(ਸਮਾਜ ਵੀਕਲੀ)
ਬੜੇ ਚਿਰਾਂ ਤੋਂ ਬਾਅਦ ਫੇਰ ਅੱਜ ,
ਘੁੱਦਾ ਸ਼ਹਿਰ ਦਿਹਾੜੀ ਆਇਆ ਸੀ,
ਮਜ਼ਦੂਰ ਚੌਂਕ ਵਿੱਚ ਖੜ੍ਹੇ ਘੁੱਦੇ ਦਾ,
ਮੁੱੱਲ ਪੰਜ ਕੁ ਸੌ ਕਿਸੇ ਪਾਇਆ ਸੀ,
ਓਵਰ ਟਾਈਮ ਲਗਾਉਣ ਦਾ ਵੀ,
ਲਾਲਚ ਵੱਖ ਦਿਖਾਇਆ ਸੀ,
ਫੇਰ ਅੱਗੇ ਸੇਠ ਸਕੂਟੀ ‘ਉੱਤੇ,
ਪਿੱਛੇ ਘੁੱਦੇ ਸਾਇਕਲ ਲਾਇਆ ਸੀ,
ਖ਼ੁਸ਼ੀ ਚ ਚਿੱਤ ਹੁਲਾਰੇ ਖਾਵੇ,
ਪਿੰਡ ਨਾਲ਼ੋਂ ਡਬਲ ਕਮਾਇਆ ਸੀ,
ਨਿੱਕਾ ਮੋਟਾ ਕੰਮ ਸੇਠ ਦਾ,
ਉਹਨੇ ਮਿੰਟਾਂ ਵਿੱਚ ਮੁਕਾਇਆ ਸੀ ,
ਤੱਕ ਕੇ ਤੇਜ਼ ਤਰਾਰੀ ਉਸਦੀ,
ਸੇਠ ਦੇ ਮਨ ਨੂੰ ਭਾਇਆ ਸੀ ,
ਪੰਜ ਸੌ ਤੇ ਇੱਕ ਸੌ ਦਾ ਨੋਟ,
ਉਸਨੇ ਘੁੱਦੇ ਨੂੰ ਪਕੜਾਇਆ ਸੀ,
ਪੈਸੇ ਬੋਝੇ ਪਾ ਕੇ ਉਸ ਨੇ,
ਸਾਇਕਲ ਤੇਜ਼ ਭਜਾਇਆ ਸੀ,
ਵਿੱਚ ਬਜ਼ਾਰ ਦੇ ਆ ਕੇ ਸੋਚਿਆ,
ਘਰ ਸੌਦਾ ਕੁਝ ਮੰਗਵਾਇਆ ਸੀ,
ਦਿਲ ਨਾ ਕੀਤਾ ਖ਼ਰਚ ਕਰਨ ਨੂੰ,
ਬਸ ਰੇਟ ਹੀ ਸੁਣ ਘਬਰਾਇਆ ਸੀ,
ਸਬਜ਼ੀ ਮੰਡੀ,ਫ਼ਲਾਂ ਦੀ ਰੇਹੜੀ ,
ਤੱਕ ਕੇ ਮਨ ਲਲਚਾਇਆ ਸੀ,
ਘਰ ਦੇ ਰੌਣਿਆਂ -ਭੌਣਿਆਂ ਨੇ ਵੀ,
ਬਹੁਤ ਕੁਝ ਗਿਣਵਾਇਆ ਸੀ,
ਪਰ ਭਾਅ ਚੜ੍ਹੇ ਅਸਮਾਨੀ ਸਭ ਦੇ,
ਸੁਣ ਕੇ ਮੂੰਹ ਬਣਾਇਆ ਸੀ,
ਸੋਚਿਆ ਕਾਹਨੂੰ ਖ਼ਰਚ ਵਧਾਉਣਾ,
ਕਹਿ ਕੇ ਮਨ ਸਮਝਾਇਆ ਸੀ,
ਲੰਘਦੇ -ਲੰਘਦੇ ਸੜਕ ਦੀ ਨੁੱਕਰੇ,
ਇੱਕ ਠੇਕਾ/ਅਹਾਤਾ ਬੜਾ ਸਜਾਇਆ ਸੀ,
ਘੁੱਦੇ ਨੇ ਸਾਇਕਲ ਦਾ ਹੈਂਡਲ ਫਿਰ,
ਠੇਕੇ ਵੱਲ ਘੁਮਾਇਆ ਸੀ ,
ਆਸਾ -ਪਾਸਾ ਵੇਖ ਘੁੱਦੇ ਨੇ,
ਨੋਟ ਪੰਜ ਸੌ ਵਾਲ਼ਾ ਵਧਾਇਆ ਸੀ,
ਰਾਣੋ ਜਾਂ ਜੁਗਨੀ ਚੱਲੂ,
ਅੰਦਰੋਂ ਸਵਾਲ ਪਾਇਆ ਸੀ,
ਨਾ ਰਾਣੋ ਨਾ ਜੁਗਨੀ ਮਿੱਤਰਾ ਕਹਿ,
ਮਾਲਟੇ ਵੱਲ ਹੱਥ ਘੁਮਾਇਆ ਸੀ,
ਕੱਟ ਕੇ ਦੋ ਸੌ ਵੀਹ ਰੁਪਈਏ,
ਉਹਨੇ ਬੋਤਲ ਨੂੰ ਥਮਾਇਆ ਸੀ,
ਲਿੱਬੜੀ ਤਿੱਬੜੀ ਵੇਖ ਸ਼ਕਲ,
ਨਾਲ਼ੇ ਠੇਕੇਦਾਰ ਮੁਸਕਾਇਆ ਸੀ,
ਪਾਣੀ, ਖ਼ਾਰਾ, ਆਂਡਿਆਂ ਤੇ ਵੀ,
ਖ਼ਰਚਾ ਵੱਖ ਕਰਾਇਆ ਸੀ
ਸਿੱਪ -ਸਿੱਪ ਕਰਦੇ ਹੌਲ਼ੀ ਹੌਲ਼ੀ
ਫਿਰ ਘੁੱਦੇ ਪੈੱਗ ਚੜਾਇਆ ਸੀ,
ਨਸ਼ੇ ‘ਚ ਟੱਲੀ ਹੋ ਘੁੱਦੇ ਨੇ,
ਸਾਇਕਲ ਨਵਾਂ ਚੁਕਵਾਇਆ ਸੀ,
ਪ੍ਰਿੰਸ ਨਿਮਾਣਿਆ ਵੇਖ ਨਸ਼ੇ ਨੇ,
ਮੂੰਹ ਕੁੱਤਿਆਂ ਤੋਂ ਚਟਵਾਇਆ ਸੀ,
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly