ਸਮ੍ਰਿਤੀ ਮੰਧਾਨਾ ਨੇ ਹਾਸਲ ਕੀਤੀ ਟੀ-20 ਦੀ ਸਰਵੋਤਮ ਦਰਜਾਬੰਦੀ

ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈਸੀਸੀ ਮਹਿਲਾ ਟੀ20 ਦੀ ਖਿਡਾਰੀਆਂ ਦੀ ਦਰਜਾਬੰਦੀ ਵਿਚ ਤਿੰਨ ਥਾਵਾਂ ਦੀ ਛਾਲ ਲਾ ਕੇ ਆਪਣੇ ਕਰੀਅਰ ਦੀ ਸਰਵੋਤਮ ਤੀਜੀ ਰੈਂਕਿੰਗ ਉੱਤੇ ਪਹੁੰਚ ਗਈ ਹੈ। ਹਰਮਨਪ੍ਰੀਤ ਕੌਰ ਦੀ ਗ਼ੈਰਹਾਜ਼ਰੀ ਵਿਚ ਇੰਗਲੈਂਡ ਖ਼ਿਲਾਫ਼ ਟੀ20 ਲੜੀ ਵਿਚ ਟੀਮ ਦੀ ਅਗਵਾਈ ਕਰਨ ਵਾਲੀ ਤੇ ਇਕ ਰੋਜ਼ਾ ਵਿਚ ਸਿਖ਼ਰਲੀ ਦਰਜਾਬੰਦੀ ਹਾਸਲ ਕਰਨ ਵਾਲੀ ਬੱਲੇਬਾਜ਼ ਮੰਧਾਨਾ ਨੇ ਤਿੰਨ ਮੈਚਾਂ ਵਿਚ 72 ਦੌੜਾਂ ਬਣਾਈਆਂ। ਇਸ ਵਿਚ ਤੀਜੇ ਮੈਚ ਵਿਚ ਲਾਇਆ ਅਰਧ ਸੈਂਕੜਾ ਵੀ ਸ਼ਾਮਲ ਹੈ। ਅੱਡੀ ਦੀ ਸੱਟ ਕਾਰਨ ਇੰਗਲੈਂਡ ਨਾਲ ਲੜੀ ਵਿਚ ਨਹੀਂ ਖੇਡ ਸਕਣ ਵਾਲੀ ਹਰਮਨਪ੍ਰੀਤ ਦੋ ਥਾਵਾਂ ਥੱਲੇ ਆ ਕੇ ਨੌਵੇਂ ਰੈਂਕ ਉੱਤੇ ਪਹੁੰਚ ਗਈ ਹੈ। ਗੇਂਦਬਾਜ਼ਾਂ ਵਿਚ ਰਾਧਾ ਯਾਦਵ ਪੰਜ ਥਾਵਾਂ ਦੀ ਛਾਲ ਲਾ ਕੇ ਪੰਜਵੇਂ ਸਥਾਨ ’ਤੇ ਅੱਪੜ ਗਈ ਹੈ। ਉਨ੍ਹਾਂ ਦੋ ਮੈਚਾਂ ਵਿਚ ਤਿੰਨ ਵਿਕਟ ਲਏ ਸਨ। ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ ਨੇ ਵੀ ਦੋ ਮੈਚਾਂ ਵਿਚ 3 ਵਿਕਟ ਲਏ ਸਨ ਤੇ ਉਹ ਤਿੰਨ ਥਾਵਾਂ ਦੀ ਛਾਲ ਲਾ ਕੇ 56ਵੇਂ ਸਥਾਨ ਉੱਤੇ ਹੈ। ਆਫ਼ ਸਪਿੰਨਰ ਅਨੁਜਾ ਪਾਟਿਲ 35ਵੇਂ ਤੋਂ 31ਵੇਂ ਸਥਾਨ ’ਤੇ ਪੁੱਜ ਗਈ ਹੈ। ਇੰਗਲੈਂਡ ਦੀ ਡੇਨੀਅਲ ਵਾਈਟ ਨੇ ਵੀ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ। ਇੰਗਲੈਂਡ ਦੀ 3-0 ਦੀ ਜਿੱਤ ਵਿਚ 123 ਦੌੜਾਂ ਦਾ ਯੋਗਦਾਨ ਪਾਉਣ ਵਾਲੀ ਵਾਈਟ 17ਵੇਂ ਸਥਾਨ ਉੱਤੇ ਹੈ। ਟੈਮੀ ਬਿਊਮੌਂਟ ਤੇ ਕਪਤਾਨ ਹੀਥਰ ਨਾਈਟ ਵੀ ਦੋ-ਦੋ ਥਾਵਾਂ ਦੀ ਛਾਲ ਲਾ ਕੇ 26ਵੇਂ ਤੇ 33ਵੇਂ ਸਥਾਨ ਉੱਤੇ ਹਨ। ਲੌਰੇਨ ਵਿਨਫ਼ੀਲਡ (8 ਥਾਵਾਂ ਉੱਪਰ 45ਵੇਂ) ਤੇ ਸੋਫੀਆ ਡੰਕਲੇ (16 ਥਾਵਾਂ ਉੱਪਰ 86ਵੇਂ) ਵੀ ਅੱਗੇ ਵਧਣ ਵਿਚ ਸਫ਼ਲ ਰਹੀ ਹੈ। ਇੰਗਲੈਂਡ ਦੀ ਖੱਬੇ ਹੱਥ ਦੀ ਸਪਿੰਨਰ ਲਿਨਸੇ ਸਮਿੱਥ ਨੇ ਲੜੀ ਵਿਚ ਪੰਜ ਵਿਕਟਾਂ ਲੈਣ ਦੇ ਦਮ ’ਤੇ 185 ਥਾਵਾਂ ਦੀ ਲੰਬੀ ਛਾਲ ਲਾਈ ਹੈ। ਉਹ ਹੁਣ 95ਵੇਂ ਸਥਾਨ ’ਤੇ ਹੈ। ਇੰਗਲੈਂਡ ਆਈਸੀਸੀ ਮਹਿਲਾ ਟੀ20 ਰੈਂਕਿੰਗ ਵਿਚ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦੂਜੇ ਸਥਾਨ ’ਤੇ ਪੁੱਜ ਗਿਆ ਹੈ।

Previous articleਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਲੜੀ ਬਰਾਬਰ ਕੀਤੀ
Next articleਮੁੱਕੇਬਾਜ਼ੀ: ਕਵਿੰਦਰ ਨੂੰ ਸੋਨ ਤਗ਼ਮਾ, ਥਾਪਾ ਤੇ ਤਿੰਨ ਹੋਰਾਂ ਨੇ ਖੱਟੀ ਚਾਂਦੀ