(ਸਮਾਜ ਵੀਕਲੀ)
ਅੱਜ ਦੇ ਵਿਗਿਆਨਕ/ ਕਮਪਿਊਟਰ ਯੁੱਗ ਵਿੱਚ ਵੀ ਲੋਕਾਂ ਦਾ ਨਜ਼ਰੀਆ ਵਿਗਿਆਨਕ ਨਹੀਂ ਬਣਿਆ।ਉਸੇਤਰ੍ਹਾਂ ਅੰਧਵਿਸ਼ਵਾਸਾਂ ,ਵਹਿਮਾਂਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ,ਗਲੀਆਂ ਸੜੀਆਂ ਰਸਮਾਂ ਰਿਵਾਜਾਂ ਦੇ ਸ਼ਿਕਾਰ ਹਨ।ਸਾਡੀ ਪੜ੍ਹਾਈ ਸਾਡੇ ਬੱਚਿਆਂ ਨੂੰ ਵਿਗਿਆਨਕ ਵਿਚਾਰਾਂ ਪ੍ਰਤੀ ਜਾਗਰੂਕ ਨਹੀਂ ਕਰਦੀ। ਲੋਕਾਂ ਦਾ ਅਜੇ ਵੀ ਵਿਸ਼ਵਾਸ ਹੈ ਕਿ ਪਿੱਪਲਾਂ,ਬੋਹੜਾਂ ਉਪਰ ਭੂਤਾਂ ਦਾ ਵਾਸਾ ਹੁੰਦਾ ਹੈ,ਉਹ ਰਾਤ ਤਾਂ ਕੀ ਦੁਪਹਿਰ ਸਮੇਂ ਵੀ ਉਨਾਂ ਥੱਲੋਂ ਲੰਘਣ ਤੋਂ ਡਰਦੇ ਹਨ।ਪਿੱਪਲ ਆਮ ਰੁੱਖਾਂ ਤੋਂ ਉੱਚੇ ਤੇ ਇਸਦੇ ਤਣੇ ਮੋਟੇ ਤੇ ਮਜਬੂਤ ਹੁੰਦੇ ਹਨ।ਟਾਹਣੇ ਲੰਮੇ,ਮੋਟੇ ਤੇ ਜੜਾਂ ਦੂਰ ਦੂਰ ਤਕ ਫੈਲੀਆਂ ਹੁੰਦੀਆਂ ਹਨ।
ਕਈਆਂ ਪਰਿਵਾਰਾਂ ਵੱਲੋਂ ਬੱਚਿਆਂ ਨੂੰ ਡਰਾਉਣ ਲਈ ਜਾਂ ਕਈ ਇਸ ਨੂੰ ਸਹੀ ਸਮਝ ਕੇ ਬੱਚਿਆਂ ਨੂੰ ਪਿੱਪਲਾਂ, ਬੋਹੜਾਂ ਤੇ ਨੇੜੇ ਜਾਣ ਤੋਂ ਵਰਜਦੇ ਹਨ ਤੇ ਬੱਚਿਆਂ ਨੂੰ ਕਹਿੰਦੇ ਰਹਿੰਦੇ ਹਨ ਕਿ ਇਨ੍ਹਾਂ ਉਪਰ ਭੂਤਾਂ,ਚੂੜੇਲਾਂ ਦਾ ਵਾਸਾ ਹੈ ।ਅਸਲ ਵਿੱਚ ਕਿਸੇ ਕਿਸਮ ਦੇ ਭੂਤ ਪ੍ਰੇਤਾਂ ਦੀ ਹੋਂਦ ਹੁੰਦੀ ਹੀ ਨਹੀਂ ,ਫਿਰ ਪਿੱਪਲਾਂ,ਬੋਹੜਾਂ ਵੱਡੇ ਦਰੱਖਤਾਂ ਤੇ ਭੂਤਾਂ ਕਿਥੋਂ ਆ ਗਈਆਂ।ਲਾਈਲੱਗ ਤੇ ਅੰਧਵਿਸ਼ਵਾਸੀ ਲੋਕ ਪਿੱਪਲ, ਬੋਹੜ, ਕਿੱਕਰ, ਜੰਡ,ਸ਼ਰੀਂਹ ਆਦਿ ਰੁੱਖਾਂ ਦੁਆਲੇ ਲਾਲ ਕੱਪੜਾ ਗੋਟੇ ਵਾਲਾ ਬੰਨ ਕੇ ਉਥੇ ਹੀ ਇੱਟਾਂ ਦੀ ਥੜੀ ਬਣਾ ਕੇ ਉਪਰ ਦੀਵਾ ਬਾਲ ਕੇ ਲਾਗੇ ਧੂਫ ਧੁਖਾਉਂਦੇ ਹਨ।
ਅੱਡ ਅੱਡ ਲੋਕਾਂ ਦੇ ਅੱਡ ਅੱਡ ਵਿਸਵਾਸ਼ ਹਨ।ਦੁਪਹਿਰ ਤੇ ਰਾਤ ਸਮੇਂ ਤਾਂ ਬੱਚੇ ਤੇ ਔਰਤਾਂ ਇਨ੍ਹਾਂ ਦੇ ਨੇੜਿਓ ਲੰਘਣਾ ਮਾੜਾ ਤੇ ਡਰਾਉਣਾ ਸਮਝਦੇ ਹਨ। ਦੁਪਹਿਰ ਸਮੇਂ ਬੋਹੜ ਤੋਂ ਹੇਠਾਂ ਲੰਘਣ ਕਰਕੇ ਮਾਨਸਿਕ ਰੋਗਣ ਬਣੀ ਇਕ ਲੜਕੀ ਦਾ ਕੇਸ ਪਿਛਲੇ ਸਮੇਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਆਇਆ।ਗਲ ਇਸ ਤਰ੍ਹਾਂ ਸੀ ਕਿ ਸਕੂਲ ਪੜ੍ਹਦੀਆਂ ਤਿੰਨ ਕੁੜੀਆਂ ਦੁਪਹਿਰ ਵੇਲੇ ਇਕੱਠੀਆਂ ਆਉਂਦੀਆ ਜਾਂਦੀਆਂ ਸਨ।ਇਕ ਦਿਨ ਇਕ ਕੁੜੀ ਸਾਇਕਲ ਖਰਾਬ ਹੋਣ ਕਰਕੇ ਪਿਛੇ ਰਹਿ ਗਈ ਤੇ ਦੋ ਕੁੜੀਆਂ ਅੱਗੇ ਲੰਘ ਗਈਆਂ।ਘਰ ਜਾਂਦੇ ਜਾਂਦੇ ਕੁੜੀ ਨੂੰ ਬੁਖਾਰ ਚੜ ਗਿਆ,ਸਿਰ ਦੁਖਣ ਲਗ ਪਿਆ।ਰਾਤ ਸਮੇਂ ਬਹੁਤ ਹੀ ਪ੍ਰੇਸ਼ਾਨ ਹੋ ਗਈ।। ਅੰਧਵਿਸ਼ਵਾਸੀ ਪਰਿਵਾਰ ਹੋਣ ਕਰਕੇ ਸਵੇਰ ਹੁੰਦਿਆਂ ਹੀ ਓਪਰੀ ਕਸਰ ਦੀ ਚਰਚਾ ਸ਼ੁਰੂ ਹੋ ਗਈ ।
ਚਿੰਬੜੀਆਂ ਅਖੌਤੀ ਭੂਤਾਂ ਦਾ ਅਸਰ ਦੂਰ ਕਰਾਉਣ ਲਈ ਮਾਂ ਆਪਣੀ ਲੜਕੀ ਨੂੰਪਿੰਡ ਦੇ ਇਕ ਅਖੌਤੀ ਸਿਆਣੇ ਕੋਲ ਲੈ ਕੇ ਗਈ।ਲੜਕੀ ਠੀਕ ਨਾ ਹੋਈ,ਫਿਰ ਦੂਜੇ ਕੋਲ,ਫਿਰ ਤੀਜੇ ਕੋਲ,ਅਖੌਤੀ ਸਿਆਣਿਆਂ ਦੀ ਗਿਣਤੀ ਵਧਣ ਨਾਲ ਉਸ ਦੀ ਬੀਮਾਰੀ ਵੀ ਵਧਦੀ ਗਈ ।ਉਸ ਦੇ ਚਿਹਰੇ ਦੀ ਰੌਣਕ ਜਾਂਦੀ ਰਹੀ।ਸ਼ਕਲ ਡਰਾਵਣੀ ਬਣ ਗਈ। ਸਾਰੇ ਅਖੌਤੀ ਸਿਆਣਿਆਂ ਕਿਹਾ ਕਿ ਇਸਨੂੰ ਓਪਰੀ ਕਸਰ ਹੈ। ਓਪਰੀ ਕਸਰ ਦੂਰ ਕਰਨ ਲਈ ਕਈ ਸਿਆਣਿਆਂ ਕੜਾਹੀਆਂ ਕਰਵਾਈਆ,ਧਾਗੇ ਤਵੀਤ ਕੀਤੇ ਗਏ,ਪਰ ਲੜਕੀ ਹੋਰ ਬੀਮਾਰ ਹੁੰਦੀ ਗਈ,ਅਖੌਤੀ ਸਿਆਣਿਆਂ ਉਨ੍ਹਾਂ ਨੂੰ ਜਚਾ ਦਿਤਾ ਕਿ ਇਸ ਨੂੰ ਤਕੜੀ ਚੂੜੇਲ ਚਿੰਬੜੀ ਹੋਈ ਹੈ।ਫਿਰਦੇ ਫਿਰਾਂਦੇ ਉਨ੍ਹਾਂ ਨੂੰ ਤਰਕਸ਼ੀਲਾਂ ਦੀ ਦੱਸ ਪੈਣ ਉਪਰੰਤ ਉਹ ਸਾਡੇ ਕੋਲ ਸੰਗਰੂਰ ਆ ਗਏ।
ਗੁਰਦੀਪ ਸਿੰਘ,ਕਰਿਸ਼ਨ ਸਿੰਘ ਤੇ ਮੇਰੇ ਸਮੇਤ ਆਧਾਰਿਤ ਤਰਕਸ਼ੀਲ ਟੀਮ ਨੇ ਮਨੋਵਿਗਿਆਨਕ ਤੇ ਵਿਗਿਆਨਕ ਪੱਖੋਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਕੁੜੀ ਨੇ ਇਹ ਸੁਣਿਆ ਹੋਇਆ ਸੀ ਕਿ ਪਿਪਲ,ਬੋਹੜ ਤੇ ਭੂਤਾਂ ਚੂੜੇਲਾਂ ਰਹਿੰਦੀਆਂ ਹਨ, ਦੁਪਹਿਰ ਸਮੇਂ ਇੱਥੋਂ ਲੰਘਣ ਸਮੇਂ ਕਈ ਵਾਰੀ ਭੂਤਾਂ ਰਾਹੀਂਆਂ ਨੂੰ ਚਿੰਬੜ ਜਾਦੀਆਂ ਹਨ ।ਬੋਹੜ ਨੇੜੇ ਆਉਣ ਤੇ ਉਸਦੇ ਸਾਇਕਲ ਵਿੱਚ ਪੈਂਚਰ ਹੋਣ ਕਰਕੇ ਹਵਾ ਘੱਟ ਹੁੰਦੀ ਗਈ ਤੇ ਸੲਈਕਲ ਭਾਰੀ ਹੁੰਦਾ ਗਿਆ । ਉਸ ਸੋਚਿਆ ਕਿ ਉਸਨੂੰ ਭੂਤਾਂ ਚਿੰਬੜ ਗਈਆਂ ਹਨ।ਡਰ ਕਾਰਨ ਉਹ ਪਸੀਨੋ ਪਸੀਨਾ ਹੋਈ ਘਰ ਆਈ,ਉਸਨੂੰ ਬੁਖਾਰ ਹੋ ਗਿਆ,ਸਿਰ ਭਾਰਾ ਹੋ ਗਿਆ।ਸਿਆਣਿਆਂ ਇਸ ਡਰ ਨੂੰ ਹੋਰ ਪੱਕਾ ਕਰ ਦਿੱਤਾ। ਅਸੀਂ ਉਸਨੂੰ ਸਮਝਾਇਆ ਗਿਆ ਇਸ ਦੁਨੀਆਂ ਵਿੱਚ ਭੂਤ,ਪ੍ਰੇਤ ਜਿੰਨ,ਚੂੜੇਲ ਨਾਂ ਦੀ ਕੋਈ ਹਵਾ/ਚੀਜ਼ ਨਹੀਂ,ਇਹ ਅਖੌਤੀ ਸਿਆਣਿਆਂ, ਤਾਂਤਰਿਕਾਂ, ਚੇਲਿਆਂ ਦਾ ਫੈਲਾਇਆ ਡਰ ਹੈ।ਜਦ ਇਨ੍ਹਾਂ ਦੀ ਹੌਂਦ ਹੀ ਨਹੀਂ,ਫਿਰ ਤੇਰੇ ‘ਤੇ ਇਨ੍ਹਾਂ ਦਾ ਅਸਰ ਕਿਵੇਂ ਹੋ ਸਕਦਾ ਹੈ,ਉਸਨੂੰ ਬਹੁਤ ਸਾਰੇ ਹੌਂਸਲਾ ਵਧਾਊ ,ਭੈਅ ਮੁਕਤ ਕਰਨ ਵਾਲੇ ਤੇ ਭੂਤਾਂ- ਪ੍ਰੇਤਾਂ, ਚੂੜੇਲਾਂ ਦੀ ਅਨਹੋਂਦ ਦੇ ਸੁਝਾਅ ਦਿੱਤੇ ।ਉਹ ਪੂਰੀ ਤਰ੍ਹਾਂ ਸਾਡੇ ਪ੍ਰਭਾਵ ਵੀ ਆ ਚੁੱਕੀ ਸੀ।
