ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਅਤੇ ਨਾਗਰਿਕਾਂ ਦੀ ਰੱਖਿਆ ਲਈ ਸੁਰੱਖਿਆ ਬਲਾਂ ਵੱਲੋਂ ਦਿਖਾਈ ਬਹਾਦਰੀ ਅਤੇ ਬਲੀਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੀਆਰਪੀਐਫ ਨੇ ਜੰਮੂ ਕਸ਼ਮੀਰ ਵਿੱਚ ਅਤਿਵਾਦ ਅਤੇ ਵੱਖਵਾਦ ’ਤੇ ਰੋਕ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ 2001 ਵਿੱਚ ਸੰਸਦ ਵਿੱਚ ਹਮਲਾ ਕਰਨ ਵਾਲੇ ਅਤਿਵਾਦੀਆਂ ਦਾ ਸੀਆਰਪੀਐਫ ਦੇ ਜਵਾਨਾਂ ਨੇ ਜਿਸ ਹਿੰਮਤ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਹ ਦੇਸ਼ ਦੇ ਸੁਰੱਖਿਆ ਬਲਾਂ ਲਈ ਵਿਲੱਖਣ ਹੈ। ਉਹ ਇਥੇ ਕੌਮੀ ਪੁਲੀਸ ਯਾਦਗਾਰ ’ਤੇ ‘ਸੀਆਰਪੀਐਫ ਬਹਾਦਰੀ ਦਿਵਸ’ ਮੌਕੇ ਬੋਲ ਰਹੇ ਸਨ। ਇਹ ਦਿਨ ਗੁਜਰਾਤ ਦੇ ਕੱਛ ਰਣ ਵਿੱਚ 1965 ਦੀ ਪਾਕਿ ਖ਼ਿਲਾਫ਼ ਜੰਗ ਦੌਰਾਨ ਸੀਆਰਪੀਐਫ ਜਵਾਨਾਂ ਵੱਲੋਂ ਦਿਖਾਈ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਨੇ ਇਸ ਮੌਕੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਅਤੇ ਨੀਮ ਫੌਜੀ ਬਲਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਕਿਹਾ, ‘‘ਪੁਲਵਾਮਾ ਹਮਲੇ ਬਾਅਦ ਦੇਸ਼ ਵਿੱਚ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਸੀ। ਲੋਕ ਆਪਣੇ ਜਵਾਨਾਂ ਦੇ ਬਲੀਦਾਨ ਪ੍ਰਤੀ ਸਤਿਕਾਰ ਦਿਖਾਉਣ ਲਈ ਲਾਈਨਾਂ ਵਿੱਚ ਖੜ੍ਹੇ ਰਹੇ। ਮੈਂ ਪੂਰੇ ਮੁਲਕ ਵੱਲੋਂ ਇਨ੍ਹਾਂ ਬਹਾਦਰਾਂ ਦੀ ਯਾਦ ਵਿੱਚ ਆਪਣੀ ਡੂੰਘੀ ਸੰਵੇਦਨਾ ਪ੍ਰਗਟਾਉਂਦਾ ਹਾਂ।’’ਇਸ ਮੌਕੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਰਾਜੀਵ ਜੈਨ, ਸੀਆਰਪੀਐਫ ਡਾਇਰੈਕਟਰ ਰਾਜੀਵ ਰਾਇ ਭਟਨਾਗਰ ਤੇ ਨੀਮ ਫੌਜੀ ਬਲਾਂ, ਪੁਲੀਸ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
HOME ਰਾਸ਼ਟਰਪਤੀ ਵੱਲੋਂ ਸੀਆਰਪੀਐਫ ਜਵਾਨਾਂ ਦੇ ਬਲੀਦਾਨ ਦੀ ਸ਼ਲਾਘਾ