ਠੰਢ ਨੇ ਜਿੱਥੇ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਲਗਾਤਾਰ ਪੈ ਰਹੀ ਬਰਫ ਨੇ ਆਮ ਜੀਵਨ ਲੀਹ ਤੋਂ ਲਾਹ ਰੱਖਿਆ ਹੈ। ਮੌਸਮ ਵਿਭਾਗ ਨੇ ਭਲਕੇ ਪੰਜਾਬ ਤੇ ਹਰਿਆਣਾ ’ਚ ਮੀਂਹ ਜਦਕਿ ਹਿਮਾਚਲ ਤੇ ਜੰਮੂ ਕਸ਼ਮੀਰ ’ਚ ਭਾਰੀ ਬਰਫਬਾਰੀ ਦੀ ਪੇਸ਼ੀਨਗੋਈ ਹੈ। ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ’ਚ ਵਧੀ ਠੰਢ ਦੌਰਾਨ ਨਾਰਨੌਲ ਘੱਟੋ-ਘੱਟ 3.5 ਡਿਗਰੀ ਤਾਪਮਾਨ ਨਾਲ ਇਸ ਖੇਤਰ ਦਾ ਸਭ ਤੋਂ ਠੰਢਾ ਇਲਾਕਾ ਰਿਹਾ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ’ਚ ਘਟੋ-ਘੱਟ ਤਾਪਮਾਨ 4 ਡਿਗਰੀ, ਪਟਿਆਲਾ ਦਾ 7.4 ਤੇ ਲੁਧਿਆਣਾ ਦਾ ਘਟੋ-ਘੱਟ ਤਾਪਮਾਨ 7.7 ਡਿਗਰੀ ਰਿਹਾ। ਇਸੇ ਤਰ੍ਹਾਂ ਹਰਿਆਣਾ ਦੇ ਕਰਨਾਲ ਦਾ ਘਟੋ-ਘੱਟ ਤਾਪਮਾਨ 5.2 ਤੇ ਹਿਸਾਰ ਦਾ ਘਟੋ-ਘੱਟ ਤਾਪਮਾਨ 5.7 ਡਿਗਰੀ ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਘਟੋ-ਘੱਟ 5.5 ਡਿਗਰੀ ਰਿਹਾ। ਮੌਸਮ ਵਿਭਾਗ ਨੇ ਕਈ 6 ਜਨਵਰੀ ਨੂੰ ਕਈ ਥਾਵਾਂ ’ਤੇ ਬੱਦਲਵਾਈ ਦੇ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਤਰ੍ਹਾਂ ਅੱਜ ਤਾਜ਼ਾ ਬਰਫਬਾਰੀ ਮਗਰੋਂ ਹਿਮਾਚਲ ਪ੍ਰਦੇਸ਼ ’ਚ ਕਿਲੌਂਗ ਮਨਫੀ 7 ਡਿਗਰੀ ਨਾਲ ਸਭ ਤੋਂ ਠੰਢਾ ਇਲਾਕਾ ਰਿਹਾ। ਸ਼ਿਮਲਾ ’ਚ ਹਾਲਾਂਕਿ ਅੱਜ ਕੋਈ ਬਰਫ ਨਹੀਂ ਪਈ। ਹਿਮਾਚਲ ਦੇ ਕਲਪਾ ’ਚ ਘੱਟੋ-ਘੱਟ ਤਾਪਮਾਨ ਮਨਫੀ 2 ਡਿਗਰੀ, ਡਲਹੌਜ਼ੀ ’ਚ 1.1 ਤੇ ਕੁਫਰੀ ’ਚ 0.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਕਸ਼ਮੀਰ ’ਚ ਅੱਜ ਵੀ ਬਰਫਬਾਰੀ ਹੋਈ ਹੈ ਤੇ ਮੌਸਮ ਵਿਭਾਗ ਅਨੁਸਾਰ ਇਸ ਵਾਰ ਪਿਛਲੇ ਕਈ ਸਾਲਾਂ ਮੁਕਾਬਲੇ ਕਾਫੀ ਜ਼ਿਆਫਾ ਬਰਫ ਪਈ ਹੈ। ਸ੍ਰੀਨਗਰ ’ਚ ਅੱਜ ਘੱਟੋ ਘੱਟ ਤਾਪਮਾਨ ਮਨਫੀ 3.2 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਉੱਤਰਾਖੰਡ ਦੇ ਰੁਦਰਪ੍ਰਯਾਗ ਸਥਿਤ ਕੇਦਾਰਨਾਥ ਤੇ ਚਮੋਲੀ ਜ਼ਿਲ੍ਹੇ ’ਚ ਸਥਿਤ ਬਦਰੀਨਾਥ ’ਚ ਵੀ ਭਾਰੀ ਬਰਫਬਾਰੀ ਹੋਈ ਹੈ।