ਨਵੀਂ ਦਿੱਲੀ, (ਸਮਾਜ ਵੀਕਲੀ) : ਇਥੋਂ ਦੀ ਇਕ ਅਦਾਲਤ ਨੇ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਧਰ ਦਿੱਲੀ ਪੁਲੀਸ ਨੇ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਦੇ ਨੇੜਲੇ ਸਾਥੀ ਹਾਮਿਦ ਅਲੀ (54) ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਮੀ ਰਾਜਧਾਨੀ ਵਿੱਚ ਵੱਖ ਵੱਖ ਟਿਕਾਣਿਆਂ ’ਤੇ ਮਾਰੇ ਛਾਪਿਆਂ ਮਗਰੋਂ ਅੱਜ ਏਸੀਬੀ ਨੇ ਤਿੰਨ ਕੇਸ ਦਰਜ ਕੀਤੇ ਹਨ। ੲੇਸੀਬੀ ਨੇ ਦਿੱਲੀ ਵਕਫ਼ ਬੋਰਡ ਭਰਤੀ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਬੀਤੇ ਦਿਨੀਂ ਓਖਲਾ ਤੋਂ ਵਿਧਾਇਕ ਅਮਾਨਤਉੱਲ੍ਹਾ ਨੂੰ ਗ੍ਰਿਫ਼ਤਾਰ ਕੀਤਾ ਸੀ। ਏਸੀਬੀ ਨੇ ਅਮਾਨਤਉੱਲ੍ਹਾ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਉਸ ਦੀ ਸਿਰਫ਼ ਚਾਰ ਦਿਨ ਦੀ ਹਿਰਾਸਤ ਦਿੱਤੀ।
ਉਧਰ ਦੱਖਣ-ਪੂਰਬ ਜ਼ਿਲ੍ਹਾ ਪੁਲੀਸ ਨੇ ‘ਆਪ’ ਵਿਧਾਇਕ ਦੇ ਸਾਥੀਆਂ ਹਾਮਿਦ ਅਲੀ ਅਤੇ ਕੌਸਰ ਇਮਾਮ ਸਿੱਦੀਕ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ। ਤੀਜਾ ਕੇਸ ਛਾਪਾ ਮਾਰਨ ਗਈ ਏਸੀਬੀ ਦੀ ਟੀਮ ਨੂੰ ਰੋਕ ਕੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਨਾਲ ਸਬੰਧਤ ਹੈ। ਏਸੀਬੀ ਨੇ ਅਲੀ ਦੇ ਟਿਕਾਣੇ ’ਤੇ ਛਾਪਾ ਮਾਰ ਕੇ ਇੱਕ ਨਾਜਾਇਜ਼ ਹਥਿਆਰ, ਕੁੱਝ ਕਾਰਤੂਸ ਅਤੇ 12 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਪੁਲੀਸ ਵੱਲੋਂ ਅਲੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਕੌਸਰ ਇਮਾਮ ਖ਼ਿਲਾਫ਼ ਵੀ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਹੋਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਪਰ ਉਹ ਫ਼ਰਾਰ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly