ਆਮ ਆਦਮੀ ਪਾਰਟੀ (‘ਆਪ’) ਦੇ ਮਾਨਸਾ ਤੋਂ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਦੂਜੇ ਪਾਸੇ ਆਪਣੀ ਪਾਰਟੀ ਬਣਾ ਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜ ਦਿੱਤਾ ਹੈ।
ਸ੍ਰੀ ਮਾਨਸ਼ਾਹੀਆ ਅੱਜ ਅਚਨਚੇਤ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਮੌਜੂਦਗੀ ਵਿਚ ‘ਆਪ’ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਸ੍ਰੀ ਮਾਨਸ਼ਾਹੀਆ ਭਾਵੇਂ ਸ੍ਰੀ ਖਹਿਰਾ ਕੋਲੋਂ ਹਾਈਕਮਾਂਡ ਵੱਲੋਂ ਵਿਰੋਧੀ ਧਿਰ ਦੀ ਕੁਰਸੀ ਖੋਹਣ ਤੋਂ ਬਾਅਦ ਪਾਰਟੀ ਵਿਚੋਂ ਬਾਗੀ ਹੋ ਗਏ ਸਨ ਪਰ ਉਨ੍ਹਾਂ ਨੇ ਅੱਜ ਤੱਕ ਨਾ ਤਾਂ ਪਾਰਟੀ ਅਤੇ ਨਾ ਹੀ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਸ੍ਰੀ ਮਾਨਸ਼ਾਹੀਆ ਉਚ ਸਰਕਾਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ‘ਆਪ’ ਦੀ ਟਿਕਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ। ਉਨ੍ਹਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੀ ਰੁੱਤ ਵਿੱਚ ਉਨ੍ਹਾਂ ਕੋਲ ਵੱਖ-ਵੱਖ ਪਾਰਟੀਆਂ ਨੇ ਪਹੁੰਚ ਕੀਤੀ ਸੀ। ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਕਾਂਗਰਸੀ ਹੋਣ ਕਾਰਨ ਅਤੇ ਸਮਰਥਕਾਂ ਵੱਲੋਂ ਦਿੱਤੀ ਰਾਇ ਤੋਂ ਬਾਅਦ ਉਨ੍ਹਾਂ ਇਸ ਪਾਰਟੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਂਜ ਵੀ ਇਹ ਧਰਮ-ਨਿਰਪੱਖ ਪਾਰਟੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਦਾ ਨਿੱਜੀ ਹੈ ਅਤੇ ਇਸ ਬਾਬਤ ਉਨ੍ਹਾਂ ਨੇ ਬਾਕੀ ਬਾਗੀ ਵਿਧਾਇਕਾਂ ਨਾਲ ਕੋਈ ਸਲਾਹ ਨਹੀਂ ਕੀਤੀ। ਸੂਤਰਾਂ ਅਨੁਸਾਰ ਕਾਂਗਰਸ ਸ੍ਰੀ ਮਾਨਸ਼ਾਹੀਆ ਨੂੰ ਹਲਕਾ ਮਾਨਸਾ ਦੀ ਭਵਿੱਖ ਵਿਚ ਸੰਭਾਵੀ ਉਪ ਚੋਣ ਹੋਣ ’ਤੇ ਮੁੜ ਇਥੋਂ ਲੜਾ ਸਕਦੀ ਹੈ। ਸਿਆਸੀ ਹਲਕਿਆਂ ਅਨੁਸਾਰ ਜੇਕਰ ਸ੍ਰੀ ਮਾਨਸ਼ਾਹੀਆ ਼ਖ਼ੁਦ ਅਸਤੀਫ਼ਾ ਨਾ ਦਿੰਦੇ ਤਾਂ ਵੀ ਦਲ-ਬਦਲੀ ਕਾਨੂੰਨੀ ਤਹਿਤ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਸੀ।
ਦੂਸਰੇ ਪਾਸੇ ਅੱਜ ਸ੍ਰੀ ਖਹਿਰਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫ਼ਾ ਭੇਜ ਦਿੱਤਾ ਹੈ। ਸ੍ਰੀ ਖਹਿਰਾ ਨੇ ਆਪਣੇ ਅਸਤੀਫ਼ੇ ਵਿਚ ਲਿਖਿਆ ਹੈ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਡਰੱਗ ਦੇ ਮੁੱਦੇ ਉਪਰ ਮੁਆਫ਼ੀ ਮੰਗ ਕੇ ਅਤੇ ਸਵਰਾਜ ਦੀ ਵਿਚਾਰਧਾਰਾ ਨੂੰ ਛੱਡ ਕੇ ਵਾਲੰਟੀਅਰਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਅਸਤੀਫ਼ੇ ਵਿਚ ਲਿਖਿਆ ਹੈ ਕਿ ਉਹ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਿਹਾ ਹੈ ਅਤੇ 26 ਅਪਰੈਲ ਨੂੰ ਆਪਣੇ ਕਾਗਜ਼ ਦਾਖ਼ਲ ਕਰਵਾ ਰਿਹਾ ਹੈ। ਉਨ੍ਹਾਂ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਸ ਦਾ ਵਿਧਾਨ ਸਭਾ ਹਲਕਾ ਭੁੱਲਥ ਦੇ ਵਿਧਾਇਕ ਦਾ ਅਸਤੀਫ਼ਾ ਤੁਰੰਤ ਪ੍ਰਵਾਨ ਕੀਤਾ ਜਾਵੇ।
ਸੂਤਰਾਂ ਅਨੁਸਾਰ ਸ੍ਰੀ ਖਹਿਰਾ ਦੀ ਤਰਜ਼ ’ਤੇ ਹੀ ਜੈਤੋ ਹਲਕੇ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਚੋਣ ਲੜਨ ਕਾਰਨ ਅਸਤੀਫ਼ਾ ਦੇ ਸਕਦੇ ਹਨ।
HOME ਮਾਨਸ਼ਾਹੀਆ ਕਾਂਗਰਸ ’ਚ; ਖਹਿਰਾ ਨੇ ਵਿਧਾਇਕੀ ਛੱਡੀ