ਭਾਜਪਾ ਤੇ ਕਾਂਗਰਸ ਵੱਲੋਂ ਟਿਕਟਾਂ ਦੀ ਵੰਡ
ਬਜ਼ੁਰਗ ਆਗੂ ਸ਼ਾਂਤਾ ਕੁਮਾਰ ਦੀ ਟਿਕਟ ਕੱਟੀ;
ਅਨੁਰਾਗ ਠਾਕੁਰ ਮੁੜ ਹਮੀਰਪੁਰ ਤੋਂ ਚੋਣ ਮੈਦਾਨ ’ਚ
ਭਾਜਪਾ ਨੇ ਸ਼ਨਿਚਰਵਾਰ ਨੂੰ ਲੋਕ ਸਭਾ ਚੋਣਾਂ ਲਈ 102 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਸ਼ਤਰੂਘਣ ਸਿਨਹਾ ਦੀ ਥਾਂ ’ਤੇ ਅਤੇ ਪਾਰਟੀ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੂੰ ਪੁਰੀ (ਉੜੀਸਾ) ਤੋਂ ਟਿਕਟ ਦਿੱਤੀ ਗਈ ਹੈ। ਭਾਜਪਾ ਨੇ ਹੁਣ ਤਕ 286 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਕੇਂਦਰੀ ਮੰਤਰੀਆਂ ਨਰੇਂਦਰ ਸਿੰਘ ਤੋਮਰ ਨੂੰ ਮੋਰੈਨਾ (ਮੱਧ ਪ੍ਰਦੇਸ਼), ਜਯੰਤ ਸਿਨਹਾ ਨੂੰ ਹਜ਼ਾਰੀਬਾਗ (ਝਾਰਖੰਡ) ਅਤੇ ਸ੍ਰੀਪਦ ਨਾਇਕ ਨੂੰ ਉੱਤਰੀ ਗੋਆ ਤੋਂ ਮੈਦਾਨ ’ਚ ਉਤਾਰਿਆ ਹੈ। ਪਾਰਟੀ ਆਗੂ ਅਨੁਰਾਗ ਠਾਕੁਰ ਨੂੰ ਹਮੀਰਪੁਰ (ਹਿਮਾਚਲ ਪ੍ਰਦੇਸ਼) ਤੋਂ ਮੁੜ ਟਿਕਟ ਮਿਲੀ ਹੈ। ਬਜ਼ੁਰਗ ਆਗੂ ਅਤੇ ਕਾਂਗੜਾ ਤੋਂ ਮੌਜੂਦਾ ਸੰਸਦ ਮੈਂਬਰ ਸ਼ਾਂਤਾ ਕੁਮਾਰ ਦੀ ਟਿਕਟ ਕੱਟ ਕੇ ਕਿਸ਼ਨ ਕਪੂਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਿਧਾਇਕ ਸੁਰੇਸ਼ ਕਸ਼ਯਪ ਨੂੰ ਿਵਰੇਂਦਰ ਕਸ਼ਯਪ ਦੀ ਥਾਂ ’ਤੇ ਸ਼ਿਮਲਾ ਤੋਂ ਟਿਕਟ ਦਿੱਤੀ ਗਈ ਹੈ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਦੋ ਗੇੜਾਂ ਲਈ ਉਮੀਦਵਾਰਾਂ ਦੇ ਨਾਮ ਐਲਾਨੇ ਸਨ। ਪਾਰਟੀ ਨੇ ਸ਼ਨਿਚਰਵਾਰ ਨੂੰ 102 ਨਾਵਾਂ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਹੈ। ਭਾਜਪਾ ਨੇ ਪਟਨਾ ’ਚ ਆਪਣੇ ਭਾਈਵਾਲਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ ਆਪਣੇ 17 ਉਮੀਦਵਾਰਾਂ ਦੇ ਨਾਮ ਮੀਡੀਆ ਨਾਲ ਸਾਂਝੇ ਕੀਤੇ ਸਨ। ਬਿਹਾਰ (40) ’ਚ ਭਾਜਪਾ ਅਤੇ ਜਨਤਾ ਦਲ (ਯੂ) 17-17 ਅਤੇ ਲੋਕ ਜਨਸ਼ਕਤੀ ਪਾਰਟੀ 6 ਸੀਟਾਂ ’ਤੇ ਚੋਣ ਲੜਨਗੇ। ਭਾਜਪਾ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਨਵਾਦਾ ਸੀਟ ਤੋਂ ਬਦਲ ਕੇ ਬੇਗੂਸਰਾਏ (ਬਿਹਾਰ) ਤੋਂ ਉਮੀਦਵਾਰ ਐਲਾਨਿਆ ਹੈ। ਪਾਰਟੀ ਵੱਲੋਂ ਵੀਰਵਾਰ ਨੂੰ 184 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ ਗਈ ਸੀ। ਪਹਿਲੀ ਸੂਚੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਮ ਸ਼ਾਮਲ ਸਨ। ਸ੍ਰੀ ਮੋਦੀ ਵਾਰਾਨਸੀ (ਯੂਪੀ) ਅਤੇ ਸ਼ਾਹ ਗਾਂਧੀਨਗਰ (ਗੁਜਰਾਤ) ਤੋਂ ਚੋਣ ਲੜਨਗੇ। ਸ੍ਰੀ ਸ਼ਾਹ ਨੂੰ ਲਾਲ ਕ੍ਰਿਸ਼ਨ ਅਡਵਾਨੀ ਦੀ ਟਿਕਟ ਕੱਟ ਕੇ ਉਮੀਦਵਾਰ ਬਣਾਇਆ ਗਿਆ ਹੈ।
HOME ਸ਼ਤਰੂ ਦੀ ਥਾਂ ਪਟਨਾ ਤੋਂ ਰਵੀ ਸ਼ੰਕਰ ਲੜਨਗੇ ਚੋਣ