ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੂੰ ਦੇਸ਼ ਦੇ ਪਹਿਲੇ ਲੋਕਪਾਲ ਵਜੋਂ ਸਹੁੰ ਚੁਕਵਾਈ। ਇਹ ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ’ਚ ਹੋਇਆ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਘੋਸ਼ ਨੂੰ ਲੰਘੇ ਮੰਗਲਵਾਰ ਨੂੰ ਦੇਸ਼ ਦਾ ਪਹਿਲਾ ਲੋਕਪਾਲ ਐਲਾਨਿਆ ਗਿਆ ਸੀ। ਉਨ੍ਹਾਂ ਤੋਂ ਇਲਾਵਾ ਵੱਖ ਵੱਖ ਹਾਈ ਕੋਰਟਾਂ ਦੇ ਸਾਬਕਾ ਚੀਫ ਜਸਟਿਸ ਦਿਲੀਪ ਬੀ ਭੌਸਲੇ, ਪ੍ਰਦੀਪ ਕੁਮਾਰ ਮੋਹੰਤੀ, ਅਭਿਲਾਸ਼ਾ ਕੁਮਾਰੀ ਤੋਂ ਇਲਾਵਾ ਛੱਤੀਸਗੜ੍ਹ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਨੂੰ ਲੋਕਪਾਲ ਦੇ ਨਿਆਂਇਕ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸਸ਼ਤਰ ਸੀਮਾ ਬਲ ਦੀ ਪਹਿਲੀ ਮਹਿਲਾ ਮੁਖੀ (ਸੇਵਾਮੁਕਤ) ਅਰਚਨਾ ਰਾਮਸੁੰਦਰਮ, ਮਹਾਰਾਸ਼ਟਰ ਦੇ ਸਾਬਕਾ ਮੁੱਖ ਸਕੱਤਰ ਦਿਨੇਸ਼ ਕੁਮਾਰ ਜੈਨ, ਸਾਬਕਾ ਆਈਆਰਐੱਸ ਅਫਸਰ ਮਹਿੰਦਰ ਸਿੰਘ ਅਤੇ ਗੁਜਰਾਤ ਕਾਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਇੰਦਰਜੀਤ ਪ੍ਰਸਾਦ ਗੌਤਮ ਨੂੰ ਲੋਕਪਾਲ ਦੇ ਗੈਰ-ਜੁਡੀਸ਼ਲ ਮੈਂਬਰ ਚੁਣਿਆ ਗਿਆ ਹੈ। ਜਸਟਿਸ ਘੋਸ਼ (66) ਮਈ 2017 ’ਚ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਏ ਸਨ ਤੇ ਇਸ ਸਮੇਂ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਲੋਕਪਾਲ ਦੇ ਚੇਅਰਪਰਸਨ ਤੇ ਮੈਂਬਰਾਂ ਦੀ ਸੇਵਾ ਦੀ ਮਿਆਦ ਪੰਜ ਸਾਲ ਜਾਂ 70 ਸਾਲ ਦੀ ਉਮਰ ਤੱਕ (ਦੋਵਾਂ ’ਚੋਂ ਜੋ ਵੀ ਪਹਿਲਾਂ ਹੋਵੇ) ਹੋਵੇਗੀ। ਇਸ ਦੇ ਚੇਅਰਮੈਨ ਦੀ ਤਨਖਾਹ ਤੇ ਭੱਤੇ ਭਾਰਤ ਦੇ ਚੀਫ ਜਸਟਿਸ ਦੇ ਬਰਾਬਰ ਹੋਣਗੇ ਅਤੇ ਮੈਂਬਰਾਂ ਦੀ ਤਨਖਾਹ ਤੇ ਭੱਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਰਾਬਰ ਹੋਣਗੇ।
HOME ਜਸਟਿਸ ਪਿਨਾਕੀ ਘੋਸ਼ ਨੇ ਦੇਸ਼ ਦੇ ਪਹਿਲੇ ਲੋਕਪਾਲ ਵਜੋਂ ਸਹੁੰ ਚੁੱਕੀ