ਨਿਹਾਲ ਸਿੰਘ ਵਾਲਾ/ਮੋਗਾ (ਸਮਾਜ ਵੀਕਲੀ) : ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਇੰਗਲੈਂਡ ਹੱਥੋਂ ਪਾਕਿਸਤਾਨ ਦੀ ਹਾਰ ਮਗਰੋਂ ਮੋਗਾ ਦੇ ਫਿਰੋਜ਼ਪੁਰ ਰੋਡ ਸਥਿਤ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਦੇ ਹੋਸਟਲ ’ਚ ਰਹਿ ਦੋ ਵਿਦਿਆਰਥੀ ਗੁੱਟਾਂ ’ਚ ਲੜਾਈ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਟੀ-20 ਕ੍ਰਿਕਟ ਕੱਪ ਦੇ ਫਾਈਨਲ ਮੈਚ ’ਚ ਇੰਗਲੈਂਡ ਹੱਥੋਂ ਪਾਕਿਸਤਾਨ ਦੀ ਹੋਈ ਹਾਰ ਮਗਰੋਂ ਬਿਹਾਰ ਅਤੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਗੱਲ ਕੁੱਟ-ਮਾਰ ਤੱਕ ਪਹੁੰਚ ਗਈ। ਵਿਦਿਆਰਥੀਆਂ ਵੱਲੋਂ ਇੱਕ-ਦੂਜੇ ’ਤੇ ਪਥਰਾਅ ਵੀ ਕੀਤਾ ਗਿਆ। ਹਮਲੇ ਦੌਰਾਨ ਕੁਝ ਵਿਦਿਆਰਥੀ ਜ਼ਖ਼ਮੀ ਵੀ ਹੋਏ ਹਨ। ਜੰਮੂ ਕਸ਼ਮੀਰ ਦੇ ਵਿਦਿਆਥੀਆਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ।
ਉਹ ਹਿੰਦੁਸਤਾਨੀ ਹਨ। ਉਨ੍ਹਾਂ ਦੋਸ਼ ਲਾਇਆ ਬਿਹਾਰ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਧਰਮ ਦੇ ਨਾਂ ’ਤੇ ਅਪਸ਼ਬਦ ਕਹੇ, ਜੋ ਉਨ੍ਹਾਂ ਤੋਂ ਸਹਿਣ ਨਹੀਂ ਹੋਏ। ਦੂਜੇ ਪਾਸੇ ਬਿਹਾਰ ਦੇ ਵਿਦਿਆਰਥੀ ਰਾਜਵਿਨ ਪਾਂਡੇ ਨੇ ਦੋਸ਼ ਲਗਾਇਆ ਕਿ ਉਹ ਇੰਗਲੈਂਡ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਸਨ ਤਾਂ ਉਨ੍ਹਾਂ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਗਾਏ ਪਰ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਪਾਕਿਸਤਾਨ ਦੇ ਪੱਖ ਵਿਚ ਨਾਅਰੇ ਲਗਾਏ। ਜ਼ਖ਼ਮੀ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਵਿਦਿਅਰਥੀਆਂ ਦੇ ਗੁਟਾਂ ਦੀ ਮੈਚ ਨੂੰ ਲੈ ਕੇ ਤਕਰਾਰ ਹੋਈ ਸੀ ਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ’ਤੇ ਕਾਬੂ ਪਾ ਲਿਆ ਹੈ। ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly