ਨਕਲੀ ਲੱਤ ਨਾਲ ਕਰਦਾ ਰਿਹਾ ‘ਅਸਲੀ ਮਾਲ’ ਦੀ ਤਸਕਰੀ

ਜਲੰਧਰ ਦਿਹਾਤੀ ਪੁਲੀਸ ਨੇ ਬਿਧੀਪੁਰ ਫਾਟਕ ਨੇੜਿਓਂ ਇਕ ਵਿਅਕਤੀ ਨੂੰ ਤਿੰਨ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਐਸਪੀ ਰਵਿੰਦਰਪਾਲ ਸਿੰਘ ਸੰਧੂ, ਐਸਪੀ ਅਮਨਦੀਪ ਸਿੰਘ ਬਰਾੜ ਤੇ ਡੀਐਸਪੀ ਰਣਜੀਤ ਸਿੰਘ ਬਦੇਸ਼ਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ। ਥਾਣਾ ਮਕਸੂਦਾਂ ਦੇ ਐਸਐਚਓ ਸਬ ਇੰਸਪੈਕਟਰ ਜਰਨੈਲ ਸਿੰਘ ਅਤੇ ਸਬ ਇੰਸਪੈਕਟਰ ਰਘੂਨਾਥ ਸਿੰਘ ਤੇ ਸੁਰਜੀਤ ਸਿੰਘ ਦੀ ਅਗਵਾਈ ਹੇਠ ਬਿਧੀਪੁਰ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਉਥੇ ਜਲੰਧਰ ਸ਼ਹਿਰ ਵਾਲੇ ਪਾਸਿਓਂ ਆ ਰਹੀ ਪ੍ਰਾਈਵੇਟ ਬੱਸ ਵਿਚੋਂ ਇਕ ਵਿਅਕਤੀ ਉਤਰਿਆ, ਜੋ ਲੰਗੜਾ ਰਿਹਾ ਸੀ ਤੇ ਪੁਲੀਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ। ਸ਼ੱਕ ਪੈਣ ’ਤੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਤਿੰਨ ਕਿਲੋ ਅਫੀਮ ਬਰਾਮਦ ਹੋਈ। ਉਸ ਦੀ ਪਛਾਣ ਮਾਨ ਸਿੰਘ ਵਾਸੀ ਅੰਬਾ ਬੜੌਦਾ (ਮੱਧਪ੍ਰਦੇਸ਼) ਵੱਜੋਂ ਹੋਈ ਹੈ। ਉਸ ਨੇ ਨੇ ਲੱਕ ਨਾਲ ਬੰਨ੍ਹੇ ਪਰਨੇ ਵਿਚ ਇਕ ਕਿਲੋ 500 ਗ੍ਰਾਮ ਅਫੀਮ ਲੁਕੋਈ ਹੋਈ ਸੀ, ਜਦੋਂ ਉਸ ਕੋਲੋਂ ਸਖਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਨਕਲੀ ਲਾਈ ਗਈ ਲੱਤ ਵਿਚ ਵੀ ਖਾਲੀ ਥਾਂ ’ਤੇ ਡੇਢ ਕਿਲੋ ਅਫੀਮ ਲੁਕੋਈ ਹੋਈ ਸੀ। ਪੁਲੀਸ ਨੇ ਉਸ ਵਿਰੁੱਧ ਥਾਣਾ ਮਕਸੂਦਾਂ ਵਿਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Previous articleਕੈਪਸੂਲਾਂ ਵਾਲੇ ਰੰਗ ਹੋਲੀ ਦੇ ਤਿਉਹਾਰ ਨੂੰ ਕਰ ਸਕਦੇ ਨੇ ‘ਫਿੱਕਾ’
Next articleਭਾਰਤੀ ਲੀਡਰਸ਼ਿਪ ਅਤਿਵਾਦ ਦਾ ਟਾਕਰਾ ਕਰਨ ਦੇ ਸਮਰੱਥ: ਡੋਵਲ