ਵੈਸ਼ਨੋ ਦੇਵੀ ਮੰਦਿਰ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਭਰੀ ਇਕ ਬੱਸ ਅੱਜ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਜੰਮੂ-ਪਠਾਨਕੋਟ ਸ਼ਾਹਰਾਹ ’ਤੇ ਪਲਟ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 24 ਜਣੇ ਜ਼ਖ਼ਮੀ ਹੋ ਗਏ।
ਪੁਲੀਸ ਅਨੁਸਾਰ ਗੁਜਰਾਤ ਤੋਂ ਆਏ ਇਹ ਸ਼ਰਧਾਲੂ ਵੈਸ਼ਨੋ ਦੇਵੀ ਮੰਦਿਰ ’ਚ ਮੱਥਾ ਟੇਕ ਕੇ ਪਰਤ ਰਹੇ ਸਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਜਾ ਰਹੇ ਸਨ। ਇਸ ਦੌਰਾਨ ਦਿਆਲਾ ਚੈੱਕ ਨੇੜੇ ਰਸਤੇ ’ਚ ਸੜਕ ਪਾਰ ਕਰ ਰਹੇ ਇਕ ਨੌਜਵਾਨ ਨੂੰ ਬਚਾਉਂਦੇ ਸਮੇਂ ਚਾਲਕ ਦਾ ਬੱਸ ’ਤੇ ਕੰਟਰੋਲ ਨਾ ਰਿਹਾ ਤੇ ਡਿਵਾਈਡਰ ਨਾਲ ਟਕਰਾ ਕੇ ਬੱਸ ਪਲਟ ਗਈ। ਹਾਦਸਾ ਹੁੰਦੇ ਹੀ ਸਥਾਨਕ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਤੁਰੰਤ ਜ਼ਖ਼ਮੀਆਂ ਨੂੰ ਬੱਸ ’ਚੋਂ ਬਾਹਰ ਕੱਢ ਕੇ ਪੁਲੀਸ ਦੀ ਮੱਦਦ ਨਾਲ ਕਠੂਆ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿਨ੍ਹਾਂ ਵਿੱਚੋਂ 18 ਜਣਿਆਂ ਨੂੰ ਬਾਅਦ ਵਿੱਚ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਪਹੁੰਚਣ ’ਤੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ ਰਮੀਲਾ ਬੇਨ ਤੇ ਮੀਨਾ ਵਾਸੀਆਨ ਸੁਰਤ (ਗੁਜਰਾਤ) ਵਜੋਂ ਹੋਈ ਹੈ। ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ।
INDIA ਵੈਸ਼ਨੋ ਦੇਵੀ ਤੋਂ ਪਰਤ ਰਹੀ ਬੱਸ ਪਲਟੀ; ਦੋ ਹਲਾਕ