ਕਿਸਾਨਾਂ-ਮਜ਼ਦੂਰਾਂ ਨੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਮੂੁਹਰੇ ਧਰਨੇ ਦਿੱਤੇ

ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਸ਼ੁਰੂ ਕੀਤੇ ਗਏ ‘ਜੇਲ੍ਹ ਭਰੋ ਅੰਦੋਲਨ’ ਦੇ ਦੂਸਰੇ ਦਿਨ ਅੱਜ ਬਾਅਦ ਦੁਪਹਿਰ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਹਨੂੰਮਾਨ ਚੌਕ ਨੇੜੇ ਸਥਿੱਤ ਰਿਹਾਇਸ਼ ਦਾ ਘਿਰਾਓ ਕਰ ਕੇ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਗਿਆ। ਇਸ ਦੌਰਾਨ ਸੜਕ ’ਤੇ ਆਵਾਜਾਈ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।
ਉਲੀਕੇ ਗਏ ਪ੍ਰੋਗਰਾਮ ਅਨੁਸਾਰ ਕਿਸਾਨ, ਮਜ਼ਦੂਰ ਤੇ ਬੀਬੀਆਂ ਸਵੇਰੇ ਪਹਿਲਾਂ ਜ਼ਿਲ੍ਹਾ ਹੈੱਡ ਕੁਆਰਟਰ ਉੱਤੇ ਇਕੱਠੀਆਂ ਹੋਈਆਂ ਅਤੇ ਦੁਪਹਿਰ ਤੱਕ ਉੱਥੇ ਹੀ ਧਰਨਾ ਦਿੱਤਾ ਗਿਆ। ਜਿਥੋਂ ਦੁਪਹਿਰ ਦਾ ਲੰਗਰ-ਪਾਣੀ ਛਕਣ ਮਗਰੋਂ ਧਰਨਾਕਾਰੀ ਵਿਧਾਇਕ ਦੀ ਰਿਹਾਇਸ਼ ਵੱਲ ਰਵਾਨਾ ਹੋਏ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ੋਨ ਪ੍ਰਧਾਨ ਰਣਬੀਰ ਸਿੰਘ ਡੁੱਗਰੀ, ਗੁਰਪ੍ਰੀਤ ਸਿੰਘ ਖਾਨਪੁਰ, ਕੁਲਦੀਪ ਸਿੰਘ ਬੇਗੋਵਾਲ ਅਤੇ ਕਸ਼ਮੀਰ ਸਿੰਘ ਫੱਤਾ ਭੁੱਲਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਲੋਕ ਮਾਰੂ ਨੀਤੀਆਂ ਨੂੰ ਉਦਾਰਵਾਦੀ ਦਾ ਨਾਂ ਦੇ ਕੇ ਲਾਗੂ ਕਰਨ ਵਿੱਚ ਇੱਕ-ਦੂਜੇ ਤੋਂ ਮੂਹਰੇ ਹੋ ਕੇ ਲਾਗੂ ਕਰ ਰਹੀਆਂ ਹਨ। ਬੁਲਾਰਿਆਂ ਵੱਲੋਂ ਖੇਤੀ ਮੰਡੀ ਤੋੜਨ ਦੀ ਨੀਤੀ ਰੱਦ ਕਰ ਕੇ ਫ਼ਸਲਾਂ ਦੇ ਭਾਅ ਅਤੇ ਖਰੀਦ ਸਰਕਾਰੀ ਗਾਰੰਟੀ ਦੇਣ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਦਾ ਬਕਾਇਆ 15 ਫੀਸਦ ਵਿਆਜ਼ ਸਮੇਤ ਦੇਣ, ਫ਼ਸਲੀ ਬੀਮਾ ਸਰਕਾਰੀ ਖ਼ਰਚ ਉੱਤੇ ਕਰਨ ਸਮੇਤ ਹੋਰਨਾਂ ਹੱਕੀ ਮੰਗਾਂ ਜਲਦੀ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਗੰਨਾ ਮਿੱਲ ਪ੍ਰਬੰਧਕਾਂ ਵੱਲੋਂ ਕਿਸਾਨ ਆਗੂਆਂ ਨੂੰ ਨੋਟਿਸ ਜਾਰੀ ਕਰ ਕੇ ਗੰਨਾ ਨਾ ਖਰੀਦਣ ਲਈ ਧਮਕਾਇਆ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਪ੍ਰੈੱਸ ਸਕੱਤਰ ਸੁਖਦੇਵ ਅੱਲੜਪਿੰਡੀ ਨੇ ਦੱਸਿਆ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਭਲਕੇ 31 ਮਾਰਚ ਨੂੰ ਰੇਲ ਦੇ ਟਰੈਕ ਉੱਤੇ ਧਰਨਾ ਲਾਉਣ ਦੀ ਰਣਨੀਤੀ ਉਲੀਕੀ ਗਈ ਹੈ। ਹਲਕਾ ਵਿਧਾਇਕ ਸ੍ਰੀ ਪਾਹੜਾ ਘਰ ’ਚ ਨਾ ਹੋਣ ਕਾਰਨ ਉਨ੍ਹਾਂ ਦੇ ਪਿਤਾ ਲੇਬਰਫੈੱਡ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਨੇ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਮੀਟਿੰਗ ਲਈ ਸੱਦਾ ਦਿੱਤਾ।

Previous articleਕਮਲਮ ਦਫ਼ਤਰ ਵਿੱਚ ‘ਚੌਕੀਦਾਰ’ ਮੁਹਿੰਮ ਤਹਿਤ ਸਮਾਗਮ
Next articleਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਸੂਬਾ ਪੱਧਰੀ ਰੈਲੀ