(ਸਮਾਜ ਵੀਕਲੀ)
ਗੁਰੂ ਨਾਨਕ ਹੈ ਸਭ ਦਾ ਪਿਆਰਾ
ਪਿਤਾ ਕਾਲੂ ਤੇ ਮਾਂ ਤ੍ਰਿਪਤਾ ਦਾ ਜਾਇਆ
ਮਿਟ ਗਈ ਧੁੰਦ ਸੀ ਪਾਪਾਂ ਵਾਲੀ
ਜਦ ਜੱਗ ਨੂੰ ਇਲਾਹੀ ਦਰਸ ਦਿਖਾਇਆ।
ਮਿਟਾ ਕੇ ਵਹਿਮਾਂ ਵਾਲੇ ਸਬਕ ਸੀ
ਬਾਲ ਨਾਨਕ ਨੇ ਪਾਂਧੇ ਤਾਈਂ ਪੜ੍ਹਾਇਆ
ਅੱਜ ਵਹਿਮਾਂ ਭਰਮਾਂ ਵਾਲ਼ੇ ਚੋਲੇ ਪਾ ਕੇ
ਬਾਬੇ ਨਾਨਕ ਦਾ ਹੈ ਸਬਕ ਭੁਲਾਇਆ
ਜਾਤ ਧਰਮ ਦੇ ਝਗੜੇ ਮਿਟਾਕੇ ਜਦ
ਪਾਠ ਸੀ ਉਸ ਨੇ ਏਕੇ ਵਾਲਾ ਪੜ੍ਹਾਇਆ
ਅੱਜ ਧਰਮਾਂ ਦੇ ਠੇਕੇਦਾਰਾਂ ਨੇ, ਵੰਡੀਆਂ ਪਾ
ਧਰਮ ਦੇ ਨਾਂ ਤੇ ਸਭ ਨੂੰ ਵੰਡ ਦਿਖਾਇਆ
ਮਿਟਾ ਕੇ ਹਨੇਰਾ ਅਗਿਆਨਤਾ ਦਾ ਸੀ
ਬਾਬੇ ਨਾਨਕ ਨੇ ਸਾਰਾ ਜੱਗ ਰੁਸ਼ਨਾਇਆ
ਵੀਹ ਰੁਪਿਆਂ ਦਾ ਜਦ ਕੀਤਾ ਸੌਦਾ ਸੱਚਾ
ਭੁੱਖੇ ਸਾਧੂਆਂ ਤਾਈਂ ਸੀ ਲੰਗਰ ਛਕਾਇਆ
ਸਾਰਾ ਜੱਗ ਸੀ ਬਾਬੇ ਨੇ ਰੋਸ਼ਨ ਕੀਤਾ
ਜਦ ਉਸ ਚੱਕਰ ਉਦਾਸੀ ਵਾਲਾ ਲਾਇਆ
ਬਾਬਿਆਂ ਨੇ ਵਿਦੇਸ਼ੀਂ ਘੁੰਮ ਘੁੰਮ ਕੇ ਅੱਜ
ਕਿਹੋ ਜਿਹਾ ਹੈ ਸਭ ਪਾਸੇ ਹਨ੍ਹੇਰ ਫੈਲਾਇਆ ?
ਲਾਲੋ ਦੀ ਰੁੱਖੀ ਸੁੱਖੀ ਖਾ ਕੇ ਜਦ ਤੂੰ
ਭਾਗੋ ਦੀ ਅਮੀਰੀ ਨੂੰ ਸੀ ਠੁਕਰਾਇਆ
ਅੱਜ ਦੇ ਹਾਕਮ ਕਰਨ ਦਾਵਤਾਂ
ਸੱਚ ਦੇ ਖ਼ਿਲਾਫ਼ ਹੈ ਸਭ ਨੂੰ ਖੜ੍ਹਾਇਆ
ਵੰਡ ਕੇ ਖਾਓ,ਪ੍ਰੀਤਾਂ ਪਾਓ, ਨਾਨਕ ਨੇ
ਐਸਾ ਸੀ ਸਬਕ ਏੇਕੇ ਦਾ ਸਿਖਾਇਆ
ਵੰਡੀਆਂ ਪਾਓ ,ਦੰਗੇ ਕਰਵਾਓ
ਪਖੰਡੀਆਂ ਨੇ ਅੱਜ ਰਾਹ ਅਪਣਾਇਆ
ਮੂਰਤੀ ਪੂਜਾ ਦਾ ਖੰਡਨ ਕਰਕੇ
ਸ਼ਬਦ ਗੁਰੂ ਨਾਲ ਸੀ ਜੁੜਨਾ ਸਿਖਾਇਆ
ਅੱਜ ਫੋਟੋਆਂ ਨੂੰ ਮੱਥੇ ਟੇਕਣ ਨਾਲ਼ੇ
ਧੂਫ਼ ਧੁਖਾ ਧੁਖਾ ਉੱਤੇ ਹਾਰ ਵੀ ਚੜ੍ਹਾਇਆ
ਹਿੰਦੂ ਮੁਸਲਿਮ ਦਾ ਫਰਕ ਮਿਟਾ ਕੇ
ਮਰਦਾਨੇ ਨੂੰ ਆਪਣਾ ਸਾਥੀ ਬਣਾਇਆ
ਇਸੇ ਲਈ ਉਹ ਹਿੰਦੂਆਂ ਦਾ ਗੁਰੂ ਤੇ
ਪੀਰ ਮੁਸਲਮਾਨਾਂ ਦਾ ਸੀ ਅਖਵਾਇਆ
ਸੱਚ ਮਿਟਾਉਣ ਦੀ ਖਾਤਰ ਹਾਕਮਾਂ ਨੇ
ਕੌਮੀ ਗਦਾਰਾਂ ਨੂੰ ਹੈ ਗਲ਼ ਨਾਲ ਲਾਇਆ
ਬਾਬੇ ਨਾਨਕ ਦੇ ਭਗਤ ਕਹਾਵਣ
ਚੋਰਾਂ ਨੂੰ ਸੱਦ-ਸੱਦ ਗੱਦੀਆਂ ਤੇ ਬਿਠਾਇਆ
ਬਣ ਕੇ ਸੱਚੇ ਮੁਰੀਦ ਬਾਬੇ ਦੇ ਜਿਸ ਨੇ
ਉਸ ਦੇ ਸਬਕ ਨੂੰ ਹੈ ਦਿਲੋਂ ਅਪਣਾਇਆ
ਪੜ੍ਹ ਬਾਣੀ ਰੱਟੇ ਲਾਕੇ ਨਾ ਰੱਬ ਥਿਆਇਆ
ਲੱਭਿਆ ਜਿਸ ਨੇ ਦਿਲ ਦੇ ਵਿੱਚ ਵਸਾਇਆ!
ਸਾਰੇ ਜਗ ਨੂੰ ਸਿੱਧੇ ਰਸਤੇ ਪਾਇਆ
ਆਪਣੇ ਆਪ ਨੂੰ ਜਗਤ ਗੁਰੂ ਕਹਾਇਆ
ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ
ਦੱਸੋ ਕਿਸ ਕਿਸ ਨੇ ਹੈ ਦਿਲੋਂ ਅਪਣਾਇਆ?
ਬਰਜਿੰਦਰ ਕੌਰ ਬਿਸਰਾਓ
ਸੰਪਰਕ -9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly