ਮਾਣਮੱਤੀ ਪੰਜਾਬਣ ਤੇ ਮਾਂ ਬੋਲੀ ਨੂੰ ਪਿਆਰਦੀ ਕਲਮ: ‘ਮਨਜੀਤ ਕੌਰ ਧੀਮਾਨ :

(ਸਮਾਜ ਵੀਕਲੀ)

ਰੋਜ਼ਾਨਾ ਜਲੰਧਰ ਤੋਂ ਪੰਜਾਬੀ ਅਖਬਾਰ ਵਿੱਚ ਜਦੋਂ ਮੇਰੀ ਪਹਿਲੀ ਕਹਾਣੀ ‘ਖੁਸ਼ੀ ਬਨਾਮ ਰਾਜਨੀਤੀ’ ਛਪੀ ਤਾਂ ਮੈਨੂੰ ਆਪਣੇ ਅੰਦਰਦੀ ਕਲਾ ਦਾ ਅਹਿਸਾਸ ਹੋਇਆ ਨਾਲ਼ ਹੀ ਮੈਨੂੰ ਬਹੁਤ ਸਾਰੇ ਪੱਤਰ ਵੀ ਆਏ, ਜਿਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਬਖਸ਼ਿਆ। ਸਮਝੋ ਇਸ ਕਹਾਣੀ ਨੇ ਮੇਰੀ ਕਲਮ ਦਾ ਨੀਂਹ-ਪੱਥਰ ਰੱਖਦਿਆਂ ਮੈਨੂੰ ਕਲਮੀ ਮਾਰਗ ਉੱਤੇ ਤੋਰ ਲਿਆ।

ਇਹ ਸ਼ਬਦ ਹਨ, ਪੰਜਾਬੀ ਮਾਂ- ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਵਿੱਚ ਤਨ, ਮਨ,ਲਗਨ, ਸ਼ੌਂਕ ਤੇ ਦ੍ਰਿੜਤਾ ਨਾਲ ਤੁਰੀ ਹੋਈ ਬੀਬਾ ਮਨਜੀਤ ਕੌਰ ਧੀਮਾਨ ਦੇ। ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਕਰਾਵਰ(ਕਰੋਰ) ਵਿੱਚ, ਅਕਤੂਬਰ, 1983 ਨੂੰ ਸ਼੍ਰੀਮਤੀ ਹਰਵਿੰਦਰ ਕੌਰ (ਮਾਤਾ) ਅਤੇ ਸਰਦਾਰ ਅਵਤਾਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਜਨਮੀ ਅਤੇ ਅੱਜ ਕੱਲ੍ਹ ਆਪਣੇ ਜੀਵਨ ਸਾਥੀ ਸ੍ਰੀ ਨਰੇਸ਼ ਕੁਮਾਰ ਧੀਮਾਨ ਅਤੇ ਇਕਲੌਤੀ ਬੇਟੀ ਸੀਰਤ ਨਾਲ ਲੁਧਿਆਣਾ ਸ਼ਹਿਰ ਵਿੱਚ ਵੱਸਦੀ ਮਨਜੀਤ ਦੱਸਦੀ ਹੈ ਕਿ ਮੁੱਢਲੀ ਪੜ੍ਹਾਈ ਉਸਨੇ ਬੀ.ਏ.ਬੀ. ਸਕੂਲ ਬਲਾਚੌਰ ਤੋਂ ਕੀਤੀ। ਬੀ. ਏ. ਦੀ ਡਿਗਰੀ (ਪੰਜਾਬ ਯੂਨੀਵਰਸਿਟੀ ਚੰਡੀਗੜ)’ ਤੋਂ ; ਐਮ. ਏ. ਸਰਕਾਰੀ ਕਾਲਜ ਰੋਪੜ, (ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੋਂ ਅਤੇ ਬੀ.ਐਡ. ਸਾਈਂ ਕਾਲਜ ਆਫ ਐਜੂਕੇਸ਼ਨ ਜਾਡਲਾ,( ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਤੋਂ ਪ੍ਰਾਪਤ ਕਰਨ ਉਪਰੰਤ ਰੱਤੇਵਾਲ ਗਰਲਜ ਕਾਲਜ ਵਿੱਚ ਤਿੰਨ ਸਾਲ ਉਸਨੇ ਰਾਜਨੀਤੀ ਵਿਸ਼ੇ ਦੀ ਲੈਕਚਰ ਦੀ ਸੇਵਾ ਨਿਭਾਈ। ਪੰਜਾਬ-ਟੈਟ ਦਾ ਪੇਪਰ ਵੀ ਪਾਸ ਕੀਤਾ।ਸਰਕਾਰੀ ਨੌਕਰੀ ਤੋਂ ਬੇਉਮੀਦ ਅੱਜ ਕੱਲ੍ਹ ਉਹ ਲੁਧਿਆਣਾ ਵਿਖੇ ਸ਼੍ਰੀ. ਐਸ.ਆਰ.ਮੈਮੋ.ਪਬ. ਸੀ. ਸੈਕ. ਸਕੂਲ, ਸ਼ੇਰਪੁਰ, ਵਿੱਚ ਬਤੌਰ ਅਧਿਆਪਕਾ ਸੇਵਾ ਨਿਭਾ ਰਹੀ ਹੈ।

ਉਹ ਦੱਸਦੀ ਹੈ ਕਿ ਉਸ ਨੂੰ ਲਿਖਣ ਦੀ ਚੇਟਕ ਉਸ ਦੇ ਇੱਕਲੇਪਨ ਤੋਂ ਲੱਗੀ। ਪੜ੍ਹਨ ਦਾ ਸ਼ੌਕ ਤਾਂ ਪਹਿਲਾਂ ਹੀ ਸੀ ਤੇ ਦੱਸਵੀਂ ਕਰਨ ਤੋਂ ਬਾਅਦ ਲਿਖਣ ਵੀ ਲਤ ਵੀ ਲੱਗ ਗਈ। ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਕਰਦਿਆਂ ਉਹਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਕਿਤਾਬਾਂ ਨੇ ਹਮੇਸ਼ਾਂ ਉਸ ਨਾਲ਼ ਸੱਚੀ ਦੋਸਤੀ ਨਿਭਾਈ ਹੈ। ਸਕੂਲ ਵਿੱਚ ਜਿੱਥੇ ਉਸ ਨੇ ਖੋ- ਖੋ ਦੀ ਖੇਡ ਬਹੁਤ ਖੇਡੀ ਉੱਥੇ ਕਾਲਜ ਦੀ ਪੜ੍ਹਾਈ ਦੌਰਾਨ ਉਹ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਖੁੱਲ੍ਹ ਕੇ ਭਾਗ ਲੈਂਦੀ ਰਹੀ। ਬੀ. ਐਡ. ਦੌਰਾਨ ਸਾਰੇ ਅਧਿਆਪਕ ਖਾਸਕਰ ਸ਼੍ਰੀਮਾਨ ਗੁਰਪ੍ਰੀਤ ਸਿੰਘ ਜੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਦੇ ਰਹਿੰਦੇ ਸਨ। ਹਰ ਹਫ਼ਤੇ ਸਟੇਜ ਤੇ ਕੁੱਝ ਨਾ ਕੁੱਝ ਬੋਲਣਾ ਜ਼ਰੂਰੀ ਹੁੰਦਾ ਸੀ। ਨਤੀਜਨ ਕਾਲਜ਼ ਵਿੱਚ ਛੱਪਦੇ ਮੈਗਜ਼ੀਨ ਦੀ ਸੰਪਾਦਕੀ ਕਰਨ ਦਾ ਵੀ ਉਸਨੂੰ ਮੌਕਾ ਮਿਲਿਆ।

ਮਨਜੀਤ ਨੇ ਕਿਹਾ ਕਿ ਸ਼ੁਰੂਆਤ ਵਿੱਚ ਮੇਰੀਆਂ ਦੋ ਕਹਾਣੀਆਂ ਅੰਮਿ੍ਤਸਰ ‘ਮਿੰਨੀ ਕਹਾਣੀ ਮੁਕਾਬਲੇ’ ਵਿਚ ਜਿੱਤੀਆਂ ਤੇ ਉਹਨਾਂ ਦੀ ਕਿਤਾਬ ‘ਮਿੰਨੀ’ ਵਿੱਚ ਵੀ ਛਪੀਆਂ ਸਨ। ਪਾਠਕਾਂ ਨੇ ਕਵਿਤਾਵਾਂ ਲਿਖਣ ਦੀ ਸਲਾਹ ਦਿੱਤੀ ਤਾਂ ਓਹਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਸਦੀਆਂ ਪਹਿਲੀਆਂ ਕਵਿਤਾਵਾਂ ‘ਸਾਹਿਤ ਸਭਾ ਪਟਿਆਲਾ'(ਪੰਜਾਬੀ ਭਾਸ਼ਾ ਵਿਭਾਗ) ਵਲੋਂ ਪ੍ਰਕਾਸ਼ਿਤ ਪੁਸਤਕ ‘ਕਲਮ ਸ਼ਕਤੀ’ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪ੍ਰੀਤਮ ਲੁਧਿਆਣਵੀ ਜੀ ਦੀ ਅਗਵਾਈ ਵਿੱਚ ਛਪੀ ਪੁਸਤਕ ‘ਰੰਗ ਬਿਰੰਗੀਆਂ ਕਲਮਾਂ’ ਵਿੱਚ ਵੀ ਕਵਿਤਾਵਾਂ ਛਪੀਆਂ ਹਨ ਅਤੇ (ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ;)ਦੇ ਛੱਪ ਰਹੇ ਸਾਂਝੇ ਕਾਵਿ-ਸੰਗ੍ਰਹਿ ਸਮੇਤ , ਜਸਪਾਲ ਕੋਰੇਆਣਾ ਜੀ ਵਲੋਂ ਪ੍ਰਕਾਸ਼ਿਤ ਸਾਂਝਾ ਸੰਗ੍ਰਹਿ ‘ਹਰਫ਼ ਮੋਤੀਆ ਵਰਗੇ’ ਵਿੱਚ ਵੀ ਕਵਿਤਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਮੈਡਮ ਸੁਖਮਨ ਜੀ ਪਟਿਆਲਾ ਵਲੋਂ ਪ੍ਰਕਾਸ਼ਿਤ ਦੋ ਸਾਂਝੇ ਕਾਵਿ-ਸੰਗ੍ਰਹਿ ਵਿੱਚ ਵੀ ਕਵਿਤਾਵਾਂ ਸ਼ਾਮਿਲ ਹਨ।

ਤਾਲਾਬੰਦੀ ਦੌਰਾਨ ਮਨਜੀਤ ਨੇ ਬਹੁਤ ਸਾਰੇ ਆਨਲਾਈਨ ਕਵੀ ਦਰਵਾਰਾਂ ਵਿੱਚ ਭਾਗ ਲਿਆ ਤੇ ਬਹੁਤ ਸਾਰੇ ਪ੍ੰਸ਼ਸਾ ਪੱਤਰ ਵੀ ਪ੍ਰਾਪਤ ਕੀਤੇ। ਜਿਸ ਵਿੱਚ ਪਰਮਦੀਪ ਵੈੱਲਫ਼ੇਅਰ ਸੋਸਾਇਟੀ, ਲੁਧਿਆਣਾ ਵਲੋਂ ਸ: ਹਰੀ ਸਿੰਘ ਜਾਚਕ ਜੀ ਤੋਂ ਬਹੁਤ ਸਾਰਾ ਮਾਣ ਸਨਮਾਨ ਪ੍ਰਾਪਤ ਹੋਇਆ।ਇਸ ਤੋਂ ਇਲਾਵਾ ਉਹ ‘ਓਂਟਰਾਰਿਓ ਫਰੈਡਜ਼ ਕਲੱਬ ਟੋਰਾਂਟੋ, ਕੈਨੇਡਾ’ ਦੀ ਮੈਂਬਰ ਹੈ ਅਤੇ ਉਨ੍ਹਾਂ ਵਲੋਂ ਕੀਤੇ ਜਾਂਦੇ ਆਨਲਾਈਨ ਸਮਾਗਮਾਂ ਵਿੱਚ ਸ਼ਾਮਲ ਹੁੰਦੀ ਹੈ ਅਤੇ ਕਹਾਣੀ ਪ੍ਰਤੀਯੋਗਤਾਵਾਂ ਵਿੱਚ ਵੀ ਭਾਗ ਲੈਂਦੀ ਹੈ ਅਤੇ ਓ.ਆਫ. ਸੀ. ਵਲੋਂ ਪ੍ਰਕਾਸ਼ਿਤ ਕੀਤੇ ਗਏ ਸਾਂਝੇ ਕਹਾਣੀ ਸੰਗ੍ਰਹਿ ਦਾ ਹਿੱਸਾ ਵੀ ਹੈ। ਇਸ ਕਿਤਾਬ ਦੀ ਘੁੰਢ ਚੁਕਾਈ ਮੌਕੇ ਮਨਜੀਤ ਨੇ ਸੁਲਤਾਨਪੁਰ ਲੋਧੀ ਵਿਖੇ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ’ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤੇ।

ਮਨਜੀਤ ਦੋਆਬਾ ਰੇਡੀਓ ਦੇ ਲਾਈਵ ਪ੍ਰੋਗਰਾਮਾਂ ਵਿੱਚ ਵੀ ਭਾਗ ਲੈਂਦੀ ਰਹਿੰਦੀ ਹੈ। ਉਸਨੇ ਇੱਕ ਹੋਰ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿਖੇ ਸਰਦਾਰ ਹਰਭਜਨ ਸਿੰਘ ਖੇਮਕਰਨੀ ਜੀ ਦੀ ਅਗਵਾਈ ਵਿੱਚ ਕਰਵਾਏ ਜਾਂਦੇ ਮਿੰਨੀ ਕਹਾਣੀ ਮੁਕਾਬਲੇ ਵਿਚ ਮੇਰੀ ਕਹਾਣੀ’ ਦ੍ਰਿੜ੍ਹ ਵਿਸ਼ਵਾਸ’ ਨੇ ਉਤਸ਼ਾਹਿਤ ਸਥਾਨ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ‘ਮਿੰਨੀ-2020’ ਪੁਸਤਕ ਵਿਚ ਮੇਰੀ ਕਹਾਣੀ ਨੂੰ ਸ਼ਾਮਿਲ ਕਰਕੇ ਮਾਣ ਬਖਸ਼ਿਆ ਹੈ। ਸ੍ਰੀ ਅੰਮ੍ਰਿਤਸਰ ਤੋਂ ਹੀ ਮੈਡਮ ਗੁਰਜੀਤ ਅਜਨਾਲਾ ਜੀ ਵਲੋਂ ਛਪਵਾਈ ਕਹਾਣੀਆਂ ਦੀ ਕਿਤਾਬ ਵਿੱਚ ਵੀ ਮਨਜੀਤ ਦੀਆਂ ਕਹਾਣੀਆਂ ਨੂੰ ਮਾਣ ਮਿਲਿਆ ਹੈ। ਮੈਡਮ ਗੁਰਜੀਤ ਅਜਨਾਲਾ ਵਲੋਂ ਦਿੱਤੀ ਗਈ ਸੇਵਾ ਨਿਭਾਉਂਦਿਆਂ ਮਨਜੀਤ ਫੇਸਬੁੱਕ ਤੇ ਹਰ ਮੰਗਲਵਾਰ ਨੂੰ ਕਹਾਣੀ ਮੁਕਾਬਲੇ ਕਰਵਾਉਂਦੀ ਹੈ ਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਦੀ ਹੈ। ਪਟਿਆਲਾ ਤੋਂ ਸ੍ਰੀ ਸਾਗਰ ਸੂਦ ਜੀ ਵੱਲੋਂ ਸੰਪਾਦਿਤ ਕਿਤਾਬ ‘ਗਾਗਰ ਵਿੱਚ ਸਾਗਰ’ ਵਿੱਚ ਵੀ ਮਨਜੀਤ ਦੀਆਂ ਕਵਿਤਾਵਾਂ ਸ਼ਾਮਿਲ ਹਨ।

ਅਦਬੀ ਸਾਝ ਮੈਗਜ਼ੀਨ ਵਲੋਂ ਮਨਜੀਤ ਨੂੰ ਕਈ ਵਾਰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ। ਓਂਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵਲੋਂ ਹੁੰਦੇ ਆਨਲਾਈਨ ਕਹਾਣੀ ਮੁਕਾਬਲੇ ਵਿਚ ਮਨਜੀਤ ਦੀ ਕਹਾਣੀ ‘ਸਰਕਾਰੀ ਰਾਸ਼ਨ’ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਗਜ਼ੀਨਜ਼ ਵਿੱਚ ਮਨਜੀਤ ਦੀਆਂ ਰਚਨਾਵਾਂ ਛਪਦੀਆਂ ਹਨ ਜਿਵੇਂ ਪੰਜ ਦਰਿਆ, ਸੂਲ਼ ਸੁਰਾਹੀ ਆਦਿ। ਹਾਲ ਹੀ ਵਿੱਚ ਮਨਜੀਤ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਅਦਾਰਾ ਸ਼ਬਦ ਕਾਫ਼ਲਾ ਵਲੋਂ ਮੈਡਮ ਸਿਮਰਨ ਧੁੱਗਾ ਵਲੋਂ ਕਰਵਾਏ ਪ੍ਰੋਗਰਾਮ ਵਿੱਚ ‘ਮਾਣਮਤੀ ਪੰਜਾਬਣ’ ਦਾ ਐਵਾਰਡ ਵੀ ਮਿਲਿਆ ਹੈ। ਸਮਾਰਟ ਨਿਊਜ਼ ਇਟਲੀ ਵਲੋਂ ਵੀ ਮਨਜੀਤ ਨੂੰ ਸਨਮਾਨ ਪੱਤਰ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ ਮਨਜੀਤ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਆਦਿ ਰੋਜ਼ਾਨਾ ਅਜੀਤ ਪੰਜਾਬੀ, ਪੰਜਾਬੀ ਟ੍ਰਿਬਿਊਨ, ਅਜੀਤ ਹਿੰਦੀ, ਸਪੋਕਸਮੈਨ ਪੰਜਾਬੀ, ਆਨਲਾਈਨ ਪੇਪਰ ਲਿਸ਼ਕਾਰਾ ਟਾਈਮਜ਼, ਨਿਰਪੱਖ ਕਲਮ,ਦੋਆਬਾ ਐਕਸਪ੍ਰੈਸ,ਡੇਲੀ ਪੰਜਾਬੀ ਵਰਲਡ, ਪੰਜਾਬੀ ਟਾਈਮਜ਼ ਯੂ ਕੇ, ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ ਕੋਲੰਬੀਆ,ਵਿਰਾਸਤ ਅਤੇ ਸਮਾਜ ਵੀਕਲੀ, ਸਾਡੇ ਲੋਕ ਸਪਤਾਹਿਕ ਯੂਐਸਏ ਆਦਿ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਖਬਾਰਾਂ ਵਿਚ ਉਸਦੀਆਂ ਰਚਨਾਵਾਂ ਛਪਦੀਆਂ ਹਨ। ਮਨਜੀਤ ਦਾ ਕਹਿਣਾ ਹੈ ਕਿ ਬੇਸ਼ਕ ਉਹਨੂੰ ਬਹੁਤ ਸਾਰੇ ਸਾਂਝੇ ਸੰਗ੍ਰਹਿ ਵਿਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਪਰ ਇਸ ਦੇ ਨਾਲ ਹੀ ਉਹ ਹੁਣ ਆਪਣੀ ਪੁਸਤਕ ਲਈ ਤਿਆਰੀ ਕਰ ਰਹੀ ਹੈ। ਰੱਬ ਦੀ ਮਿਹਰ ਨਾਲ ਉਹਦਾ ਇਹ ਸੁਪਨਾ ਜਲਦੀ ਹੀ ਪੂਰਾ ਹੋਵੇਗਾ।

ਸਾਡਾ ਅੱਜ ਦਾ ਪੰਜਾਬੀ ਸੱਭਿਆਚਾਰ ਕਿੱਧਰ ਨੂੰ ਜਾ ਰਿਹਾ ਹੈ? ਇਸ ਬਾਰੇ ਗਾਇਕਾਂ ਅਤੇ ਲੇਖਕਾਂ ਨੂੰ ਕੀ ਕਹਿਣਾ ਚਾਹੋਗੇ ਮਨਜੀਤ?
ਪੁੱਛਣ ਤੇ ਮਨਜੀਤ ਨੇ ਕਿਹਾ ਕਿ ਮੈਂ ਤਾਂ ਸੱਭ ਨੂੰ ਇਹੀ ਕਹਿਣਾ ਚਾਹਵਾਂਗੀ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ, ਸਾਨੂੰ ਲੱਚਰਤਾ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਿਰਪੱਖ ਹੋ ਕੇ ਮਾਂ ਬੋਲੀ ਦੀ ਸੇਵਾ ਕਰਨੀ ਚਾਹੀਦੀ ਹੈ , ਉਹ ਅੱਗੇ ਕਹਿੰਦੀ ਹੈ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ ,ਇਸ ਵਿੱਚ ਗੁਰੂਆਂ ਦੀ ਬਾਣੀ ਦਾ ਰਸ ਹੈ, ਵਰਿਸ਼ ਸ਼ਾਹ ਦੀ ਹੀਰ ਹੈ, ਬੁੱਲ੍ਹੇ ਸ਼ਾਹ ਦੀ ਮਸਤੀ ਹੈ, ਸ਼ਿਵ ਦਾ ਦਰਦ ਹੈ। ਅੰਮ੍ਰਿਤਾ ਪ੍ਰੀਤਮ ਦਾ ਵਾਰਿਸ਼ ਸ਼ਾਹ ਨੂੰ ਮਿਹਣਾ ਹੈ।
ਕਰੋਨਾ ਦੇ ਸਮੇਂ ਮਨਜੀਤ ਆਪਣੀ ਕਵਿਤਾ ‘ਅਰਦਾਸ’ ਵਿੱਚ ਲਿਖਦੀ ਹੈ:
ਰੱਬਾ ਰੱਬਾ ਰਹਿਮਤਾਂ ਦਾ ਮੀਂਹ ਵਰ੍ਹਸਾ,
ਮੁੱਕ ਚੱਲੇ ਅਸੀਂ ਹੱਥ ਦੇ ਤੂੰ ਬਚਾ।
ਗਲਤੀਆਂ ਗੁਨਾਹਾਂ ਨਾਲ ਭਰੇ ਹੋਏ ਹਾਂ,
ਸਾਡੀਆਂ ਭੁੱਲਾਂ ਨੂੰ ਆਪੇ ਤੂੰ ਬਖਸ਼ਾ।

ਮਨਜੀਤ ਨੇ ਬਹੁਤ ਸਾਰੇ ਸਮਾਜਿਕ ਵਿਸ਼ਿਆ ਤੇ ਆਪਣੀ ਕਲਮ ਚਲਾਈ ਹੈ ਜਿਵੇਂ:- ਨਸ਼ੇ,ਰਿਸ਼ਤੇ,ਪਿਆਰ ,ਵਿਛੋੜਾ, ਧੀਆ ਦੇ ਦਰਦ, ਗਰੀਬਾਂ ਦੇ ਹੱਕ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਸਿਫ਼ਤ, ਪੁੱਤਾਂ ਦਾ ਮਾਪਿਆਂ ਪ੍ਰਤੀ ਨਿਰਮੋਹੇ ਹੋਣਾ ਆਦਿ।
ਮਨਜੀਤ ਲਿਖਦੀ ਹੈ:

ਜੋਕਰ ਜਿਹਾ ਬਣ ਜਾਵਾਂ ਮੈਂ,
ਸੱਭ ਨੂੰ ਖੂਬ ਹਸਾਵਾਂ ਮੈਂ।
ਗ਼ਮਾਂ ਵਾਲ਼ੇ ਢੋਅ ਕੇ ਬੂਹੇ,
ਸਾਰੇ ਦੁੱਖ ਭੁਲਾਵਾਂ ਮੈਂ।

