ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਆਊਟ ਹੋਣ ਮਗਰੋਂ ਗੁੱਸੇ ਵਿੱਚ ਵਿਕਟਾਂ ’ਤੇ ਬੱਲਾ ਮਾਰਨ ਕਾਰਨ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।
ਰੋਹਿਤ ਨੂੰ ਈਡਨ ਗਾਰਡਨਜ਼ ਵਿੱਚ ਐਤਵਾਰ ਰਾਤ ਨੂੰ ਖੇਡੇ ਗਏ ਮੈਚ ਦੌਰਾਨ ਜਦੋਂ ਐਲਬੀਡਬਲਯੂ ਆਊਟ ਕੀਤਾ ਗਿਆ ਤਾਂ ਉਸ ਨੇ ਗੁੱਸੇ ’ਚ ਬੱਲਾ ਵਿਕਟਾਂ ’ਤੇ ਮਾਰ ਦਿੱਤਾ, ਜੋ ਆਈਪੀਐਲ ਲੀਗ ਦੇ ਜ਼ਾਬਤੇ ਦੀ ਉਲੰਘਣਾ ਹੈ। ਮੁੰਬਈ ਇੰਡੀਅਨਜ਼ ਨੇ ਇਹ ਮੈਚ 34 ਦੌੜਾਂ ਨਾਲ ਗੁਆ ਲਿਆ ਸੀ। ਕੇਕੇਆਰ ਨੇ ਇਸ ਜਿੱਤ ਨਾਲ ਲਗਾਤਾਰ ਛੇ ਮੈਚ ਹਾਰਨ ਦੇ ਸਿਲਸਿਲੇ ਨੂੰ ਤੋੜਿਆ ਸੀ। ਰੋਹਿਤ ਨੇ ਆਈਪੀਐਲ ਜ਼ਾਬਤੇ ਦੇ ਲੇਵਲ-1 ਦੇ ਦੋਸ਼ 2.2 ਨੂੰ ਕਬੂਲ ਕੀਤਾ ਹੈ ਅਤੇ ਉਸ ਨੇ ਜੁਰਮਾਨਾ ਵੀ ਸਵੀਕਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਧੀਮੀ ਗਤੀ ਦਾ ਓਵਰ ਸੁੱਟਣ ਕਾਰਨ ਰੋਹਿਤ ਨੂੰ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ।
Sports ਰੋਹਿਤ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