ਚਿਹਰਾ ਡਰ ਮੁਕਤ ਦਿਖਾਈ ਦੇਣ ਲਗ ਪਿਆ।ਉਸ ਨੇ ਸਾਡੇ ਨਾਲ ਗਲ ਬਾਤ ਕਰਨੀ ਸ਼ੁਰੂ ਕਰ ਦਿੱਤੀ।ਕਹਿੰਦੀ,,” ਸੱਚੀਓਂ ਭੂਤ- ਪ੍ਰੇਤ ਨਹੀਂ ਹੁੰਦੇ। “ਅਸੀਂ ਕਿਹਾ ,” ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦੁਨੀਆਂ ਭਰ ਦੇ ਅਖੌਤੀ ਸਿਆਣਿਆਂ ਨੂੰ ਭੂਤ- ਪ੍ਰੇਤ ਸਿੱਧ ਕਰਨ ਦੀ ਲਿਖਤੀ ਚਣੌਤੀ ਦਿੱਤੀ ਹੋਈ ਹੈ ਤੇ ਪੰਜ ਲੱਖ ਦਾ ਇਨਾਮ ਰੱਖਿਆ ਹੋਇਆ ਹੈ।” ਲਿਖਤੀ ਚਣੌਤੀ ਵੀ ਦਿਖਾਈ ਗਈ।ਕਹਿੰਦੀ,” ਮੈਨੂੰ ਇਹ ਚੇਲੇ ,ਬਾਬੇ ਉਂਈ ਡਰਾਉਂਦੇ ਰਹੇ।” ਅਸੀਂ ਕਿਹਾ ,”ਇਹ ਡਰਾ ਕੇ ਹੀ ਤੁਹਾਡੇ ਵਰਗੇ ਲੋਕਾਂ ਦੀ ਲੁੱਟ ਕਰਦੇ ਹਨ।” ਹੁਣ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਹੀ ਸੀ, ਉਸ ਦੀ ਮੁਸਕਰਾਹਟ ਤੇ ਹਸਦਾ ਚਿਹਰਾ ਉਸਦੇ ਠੀਕ ਤੇ ਡਰ ਮੁਕਤ ਹੋਣ ਦਾ ਸਬੂਤ ਸੀ।
ਉਸ ਨੂੰ ਮਹੀਨੇ ਬਾਅਦ ਫਿਰ ਬੁਲਾਇਆ ਗਿਆ ।ਉਹ ਮਾਪਿਆਂ ਨਾਲ ਆਈ ਤੇ ਹੱਸ ਕੇ ਬੋਲੀ, “ਤੁਸੀਂ ਮੈਨੂੰ ਬਚਾਅ ਲਿਆ,ਮੈਂ ਹੁਣ ਬਿਲਕੁਲ ਠੀਕ ਹਾਂ।”
ਉਸਦੇ ਮਾਪੇ ਵੀ ਬੇਹੱਦ ਖੁਸ਼ ਸਨ। ਅਸੀਂ ਉਨ੍ਹਾਂ ਨੂੰ ਅੰਧਵਿਸ਼ਵਾਸਾਂ,ਵਹਿਮਾਂ -ਭਰਮਾਂ ਦੇ ਹਨੇਰੇ ਵਿੱਚ ਨਿਕਲ ਕੇ ਵਿਗਿਆਨਕ ਵਿਚਾਰ ਆਪਨਾਉਣ ,ਅਖੌਤੀ ਸਿਆਣਿਆਂ ਦੇ ਫੈਲਾਏ ਭਰਮ ਜਾਲ ਵਿੱਚ ਨਾ ਪੈਣ ਤੇ ਇੰਨਾਂ ਲੋਕ ਪੱਖੀ ਵਿਚਾਰਾਂ ਨੂੰ ਅੱਗੇ ਪ੍ਰਚਾਰਨ ਸੁਨੇਹਾ ਦੇ ਕੇ ਤੋਰਿਆ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕਮੁਖੀ
ਤਰਕਸ਼ੀਲਸੁਸਾਇਟੀਪੰਜਾਬ# ਅਫਸਰ ਕਲੋਨੀ ਸੰਗਰੂਰ
9417422349
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly