ਸੋਲਾਂ ਸਾਲ ਦੇ ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਐਤਵਾਰ ਨੂੰ ਇੱਥੇ ਸਵੇਰੇ ਸੈਸ਼ਨ ਦੇ ਅੱਜ ਸ਼ੁਰੂਆਤੀ ਮੁਕਾਬਲੇ ਦੌਰਾਨ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਦੁਨੀਆਂ ਦੇ ਵੱਡੇ ਵੱਡੇ ਖਿਡਾਰੀਆਂ ਦੀ ਮੌਜੂਦਗੀ ਵਿੱਚ ਵਿਸ਼ਵ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ ਹੈ ਅਤੇ ਦੇਸ਼ ਦੇ ਲਈ ਟੋਕੀਓ ਓਲੰਪਿਕ ਦਾ ਤੀਜਾ ਕੋਟਾ ਯਕੀਨੀ ਬਣਾਇਆ ਹੈ। ਇਸ ਦੇ ਨਾਲ ਹੀ ਮਨੂ ਭਾਰਕ ਨੇ ਨਿਰਾਸ਼ ਕੀਤਾ ਹੈ। ਸੌਰਭ (16 ਸਾਲ) ਨੇ ਪੁਰਸ਼ ਵਰਗ ਦੇ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਨੇ ਕੁੱਲ 245 ਅੰਕ ਹਾਸਲ ਕੀਤੇ ਹਨ। ਸਰਬੀਆ ਦੇ ਦਾਮੀ ਮਿਕੇਚ 239.3 ਅੰਕਾਂ ਦੇ ਸਕੋਰ ਨਾਲ ਦੂਜੇ ਉੱਤੇ ਆਇਆ ਅਤੇ ਚੀਨ ਦੇ ਵੇਈ ਪਾਂਗ ਨੇ ਕਾਂਸੀ ਦੇ ਤਗਮਾ ਹਾਸਲ ਕੀਤਾ ਅਤੇ ਉਸਨੇ 215.2 ਅੰਕ ਹਾਸਲ ਕੀਤੇ। ਚੌਧਰੀ ਨੇ ਭਾਰਤ ਨੂੰ ਵਿਸ਼ਵ ਕੱਪ ਦੇ ਵਿੱਚ ਦੂਜਾ ਸੋਨ ਤਗਮਾ ਜਿਤਾਇਆ ਹੈ।ਕੁਆਲੀਫਾਈਂਗ ਵਿੱਚ ਸਿਖਰ ਉੱਤੇ ਰਹੀ ਮਨੂੰ ਭਾਕਰ ਚੰਗੀ ਸ਼ੁਰੂਆਤ ਦੇ ਬਾਵਜੂਦ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੰਜਵੇਂ ਸਥਾਨ ਉੱਤੇ ਰਹੀ। ਸੌਰਭ ਨੇ ਅੱਠ ਪੁਰਸ਼ਾਂ ਦੇ ਫਾਈਨਲ ਵਿਚ ਆਪਣਾ ਦਬਦਬਾ ਬਣਾਇਆ। ਉਹ ਚਾਂਦੀ ਦਾ ਤਗ਼ਮਾ ਜੇਤੂ ਤੋਂ 5.7 ਅੰਕ ਅੱਗੇ ਰਿਹਾ। ਇਸ ਤਰ੍ਹਾਂ ਉਸਨੇ ਆਖ਼ਰੀ ਕੋਸ਼ਿਸ਼ ਤੋਂ ਪਹਿਲਾਂ ਹੀ ਸੋਨ ਤਗ਼ਮਾ ਨਿਸਚਿਤ ਕਰ ਲਿਆ ਸੀ। ਚੰਗੀ ਸ਼ੁਰੂਆਤ ਦੇ ਬਾਵਜੂਦ ਸੌਰਭ ਪਹਿਲੀ ਸੀਰੀਜ਼ ਤੋਂ ਬਾਅਦ ਸਰਬਿਆਈ ਨਿਸ਼ਾਨੇਬਾਜ਼ ਦੇ ਨਾਲ ਬਰਾਬਰੀ ਉੱਤੇ ਸੀ। ਦੂਜੀ ਸੀਰੀਜ਼ ਵਿੱਚ ਵੀ ਇਸ ਚੈਂਪੀਅਨ ਨਿਸ਼ਾਨੇਬਾਜ਼ ਨੇ ਚੰਗੀ ਫਰਮ ਨੂੰ ਜਾਰੀ ਰੱਖਿਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਦੇ ਵਿੱਚ ਅਭਿਸ਼ੇਕ ਵਰਮਾ, ਰਵਿੰਦਰ ਸਿੰਘ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। ਇਨ੍ਹਾਂ ਦੋਨਾਂ ਨੇ ਕੁਆਲੀਫਿਕੇਸ਼ਨ ਗੇੜ ਦੇ ਵਿੱਚ 576 ਅੰਕਾਂ ਦਾ ਸਕੋਰ ਬਣਾਇਆ।ਦਿਨ ਦਾ ਆਖ਼ਰੀ ਮੁਕਾਬਲਾ ਮਹਿਲਾਵਾਂ ਦੇ 25 ਮੀਟਰ ਪਿਸਟਲ ਦਾ ਸੀ। ਇਸ ਦੇ ਵਿੱਚ ਹੰਗਰੀ ਦੀ ਵੇਰੋਨਿਕਾ ਮੇਜਰ ਨੇ ਕੁੱਲ 40 ਦਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤ ਲਿਆ ਹੈ।ਚੀਨ ਦੀ ਜ਼ਿੰਗ ਜ਼ਿੰਗ ਝਾਂਗ ਦੂਜੇ ਅਤੇ ਇਰਾਨ ਦੀ ਹਨੀਆ ਰੋਸਤਾਮੀਆ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਹੰਗਰੀ ਅਤੇ ਚੀਨ ਨੂੰ ਓਲੰਪਿਕ ਕੋਟਾ ਮਿਲਿਆ ਹੈ। ਇਸ ਮੁਕਾਬਲੇ ਵਿੱਚ ਭਾਰਤ ਦੀ ਮਨੂੰ ਸਿੰਘ ਸੱਤਵੇਂ ਸਥਾਨ ਉੱਤੇ ਆਈ ਹੈ।
Sports ਨਿਸ਼ਾਨੇਬਾਜ਼ੀ: ਸੌਰਭ ਨੇ ਸੋਨ ਤਗ਼ਮਾ ਜਿੱਤ ਕੇ ਓਲੰਪਿਕ ਕੋਟਾ ਹਾਸਲ ਕੀਤਾ