ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਅੱਕੇ ਦੇਸ਼ ਦੇ ਲੋਕ ਆਪਣੇ ਗੁੱਸੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਮੋਦੀ ਸਰਕਾਰ ਦੇ ਖ਼ਿਲਾਫ਼ ਭੁਗਤਦਿਆਂ, ਕਾਂਗਰਸ ਦੇ ਹੱਕ ਵਿਚ ਫਤਵਾ ਦੇ ਕੇ ਕਰਨਗੇ। ਲੋਕ ਜਾਣ ਚੁੱਕੇ ਹਨ ਕਿ ਦੇਸ਼ ਕਾਂਗਰਸ ਦੇ ਹੱਥਾਂ ’ਚ ਹੀ ਸੁਰੱਖਿਅਤ ਹੈ। ਇਹ ਗੱਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹੀਆਂ। ਉਨ੍ਹਾਂ ਆਖਿਆ ਕਿ ਲੋਕ ਦੇਸ਼ ਨੂੰ ਭਾਜਪਾ ਤੋਂ ਮੁਕਤ ਕਰਵਾਉਣ ਦਾ ਮਨ ਬਣਾ ਚੁੱੱਕੇ ਹਨ। ਇਸ ਲਈ ਨਰਿੰਦਰ ਮੋਦੀ ਹੁਣ ਦੋ ਹਫ਼ਤਿਆਂ ਦਾ ਹੀ ਪ੍ਰਾਹੁਣਾ ਹੈ। ਉਹ ਅੱਜ ਇਥੇ ਪ੍ਰਤਾਪ ਨਗਰ ਇਲਾਕੇ ਵਿਚ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਹੋਏ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਲੋਕਾਂ ਨੇ ਬੇਤਹਾਸ਼ਾ ਮੁਸੀਬਤਾਂ ਝੱਲੀਆਂ ਤੇ ਜੀਐੱਸਟੀ ਨੇ ਤਾਂ ਕਾਰੋਬਾਰ ਹੀ ਰੋਲ ਕੇ ਰੱਖ ਦਿੱਤੇ ਹਨ। ਮੋਦੀ ਸਰਕਾਰ ਦੀ ਹਰ ਨੀਤੀ ਲੋਕਾਂ ’ਤੇ ਭਾਰੂ ਪਈ ਹੈ, ਜਿਸ ਦਾ ਬਦਲਾ ਲੈਣ ਲਈ ਲੋਕ 19 ਮਈ ਦੀ ਉਡੀਕ ’ਚ ਹਨ। ਕੈਪਟਨ ਨੇ ਕਿਹਾ ਕਰੀਬ ਸਵਾ ਦੋ ਸਾਲਾਂ ਵਿਚ ਕੇਂਦਰ ਨੇ ਪੰਜਾਬ ਦੀ ਇੱਕ ਵੀ ਮੰਗ ਨਹੀਂ ਮੰਨੀ, ਉਲਟਾ ਵਿਰੋਧੀ ਫੈਸਲੇ ਕੀਤੇ ਜਾਂਦੇ ਰਹੇ ਹਨ। ਹਰ ਸਾਲ ਕਣਕ ਅਤੇ ਝੋਨੇ ਦੀ ਖਰੀਦ ਸਬੰਧੀ ਕੇਂਦਰ ਵੱਲੋਂ 1600 ਕਰੋੜ ਦਾ ਖਰਚਾ ਪੰਜਾਬ ’ਤੇ ਪਾਇਆ ਜਾ ਰਿਹਾ ਹੈ। ਜਦਕਿ ਪੰਜਾਬ ਦੋ ਫੀਸਦੀ ਹੋਣ ਦੇ ਬਾਵਜੂਦ ਦੇਸ਼ ਦੇ ਅੰਨ ਭੰਡਾਰ ਵਿੱਚ 40 ਫੀਸਦੀ ਹਿੱਸਾ ਪਾ ਰਿਹਾ ਹੈ। ਉਨ੍ਹਾਂ ਬਾਦਲ ਸਰਕਾਰ ’ਤੇ ਪਟਿਆਲਾ ਦੀਆਂ ਸਰਕਾਰੀ ਜਾਇਦਾਦਾਂ ਵੇਚਣ ਦੇ ਦੋਸ਼ ਲਾਏ ਅਤੇ ਕਿਹਾ ਕਿ ਉਹ ਵੇਚੀਆਂ ਗਈਆਂ ਜਾਇਦਾਦਾਂ ਵਾਪਸ ਕਰਵਾ ਰਹੇ ਹਨ। ਪਟਿਆਲਾ ’ਚ ਨਵਾਂ ਬੱਸ ਅੱਡਾ ਬਣਵਾਉਣ, ਡੇਅਰੀਆਂ ਬਾਹਰ ਕੱਢਣ, ਪੀਣ ਵਾਲ਼ੇ ਪਾਣੀ ਦੇ ਪ੍ਰਾਜੈਕਟ ਸਮੇਤ ਸਪੋਰਟਸ ਯੂਨੀਵਰਸਿਟੀ ਸਥਾਪਤ ਕਰਨ ਦੀ ਗੱਲ ਵੀ ਕੀਤੀ। ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿਚ ਸੁਨਾਮ ’ਚ ਚੋਣ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਅਤੇ ਪੰਜਾਬ ਵਿਚ ਦਸ ਸਾਲ ਰਾਜ ਕਰ ਕੇ ਗਏ ਅਕਾਲੀਆਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਚੋਣ ਵਾਅਦਿਆਂ ਅਨੁਸਾਰ ਲੈਪਟੌਪ, ਨੌਕਰੀਆਂ ਅਤੇ ਮੋਬਾਈਲ ਜਲਦ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਦੇਸ਼ ਦੀ ਸੱਤਾ ਬਦਲਣੀ ਹੈ। ਬੇਅਦਬੀ ਬਾਰੇ ਉਨ੍ਹਾਂ ਕਿਹਾ ਕਿ ਸਿਟ ਦੀ ਰਿਪੋਰਟ ਅਨੁਸਾਰ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਪਿਛਲੇ ਦਿਨੀਂ ਇਕ ਨੌਜਵਾਨ ਨੂੰ ਥੱਪੜ ਮਾਰੇ ਜਾਣ ਵਾਲੀ ਘਟਨਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਵੀ ਉਨ੍ਹਾਂ ਦੇ ਮੰਚ ’ਤੇ ਆ ਕੇ ਬਦਤਮੀਜ਼ੀ ਕਰੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
HOME ਨਰਿੰਦਰ ਮੋਦੀ ਮਹਿਜ਼ ਦੋ ਹਫ਼ਤਿਆਂ ਦਾ ਪ੍ਰਾਹੁਣਾ: ਕੈਪਟਨ