਜ ’ਤੇ ਲੱਗਿਆ ਬੈਨਰ ਕੇਵਲ ਪੰਜਾਬੀ ਭਾਸ਼ਾ ’ਚ ਹੀ ਸੀ ਜੋ ਜ਼ਾਹਿਰਾ ਤੌਰ ’ਤੇ ਪ੍ਰਧਾਨ ਮੰਤਰੀ ਦੇ ਸਮਝ ਨਹੀਂ ਪਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੁਸ਼ਿਆਰਪੁਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਸੈਮ ਪਿਤਰੋਦਾ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕੀਤੀ ਟਿੱਪਣੀ ਦੇ ਹਵਾਲੇ ਨਾਲ ਕਿਹਾ ਕਿ ਅਜਿਹੇ ਬਿਆਨ ਪਾਰਟੀ ਦੇ ‘ਚਰਿੱਤਰ ਤੇ ਮਾਨਸਿਕਤਾ’ ਨੂੰ ਦਰਸਾਉਂਦੇ ਹਨ। ਮੋਦੀ ਨੇ ਕਿਹਾ ਕਿ ਤਿੰਨ ਸ਼ਬਦਾਂ ’ਚ ਹੀ ਪਤਾ ਲੱਗ ਗਿਆ ਹੈ ਕਿ ਕਾਂਗਰਸ ਕੀ ਸੋਚਦੀ ਹੈ ਤੇ ਕਿੰਨਾ ਹੰਕਾਰ ਹੈ। ਉਨ੍ਹਾਂ ਕਿਹਾ ਕਿ ਸੈਮ ਪਿਤਰੋਦਾ ਦਾ ਸਿੱਖ ਦੰਗਿਆਂ ਬਾਰੇ ਇਹ ਕਹਿਣਾ ‘84 ਕਾ ਦੰਗਾ ਹੂਆ ਤੋ ਹੂਆ’ ਦਰਸਾਉਂਦਾ ਹੈ ਕਿ ਕਾਂਗਰਸ ਨੂੰ ਕੋਈ ਅਫ਼ਸੋਸ ਨਹੀਂ। ਮੋਦੀ ਨੇ ਸੈਮ ਪਿਤਰੋਦਾ ’ਤੇ ਕਾਂਗਰਸ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੁਰਾਸੀ ਦੇ ਦੰਗਿਆਂ ਬਾਰੇ ਅਜਿਹਾ ਬਿਆਨ ਦੇਣ ਵਾਲਾ ਕਾਂਗਰਸੀ ਆਗੂ ਗਾਂਧੀ ਪਰਿਵਾਰ ਲਈ ਬੇਹੱਦ ਖਾਸ ਤੇ ਭਰੋਸੇਮੰਦ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਲਈ ‘ਜ਼ਿੰਦਗੀ ਦੀ ਕੋਈ ਕੀਮਤ ਨਹੀਂ, ਉਹ ਮਨੁੱਖ ਨੂੰ ਮਨੁੱਖ ਨਹੀਂ ਸਮਝਦੇ’। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਤੱਕ ਕਾਂਗਰਸ ਨੇ ਦੰਗਾ ਪੀੜਤਾਂ ਨੂੰ ਨਿਆਂ ਨਹੀਂ ਦਿੱਤਾ। ਮੋਦੀ ਨੇ ਕਿਹਾ ਕਿ ਭਾਜਪਾ ਨੇ ਸਰਕਾਰ ਕਾਇਮ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਕੰਮ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਲਈ ਅੱਜ ਪੰਜਾਬ ’ਚ ਪਹਿਲੀ ਚੋਣ ਰੈਲੀ ਕੀਤੀ ਤੇ ਪੰਜਾਬ ਦੇ ਭਖ਼ਦੇ ਮਸਲਿਆਂ ਨੂੰ ਵੀ ਛੂਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਿੱਖ ਗੁਰੂਆਂ ਦੀਆਂ ਜਨਮ ਸ਼ਤਾਬਦੀਆਂ ਵੱਡੇ ਪੱਧਰ ’ਤੇ ਮਨਾਉਣ ਅਤੇ ਗੁਰੂ ਰਵਿਦਾਸ ਦਾ ਵਾਰਾਨਸੀ ਵਿਚ ਮੰਦਰ ਕੰਪਲੈਕਸ ਬਨਾਉਣ ਦਾ ਵੀ ਜ਼ਿਕਰ ਕੀਤਾ। ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਇਤਿਹਾਸਕ ਗਲਤੀ ਕਾਰਨ ਸ਼ਰਧਾ ਦਾ ਕੇਂਦਰ ਕਰਤਾਰਪੁਰ ਸਾਹਿਬ ਗੁਰਦੁਆਰਾ ਭਾਰਤ ਤੋਂ ਦੂਰ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਬਕਾ ਫ਼ੌਜੀਆਂ ਨਾਲ ਇਕ ਰੈਂਕ ਇਕ ਪੈਨਸ਼ਨ ਦੇ ਨਾਂ ’ਤੇ 40 ਸਾਲ ਧੋਖਾ ਕੀਤਾ ਜਦਕਿ ਭਾਜਪਾ ਸਰਕਾਰ ਨੇ ਇਸ ਨੂੰ ਲਾਗੂ ਕੀਤਾ। ਅਤਿਵਾਦ ਖ਼ਿਲਾਫ਼ ਕਾਰਵਾਈ ਦਾ ਅਹਿਦ ਵੀ ਮੋਦੀ ਨੇ ਇਸ ਮੌਕੇ ਦੁਹਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਭਾਰਤ ਦਾ ਵੱਡਾ ਹਿੱਸਾ ਬੂੰਦ-ਬੂੰਦ ਪਾਣੀ ਲਈ ਪ੍ਰੇਸ਼ਾਨ ਹੈ। ਹੱਕ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਰਿਹਾ ਤੇ ਇਸ ਲਈ ਕਾਂਗਰਸ ਜ਼ਿੰਮੇਵਾਰ ਹੈ।
ਮੋਦੀ ਨੇ ਵਾਅਦਾ ਕੀਤਾ ਕਿ 23 ਮਈ ਤੋਂ ਬਾਅਦ ਜਦ ਮੁੜ ਐਨਡੀਏ ਸਰਕਾਰ ਬਣੇਗੀ ਤਾਂ ਕਿਸਾਨਾਂ ਦੇ ਖ਼ਾਤਿਆਂ ’ਚ ਹਰ ਸਾਲ 6 ਹਜ਼ਾਰ ਰੁਪਏ ਜਮਾਂ ਕਰਨ ਦੀ ਸਕੀਮ ਦਾ ਲਾਭ ਲੈਣ ਲਈ 5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਦੀ ਸ਼ਰਤ ਨੂੰ ਖ਼ਤਮ ਕਰਕੇ ਸਾਰੇ ਕਿਸਾਨਾਂ ’ਤੇ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਮਜ਼ਬੂਤ ਸਰਕਾਰ ਬਨਾਉਣ ਤੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਰੈਲੀ ਵਿਚ ਆਉਣ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਵੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਜੈ ਰਾਮ ਠਾਕੁਰ, ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ।