ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਦੇ ਮੋਦੀ ਕੇਂਦਰਿਤ ਪਾਰਟੀ ਬਣਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਜਪਾ ਕਦੇ ਵੀ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਕੇਂਦਰਿਤ ਨਹੀਂ ਹੋ ਸਕਦੀ ਕਿਉਂਕਿ ਇਹ ਵਿਚਾਰਧਾਰਾ ਉੱਤੇ ਆਧਾਰਿਤ ਪਾਰਟੀ ਹੈ। ਉਨ੍ਹਾਂ ਇਸ ਵਾਰ ਚੋਣਾਂ ਵਿੱਚ ਭਾਜਪਾ ਨੂੰ ਪਹਿਲਾਂ ਨਾਲੋਂ ਕਮਜ਼ੋਰ ਫ਼ਤਵਾ ਮਿਲਣ ਦੀਆਂ ਸੰਭਾਵਨਾਵਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਪਾਰਟੀ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ ਹਾਸਲ ਕਰੇਗੀ। ਆਪਣੇ ਨਿਵਾਸ ਸਥਾਨ ਉੱਤੇ ਪੀਟੀਆਈ ਨੂੰ ਦਿੱਤੀ ਇੰਟਰਵਿਊ ਦੌਰਾਨ ਸ੍ਰੀ ਗਡਕਰੀ ਨੇ ਕਿਹਾ ਕਿ ਭਾਜਪਾ ਨਾ ਪਹਿਲਾਂ ਅਟਲ ਜਾਂ ਅਡਵਾਨੀ ਦੀ ਪਾਰਟੀ ਬਣੀ ਸੀ, ਨਾ ਹੀ ਭਵਿੱਖ ਵਿੱਚ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਦੀ ਪਾਰਟੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗ਼ਲਤ ਹੋਵੇਗਾ ਕਿ ਭਾਜਪਾ ਮੋਦੀ ਕੇਂਦਰਿਤ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਭਾਜਪਾ ਵਿੱਚ ਕਦੇ ਵੀ ਇਕ ਪਰਿਵਾਰ ਦਾ ਸ਼ਾਸਨ ਨਹੀਂ ਹੋ ਸਕਦਾ। ਪਾਰਟੀ ਵਿੱਚ ਸੰਸਦੀ ਬੋਰਡ ਹੀ ਸਾਰੇ ਫ਼ੈਸਲੇ ਲੈਂਦਾ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਜੇਕਰ ਪਾਰਟੀ ਮਜ਼ਬੂਤ ਹੈ ਪਰ ਇਸ ਦੇ ਆਗੂ ਕਮਜ਼ੋਰ ਹਨ ਤਾਂ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਇਸੇ ਤਰ੍ਹਾਂ ਜੇਕਰ ਲੀਡਰ ਮਜ਼ਬੂਤ ਹਨ ਪਰ ਪਾਰਟੀ ਕਮਜ਼ੋਰ ਹੈ ਤਾਂ ਵੀ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਪਰ ਕੋਈ ਵੱਡਾ ਆਗੂ ਕੁਦਰਤੀ ਹੀ ਮੂਹਰੇ ਆ ਜਾਂਦਾ ਹੈ। ਉਨ੍ਹਾਂ ਭਾਜਪਾ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਗਏ ਕੰਮਾਂ ਜਾਂ ਪ੍ਰਾਪਤੀਆਂ ਦੀ ਥਾਂ ਰਾਸ਼ਟਰਵਾਦ ਦੇ ਨਾਂ ਉੱਤੇ ਚੋਣਾਂ ਲੜੇ ਜਾਣ ਦੇ ਦਾਅਵਿਆਂ ਨੂੰ ਬਕਵਾਸ ਕਰਾਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਰਾਸ਼ਟਰਵਾਦ ਕੋਈ ਮੁੱਦਾ ਨਹੀਂ, ਬਲਕਿ ਉਨ੍ਹਾਂ ਦੀ ਆਤਮਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਉਨ੍ਹਾਂ ਦੀ ਆਤਮਾ ਹੈ ਅਤੇ ਵਧੀਆ ਪ੍ਰਸ਼ਾਸਨ ਤੇ ਵਿਕਾਸ ਉਨ੍ਹਾਂ ਦਾ ਮਿਸ਼ਨ। ਆਪਣੇ ਹਰ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਤੇ ਇਸ ਦੀ ਫ਼ੌਜ ਬਾਰੇ ਬੋਲਣ ਬਾਰੇ ਉਨ੍ਹਾਂ ਕਿਹਾ ਕਿ ਮੀਡੀਆ ਨੇ ਬਾਲਾਕੋਟ ਹਮਲੇ ਤੋਂ ਬਾਅਦ ਕੁਝ ਸਵਾਲ ਚੁੱਕੇ ਸਨ ਜਿਨ੍ਹਾਂ ਦਾ ਜਵਾਬ ਦੇਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਅੰਦਰੂਨੀ ਤੇ ਬਾਹਰੀ ਸੁਰੱਖਿਆ ਦੇ ਮੁੱਦੇ ਉੱਤੇ ਵਿਚਾਰ ਚਰਚਾ ਹੋਣਾ ਸੁਭਾਵਿਕ ਹੈ ਪਰ ਉਨ੍ਹਾਂ ਨੇ ਰਾਸ਼ਟਰਵਾਦ ਨੂੰ ਕੋਈ ਮੁੱਦਾ ਨਹੀਂ ਬਣਾਇਆ ਹੈ।ਪੁਲਵਾਮਾ ਹਮਲਾ ਖ਼ੁਫੀਆ ਤੰਤਰ ਦੀ ਅਸਫ਼ਲਤਾ ਦਾ ਨਤੀਜਾ ਹੋਣ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕੋਈ ਵੀ ਦੇਸ਼ ਦਹਿਸ਼ਤੀ ਕਾਰਵਾਈਆਂ ਨੂੰ ਖ਼ੁਫੀਆ ਤੰਤਰ ਦੀ ਅਸਫ਼ਲਤਾ ਵਜੋਂ ਨਹੀਂ ਦੇਖਦਾ ਹੈ। ਇਹ ਇਕ ਲੰਬੀ ਲੜਾਈ ਹੈ। ਅਜਿਹੀਆਂ ਘਟਨਾਵਾਂ ਹੋਰ ਦੇਸ਼ਾਂ ਵਿੱਚ ਵੀ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਖ਼ੁਫ਼ੀਆ ਤੰਤਰ ਮਨੁੱਖ ਆਧਾਰਿਤ ਹੁੰਦਾ ਹੈ ਨਾ ਕਿ ਦੈਵੀ। ਉਨ੍ਹਾਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਵਧਣ ਦਾ ਦਾਅਵਾ ਕੀਤਾ।
HOME ਭਾਜਪਾ ਮੋਦੀ ਜਾਂ ਸ਼ਾਹ ਦੀ ਪਾਰਟੀ ਨਹੀਂ: ਗਡਕਰੀ