ਮਨਜੀਤ ਅੱਜ ਕੱਲ੍ਹ ਲਿਖੀ ਜਾਂ ਗਾਈ ਜਾ ਰਹੀ ਅਸ਼ਲੀਲਤਾ ਤੋਂ ਬਹੁਤ ਦੁਖੀ ਹੁੰਦੀ ਹੈ ਤੇ ਇਹੀ ਅਰਦਾਸ ਕਰਦੀ ਹੈ ਕਿ ਸਾਡੇ ਸੱਭਿਆਚਾਰ ਤੇ ਸਾਡੀ ਮਾਂ ਬੋਲੀ ਵਿੱਚ ਇਹ ਅਸ਼ਲੀਲਤਾ ਨਾਂ ਪਰੋਸੀ ਜਾਵੇ। ਓਹ ਸਾਰੇ ਲੇਖਕਾਂ ਤੇ ਵਿਦਵਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਮਹਾਨ ਸੱਭਿਆਚਾਰ ਨੂੰ ਸੰਭਾਲੋ਼। ਚੰਗਾ ਲਿਖੋ ਤੇ ਚੰਗਾ ਗਾਓ।

ਆਪਣੇ ਬਾਰੇ ਓਹ ਕਹਿੰਦੀ ਹੈ ਕਿ ਮੈਂ ਹਮੇਸ਼ਾ ਅਪਣੀ ਮਾਂ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰਹਾਂਗੀ। ਇਸਦੇ ਨਾਲ ਹੀ ਮਨਜੀਤ ਆਪਣੇ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿਹਨਾਂ ਨੇ ਰੱਜ ਰੱਜ ਕੇ ਦੁਆਵਾਂ ਦਿੱਤੀਆਂ ਹਨ, ਇੱਕ ਪਰਿਵਾਰ ਬਣ ਕੇ ਉਸਨੂੰ ਅੱਗੇ ਵਧਾਇਆ ਹੈ ਤੇ ਉਸਦੀਆਂ ਲਿਖਤਾਂ ਨੂੰ ਐਨਾ ਪਿਆਰ ਤੇ ਮਾਣ ਬਖਸ਼ਿਆ ਹੈ।

ਜਿਸ ਦ੍ਰਿੜਤਾ ਅਤੇ ਸੁਹਿਰਦਤਾ ਨਾਲ਼ ਇਹ ਕਲਮ ਪੱਕੇ ਪੈਰੀਂ ਪੰਜਾਬੀ ਸੱਭਿਆਚਾਰ ਅਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ,ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਬੀਬਾ ਜੀ ਪੰਜਾਬੀ ਸਾਹਿਤ ਦੇ ਹਰ ਰੂਪ ਵਿਚ ਰਚਨਾਵਾਂ ਲਿਖਦੇ ਹਨ ਲੇਖ, ਕਹਾਣੀਆਂ, ਮਿੰਨੀ ਕਹਾਣੀਆਂ, ਕਵਿਤਾਵਾਂ ਤੇ ਗੀਤ ਬਹੁਤ ਉੱਚ ਪੱਧਰ ਦੇ ਹੁੰਦੇ ਹਨ ਉਸਤੋਂ ਆਉਣ ਵਾਲੇ ਕੱਲ੍ਹ ਦੀਆਂ ਖੂਬ ਸੰਭਾਵਨਾਵਾਂ ਅਤੇ ਉਮੀਦਾਂ ਹਨ। ਮੇਰੀਆਂ ਢੇਰ ਸਾਰੀਆਂ ਦੁਆਵਾਂ ਅਤੇ ਸ਼ੁੱਭ ਕਾਮਨਾਵਾਂ ਹਨ, ਇਸ ਹੋਣਹਾਰ ਕਲਮ ਨਾਲ।

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤੀ ਭਾਈ ਲਾਲੋ
Next articleਤਕਨਾਲੋਜੀ ਦਾ ਦੁਰਉਪਯੋਗ