ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਛੇ ਆਗੂਆਂ ਨੇ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਅਤੇ ਚੰਡੀਗੜ੍ਹ ਇਕਾਈ ਦੇ ਕਨਵੀਨਰ ਪ੍ਰੇਮ ਗਰਗ ਉਪਰ ਤਾਨਾਸ਼ਾਹੀ ਵਤੀਰਾ ਅਖ਼ਤਿਆਰ ਕਰਨ ਦੇ ਦੋਸ਼ ਲਾ ਕੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸ ਕਾਰਨ ਚੰਡੀਗੜ੍ਹ ਵਿਚ ਪਹਿਲਾਂ ਹੀ ਸੀਮਤ ਕਾਡਰ ਵਾਲੀ ਇਸ ਪਾਰਟੀ ਉਪਰ ਸੰਕਟ ਦੇ ਬਦਲ ਛਾ ਗਏ ਹਨ। ‘ਆਪ’ ਦੀ ਚੰਡੀਗੜ੍ਹ ਇਕਾਈ ਦੇ ਜਨਰਲ ਸਕੱਤਰ ਸਤੀਸ਼ ਮਚਲ ਤੇ ਐੱਨਐੱਸ ਧਾਲੀਵਾਲ, ਜੁਆਇੰਟ ਸਕੱਤਰ ਕਲਾਨਾ ਦਾਸ, ਪੰਜਾਬ ਦੇ ਬੁਲਾਰੇ ਤੇ ਚੰਡੀਗੜ੍ਹ ਦੀ ਪ੍ਰਚਾਰ ਕਮੇਟੀ ਦੇ ਮੈਂਬਰ ਸਤਬੀਰ ਸਿੰਘ ਵਾਲੀਆ, ਰੋਸਲੀਨ ਕੌਰ ਅਤੇ ਰਵੀ ਮਨੀ ਨੇ ਅੱਜ ਆਪਣੇ ਅਸਤੀਫ਼ੇ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤੇ ਹਨ। ਇਨ੍ਹਾਂ ਆਗੂਆਂ ਨੇ ਸ੍ਰੀ ਧਵਨ ਅਤੇ ਸ੍ਰੀ ਗਰਗ ਉਪਰ ਤਾਨਾਸ਼ਾਹੀ ਵਤੀਰਾ ਅਪਣਾਉਣ ਦੇ ਦੋਸ਼ ਲਾਏ ਹਨ, ਜਿਸ ਕਾਰਨ ਪਾਰਟੀ ਦੇ ਉਮੀਦਵਾਰ ਸ੍ਰੀ ਧਵਨ ਲਈ ਇਹ ਮਾਮਲਾ ਮੁਸੀਬਤ ਬਣ ਸਕਦਾ ਹੈ। ਅਸਤੀਫ਼ੇ ਦੇਣ ਵਾਲੇ ਸਾਰੇ ਆਗੂਆਂ ਨੇ ਸ੍ਰੀ ਕੇਜਰੀਵਾਲ ਨੂੰ ਭੇਜੇ ਲਿਖਤੀ ਅਸਤੀਫ਼ਿਆਂ ਵਿਚ ਦੱਸਿਆ ਹੈ ਕਿ ਉਹ ਸਾਲ 2014 ਤੋਂ ਪਾਰਟੀ ਲਈ ਚੰਡੀਗੜ੍ਹ ਅਤੇ ਪੰਜਾਬ ਵਿਚ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਚੰਡੀਗੜ੍ਹਯੂਨਿਟ ਦੇ ਕਨਵੀਨਰ ਪ੍ਰੇਮ ਗਰਗ ਅਤੇ ਪਿਛਲੇ ਸਮੇਂ ਹੀ ਪਾਰਟੀ ਵਿਚ ਸ਼ਾਮਲ ਹੋ ਕੇ ਉਮੀਦਵਾਰ ਬਣੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਪਾਰਟੀ ਦੇ ਕਾਰਜਕਾਰਨੀ ਮੈਂਬਰਾਂ ਨੂੰ ਜ਼ਲੀਲ ਕਰਦੇ ਹਨ ਅਤੇ ਆਪਣੀ ਮਰਜ਼ੀ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੋ ਆਗੂਆਂ ਦੇ ਤਾਨਾਸ਼ਾਹੀ ਵਤੀਰੇ ਕਾਰਨ ਉਹ ਅਸਤੀਫ਼ੇ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਸ੍ਰੀ ਕੇਜਰੀਵਾਲ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ। ਪਾਰਟੀ ਦੇ ਜਨਰਲ ਸਕੱਤਰ ਤੇ ਪ੍ਰਚਾਰ ਕਮੇਟੀ ਦੇ ਮੈਂਬਰ ਸਤੀਸ਼ ਮਚਲ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸ੍ਰੀ ਗਰਗ ਤੇ ਸ੍ਰੀ ਧਵਨ ਵੱਲੋਂ ਬਣਾਈ 25 ਮੈਂਬਰੀ ਪ੍ਰਚਾਰ ਕਮੇਟੀ ਵਿਚ ਕੇਵਲ ਉਹ (ਮਚਲ) ਇਕੱਲੇ ਹੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਧਵਨ ਖੁਦ ਪ੍ਰਚਾਰ ਕਰਨ ਲਈ ਘਰੋਂ ਨਹੀਂ ਨਿਕਲ ਰਹੇ ਅਤੇ ਆਪਣੀ ਪਤਨੀ ਸਤਿੰਦਰ ਧਵਨ ਅਤੇ ਪੁੱਤਰ ਬਿਕਰਮ ਰਾਹੀਂ ਚੋਣ ਪ੍ਰਚਾਰ ਕਰਵਾ ਰਹੇ ਹਨ। ਜਦੋਂ ਉਨ੍ਹਾਂ ਸ੍ਰੀ ਧਵਨ ਨੂੰ ਖੁਦ ਪ੍ਰਚਾਰ ਕਰਨ ਲਈ ਜਾਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪ੍ਰਚਾਰ ਕਰਨ ਦਾ 40 ਸਾਲਾਂ ਦਾ ਤਜਰਬਾ ਹੈ, ਇਸ ਲਈ ਉਹ ਖੁਦ ਦੇਖਣਗੇ ਕਿ ਪ੍ਰਚਾਰ ਕਿਵੇਂ ਕਰਨਾ ਹੈ। ਸ੍ਰੀ ਮਚਲ ਨੇ ਕਿਹਾ ਕਿ ਸ੍ਰੀ ਗਰਗ ਤੇ ਸ੍ਰੀ ਧਵਨ ਉਨ੍ਹਾਂ ਨੂੰ ਕਿਸੇ ਫ਼ੈਸਲੇ ਵਿਚ ਸ਼ਾਮਲ ਕਰਨਾ ਜ਼ਰੂਰੀ ਨਹੀਂ ਸਮਝ ਰਹੇ ਅਤੇ ਉਨ੍ਹਾਂ ਨੂੰ ਕੇਵਲ ਇਸ਼ਤਿਹਾਰ ਵੰਡਣ ਤੱਕ ਸੀਮਤ ਕਰ ਦਿੱਤਾ। ਸਤਬੀਰ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦਾ ਅਸਤੀਫ਼ਾ ਦੇਣ ਦਾ ਦੂਸਰਾ ਕਾਰਨ ਪਾਰਟੀ ਦੀ ਲੀਡਰਸ਼ਿਪ ਵੱਲੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਸਮਝੌਤਾ ਕਰਨ ਦੇ ਯਤਨ ਕਰਨਾ ਹੈ।
INDIA ‘ਆਪ’ ਦੇ 6 ਆਗੂਆਂ ਨੇ ਅਸਤੀਫ਼ੇ ਦਿੱਤੇ