ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਲੱਗਦਾ ਹੈ ਕਿ ਟੀਮ ਨੇ ਪਿਛਲੇ ਸਾਲ ਵਿਸ਼ਵ ਕੱਪ ਦੀ ਹਾਰ ਤੋਂ ਸਬਕ ਸਿੱਖਿਆ ਹੈ ਅਤੇ ਮਲੇਸ਼ੀਆ ਦੇ ਇਪੋਹ ਵਿੱਚ ਅਜਲਾਨ ਸ਼ਾਹ ਕੱਪ ਤੋਂ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਦੇ ਲਈ ਤਿਆਰ ਹੈ। ਇਪੋਹ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕਪਤਾਨ ਨੇ ਦੱਸਿਆ ਕਿ ਇਪੋਹ ਦੀ ਗਰਮੀ ਅਤੇ ਹੁਮਸ ਭਰੇ ਮੌਸਮ ਦੇ ਨਾਲ ਸਹਿਜ ਹੋਣ ਲਈ ਟੀਮ ਨੇ ਇੱਥੇ ਦੁਪਹਿਰ ਨੂੰ ਅਭਿਆਸ ਕੀਤਾ ਹੈ। ਮਨਪ੍ਰੀਤ ਨੇ ਕਿਹਾ,‘ ਅਸੀਂ ਉੜੀਸਾ ਵਿੱਚ ਖੇਡੇ ਜਾਣ ਵਾਲੇ ਐਫਆਈਐੱਚ ਪੁਰਸ਼ ਸੀਰੀਜ਼ ਫਾਈਨਲ 2019 ਤੋਂ ਪਹਿਲਾਂ ਵਧੀਆ ਸ਼ੁਰੂਆਤ ਕਰਨ ਦੇ ਲਈ ਕਾਫੀ ਉਤਸੁਕ ਹਾਂ। ਅਸੀਂ ਕੈਂਪ ਦੇ ਵਿੱਚ ਕਾਫੀ ਸਖਤ ਮਿਹਨਤ ਕੀਤੀ ਹੈ। ਇਪੋਰ ਦੀ ਗਰਮੀ ਦਾ ਟਾਕਰਾ ਕਰਨ ਦੇ ਲਈ ਆਮ ਤੌਰ ਉੱਤੇ ਦੁਪਹਿਰ ਨੂੰ ਖੇਡਦੇ ਸੀ। ਭਾਰਤ 23 ਮਾਰਚ ਨੂੰ ਜਪਾਨ ਦੇ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਤੇ ਇਸ ਟੀਮ ਦੇ ਖਿਲਾਫ਼ ਪਿਛਲੇ ਸਾਲ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗਾ।’ਮਨਪ੍ਰੀਤ ਨੇ ਕਿਹਾ ਕਿ ਭਾਰਤ ਸ਼ੁਰੂਆਤੀ ਮੈਚ ਏਸ਼ਿਆਈ ਚੈਂਪੀਅਨ ਜਪਾਨ ਦੇ ਨਾਲ ਖੇਡੇਗਾ। ਇਹ ਮੈਚ ਦੋਵਾਂ ਟੀਮਾਂ ਦੀ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ ਭਾਰਤੀ ਟੀਮ ਕੋਰੀਆ ਦੇ ਨਾਲ 24 ਮਾਰਚ ਨੂੰ ਅਤੇ ਏਸ਼ਿਆਈ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਮਲੇਸ਼ੀਆ ਦੇ ਨਾਲ 26 ਮਾਰਚ ਨੂੰ ਖੇਡੇਗੀ। ਉਨ੍ਹਾਂ ਕਿਹਾ ਕਿ ਭਾਰਤ ਟੂਰਨਾਮੈਂਟ ਦੇ ਵਿੱਚ ਨੰਬਰ ਇੱਕ ਦਰਜਾ ਟੀਮ ਹੈ ਪਰ ਇਸ ਦੇ ਨਾਲ ਟੀਮ ਆਪਣੇ ਆਪ ਅੱਗੇ ਨਹੀਂ ਵਧ ਸਕਦੀ। ਅਸੀਂ ਸਿੱਧਾ ਫਾਈਨਲ ਵਿੱਚ ਖੇਡਣ ਦੀ ਥਾਂ ਖੁ਼ਦ ਇੱਕ ਇੱਕ ਮੈਚ ਉੱਤੇ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਟੀਮ ਪੂਰੀ ਤਿਆਰੀ ਵਿੱਚ ਹੈ ਤੇ ਨੌਜਵਾਨ ਖਿਡਾਰੀਆਂ ਦੇ ਨਾਲ ਸਜੀ ਹੋਈ ਹੈ ਤੇ ਇਸ ਤੋਂ ਦੇਸ਼ ਵਾਸੀਆਂ ਨੂੰ ਕਾਫੀ ਆਸਾਂ ਹਨ ਤੇ ਉਹ ਆਸਾਂ ਉੱਤੇ ਖਰੇ ਉੱਤਰਨ ਦੀ ਕੋਸ਼ਿਸ਼ ਕਰਨਗੇ।
Sports ਅਜਲਾਨ ਸ਼ਾਹ ਹਾਕੀ ਕੱਪ ਤੋਂ ਸ਼ਾਨਦਾਰ ਆਗਾਜ਼ ਕਰਨਾ ਚਾਹੇਗਾ ਭਾਰਤ