ਭਾਰਤ ਦੀਆਂ ਸੀਨੀਅਰ ਬੈਡਮਿੰਟਨ ਖਿਡਾਰਨਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਖ਼ਿਤਾਬ ਦੇ ਲਗਪਗ ਦੋ ਦਹਾਕੇ ਦੀ ਉਡੀਕ ਖ਼ਤਮ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਦੋਵਾਂ ਨੂੰ ਸਖ਼ਤ ਡਰਾਅ ਮਿਲਿਆ ਹੈ। ਸਿੰਧੂ ਅਤੇ ਸਾਇਨਾ ਦੇ ਮੇਂਟਰ ਅਤੇ ਮੌਜੂਦਾ ਮੁੱਖ ਕੌਮੀ ਕੋਚ ਪੁਲੇਲਾ ਗੋਪੀਚੰਦ 2001 ਵਿੱਚ ਆਲ ਇੰਗਲੈਂਡ ਖ਼ਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਸੀ। ਵਿਸ਼ਵ ਬੈਡਮਿੰਟਨ ਸੰਘ (ਬੀਡਬਲਯੂਐਫ) ਦੀ ਵਿਸ਼ਵ ਦਰਜਾਬੰਦੀ ਵਿੱਚ ਸੀਨੀਅਰ 32 ਵਿੱਚ ਸ਼ਾਮਲ ਖਿਡਾਰੀਆਂ ਨੂੰ ਇਸ ਟੂਰਨਾਮੈਂਟ ਵਿੱਚ ਥਾਂ ਮਿਲਦੀ ਹੈ ਅਤੇ ਭਾਰਤ ਦੇ ਸਿਰਫ਼ ਤਿੰਨ ਖਿਡਾਰੀਆਂ ਨੂੰ ਇਸ ਵਾਰ ਦਰਜਾ ਦਿੱਤਾ ਗਿਆ ਹੈ। ਪੀਵੀ ਸਿੰਧੂ ਅਤੇ ਸਾਇਨਾ ਤੋਂ ਇਲਾਵਾ ਪੁਰਸ਼ ਸਿੰਗਲਜ਼ ਵਿੱਚ ਕਿਦੰਬੀ ਸ੍ਰੀਕਾਂਤ ਨੂੰ ਸੱਤਵਾਂ ਦਰਜਾ ਦਿੱਤਾ ਗਿਆ ਹੈ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪੰਜਵਾ ਦਰਜਾ ਪ੍ਰਾਪਤ ਸਿੰਧੂ ਇਸ ਦਸ ਲੱਖ ਡਾਲਰ ਇਨਾਮੀ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਕੋਰੀਆ ਦੀ ਦੁਨੀਆ ਦੀ ਦੂਜੇ ਨੰਬਰ ਦੀ ਸਾਬਕਾ ਖਿਡਾਰਨ ਸੁੰਗ ਜੀ ਹਿਊਨ ਖ਼ਿਲਾਫ਼ ਕਰੇਗੀ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਅਤੇ ਅੱਠਵਾਂ ਦਰਜਾ ਪ੍ਰਾਪਤ ਸਾਇਨਾ ਨੂੰ ਪਹਿਲੇ ਗੇੜ ਵਿੱਚ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨਾਲ ਭਿੜਨਾ ਹੈ।