ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹੱਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਵਜ਼ੀਰ-ਏ-ਆਜ਼ਮ ਬਨਾਉਣ ਵਾਲੀ ਉੱਤਰ ਪ੍ਰਦੇਸ਼ ਦੀ ਜਨਤਾ ਨੇ ਹੁਣ ਉਨ੍ਹਾਂ ਨੂੰ ਇਸ ਅਹੁਦੇ ਤੋਂ ਫਾਰਗ ਕਰਨ ਦੀ ਪੂਰੀ ਤਿਆਰੀ ਕੱਸ ਲਈ ਹੈ। ਮਾਇਆਵਤੀ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਘੁੰਮ-ਘੁੰਮ ਕੇ ਇਹ ਕਹਿ ਰਹੇ ਹਨ ਕਿ ਇਸ ਸੂਬੇ ਨੇ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਜੋ ਕਿ ਸੌ ਫ਼ੀਸਦ ਸੱਚ ਹੈ ਪਰ ਨਾਲ ਹੀ ਜਨਤਾ ਉਨ੍ਹਾਂ ਨੂੰ ਇਹ ਵੀ ਪੁੱਛ ਰਹੀ ਹੈ ਕਿ ਇਸ ਅਹੁਦੇ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਸੂਬੇ ਦੀ 22 ਕਰੋੜ ਜਨਤਾ ਨਾਲ ਵਾਅਦਾਖ਼ਿਲਾਫ਼ੀ ਤੇ ਧੋਖੇਬਾਜ਼ੀ ਕਿਉਂ ਕੀਤੀ? ਉਨ੍ਹਾਂ ਕਿਹਾ ਕਿ ਭਾਜਪਾ ਖਾਸ ਕਰ ਕੇ ਮੋਦੀ ਨੂੰ ਜਨਤਾ ਦੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਉਹ ਉਨ੍ਹਾਂ ਪ੍ਰਧਾਨ ਮੰਤਰੀ ਬਣਾ ਸਕਦੀ ਹੈ ਤਾਂ ਗੱਦੀਓਂ ਲਾਹ ਵੀ ਸਕਦੀ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਇਸ ਦੀ ਪੂਰੀ-ਪੂਰੀ ਤਿਆਰੀ ਰਾਜ ਦੇ ਲੋਕਾਂ ਨੇ ਖਿੱਚ ਲਈ ਹੈ। ਮਾਇਆਵਤੀ ਨੇ ਕਿਹਾ ਕਿ ਮੋਦੀ ਨੇ ਰਾਜਨੀਤਕ ਤੇ ਸਿਆਸੀ ਲਾਹੇ ਖ਼ਾਤਰ ਆਪਣੀ ਜਾਤ ਨੂੰ ਪੱਛੜੀ ਐਲਾਨ ਦਿੱਤਾ ਹੈ ਪਰ ਬਸਪਾ-ਸਪਾ-ਰਾਸ਼ਟਰੀ ਲੋਕ ਦਲ ਗੱਠਜੋੜ ਨੇ ਰਾਜ ਦੀ 22 ਕਰੋੜ ਜਨਤਾ ਦੀ ਮਨ ਦੀ ਗੱਲ ਸੁਣੀ, ਸਮਝੀ ਹੈ ਤੇ ਪੂਰੇ ਆਦਰ-ਸਤਿਕਾਰ ਨਾਲ ਵਿਆਪਕ ਲੋਕ ਹਿੱਤ ਤੇ ਦੇਸ਼ ਹਿੱਤ ਦੇ ਮੱਦੇਨਜ਼ਰ ਆਪਸੀ ਗੱਠਜੋੜ ਕੀਤਾ ਹੈ।
INDIA ਯੂਪੀ ਨੇ ਮੋਦੀ ਨੂੰ ਗੱਦੀਓਂ ਲਾਹੁਣ ਦੀ ਤਿਆਰੀ ਕੱਸੀ: ਮਾਇਆਵਤੀ